ਸੋਨੂੰ ਨਿਗਮ ਦੇ ਪਿਤਾ ਘਰ 72 ਲੱਖ ਰੁਪਏ ਦੀ ਚੋਰੀ, ਇਸ ਸ਼ਖ਼ਸ ’ਤੇ ਜਤਾਇਆ ਸ਼ੱਕ

Thursday, Mar 23, 2023 - 03:08 PM (IST)

ਸੋਨੂੰ ਨਿਗਮ ਦੇ ਪਿਤਾ ਘਰ 72 ਲੱਖ ਰੁਪਏ ਦੀ ਚੋਰੀ, ਇਸ ਸ਼ਖ਼ਸ ’ਤੇ ਜਤਾਇਆ ਸ਼ੱਕ

ਮੁੰਬਈ (ਬਿਊਰੋ)– ਕਲਾਕਾਰਾਂ ਦੇ ਘਰਾਂ ’ਚ ਚੋਰੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਹਾਲ ਹੀ ’ਚ ਸਾਊਥ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਖ਼ਬਰ ਹੈ ਕਿ ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਪਿਤਾ ਦੇ ਘਰ ਵੀ ਚੋਰੀ ਹੋਈ ਹੈ। ਸੋਨੂੰ ਦੇ ਪਿਤਾ ਦੇ ਘਰ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ।

ਖ਼ਬਰਾਂ ਮੁਤਾਬਕ ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਦੇ ਘਰੋਂ 72 ਲੱਖ ਰੁਪਏ ਚੋਰੀ ਹੋ ਗਏ ਹਨ। ਘਰ ’ਚੋਂ ਇੰਨੀ ਵੱਡੀ ਰਕਮ ਚੋਰੀ ਹੋਣ ਤੋਂ ਬਾਅਦ ਹੁਣ ਨਿਗਮ ਪਰਿਵਾਰ ਚਿੰਤਾ ’ਚ ਹੈ। ਇਸ ਦੇ ਨਾਲ ਹੀ ਇਸ ਮਾਮਲੇ ’ਚ ਸੋਨੂੰ ਦੇ ਪਿਤਾ ਅਗਮ ਨੂੰ ਸ਼ੱਕ ਹੈ ਕਿ ਘਰ ’ਚ ਕੰਮ ਕਰਨ ਵਾਲੇ ਨੌਕਰ ਨੇ ਪੈਸੇ ਚੋਰੀ ਕੀਤੇ ਹਨ। ਇਸ ਮਾਮਲੇ ’ਚ ਸੋਨੂੰ ਦੇ ਪਰਿਵਾਰ ਦੀ ਤਰਫੋਂ ਗਾਇਕ ਦੀ ਛੋਟੀ ਭੈਣ ਨਿਕਿਤਾ ਨੇ ਬੁੱਧਵਾਰ ਨੂੰ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਸ਼ੁੱਭ ’ਤੇ ਕੱਢੀ ਕੰਗਨਾ ਰਣੌਤ ਨੇ ਭੜਾਸ, ਆਖ ਦਿੱਤੀ ਇਹ ਗੱਲ

ਖ਼ਬਰਾਂ ਮੁਤਾਬਕ ਸੋਨੂੰ ਦੇ ਪਿਤਾ ਦੇ ਘਰ ਦੇ ਬਜ਼ੁਰਗ ਡਰਾਈਵਰ ਰੇਹਾਨ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੋਨੂੰ ਦੇ ਪਿਤਾ ਅੰਧੇਰੀ ਵੈਸਟ ਦੇ ਓਸ਼ੀਵਾੜਾ ’ਚ ਵਿੰਡਸਰ ਗ੍ਰੈਂਡ ਬਿਲਡਿੰਗ ’ਚ ਰਹਿੰਦੇ ਹਨ। ਉਸ ਨੇ ਪੁਲਸ ਨੂੰ ਦੱਸਿਆ ਹੈ ਕਿ 19 ਮਾਰਚ ਤੋਂ 20 ਮਾਰਚ ਦਰਮਿਆਨ ਉਸ ਦੇ ਘਰ ਚੋਰੀ ਦੀ ਘਟਨਾ ਵਾਪਰੀ ਸੀ। ਸ਼ਿਕਾਇਤ ਅਨੁਸਾਰ ਰੇਹਾਨ ਅੱਠ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਉਸ ਦੀ ਕਾਰਗੁਜ਼ਾਰੀ ਖ਼ਰਾਬ ਹੋਣ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹੁਣ ਉਹ ਚੋਰੀ ਦੇ ਮਾਮਲੇ ’ਚ ਸ਼ੱਕ ਦੇ ਘੇਰੇ ’ਚ ਹੈ।

ਪੁਲਸ ਮੁਤਾਬਕ ਅਗਮ ਕੁਮਾਰ ਦੁਪਹਿਰ ਦੇ ਖਾਣੇ ਲਈ ਵਰਸੋਵਾ ਇਲਾਕੇ ’ਚ ਨਿਕਿਤਾ ਦੇ ਘਰ ਗਿਆ ਸੀ ਤੇ ਕੁਝ ਦੇਰ ਬਾਅਦ ਵਾਪਸ ਆ ਗਿਆ। ਸ਼ਾਮ ਨੂੰ ਉਸ ਨੇ ਆਪਣੀ ਲੜਕੀ ਨੂੰ ਫੋਨ ਕਰਕੇ ਦੱਸਿਆ ਕਿ ਲੱਕੜ ਦੀ ਅਲਮਾਰੀ ’ਚ ਰੱਖੇ ਡਿਜੀਟਲ ਲਾਕਰ ’ਚੋਂ 40 ਲੱਖ ਰੁਪਏ ਗਾਇਬ ਹਨ। ਅਗਲੇ ਦਿਨ ਅਗਮ ਕੁਮਾਰ ਵੀਜ਼ਾ ਸਬੰਧੀ ਕਿਸੇ ਕੰਮ ਲਈ ਆਪਣੇ ਲੜਕੇ ਦੇ ਘਰ ਗਿਆ ਤੇ ਸ਼ਾਮ ਨੂੰ ਵਾਪਸ ਆ ਕੇ ਦੇਖਿਆ ਤਾਂ ਲਾਕਰ ’ਚੋਂ 32 ਲੱਖ ਰੁਪਏ ਗਾਇਬ ਸਨ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ’ਤੇ ਦੇਖਿਆ ਗਿਆ ਕਿ ਉਸ ਦਾ ਸਾਬਕਾ ਡਰਾਈਵਰ ਰੇਹਾਨ ਦੋਵੇਂ ਦਿਨ ਬੈਗ ਲੈ ਕੇ ਉਨ੍ਹਾਂ ਦੇ ਫਲੈਟ ਵੱਲ ਜਾ ਰਿਹਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News