700 ਕਰੋੜ ਬਜਟ ਤੇ 5ਡੀ ਵਾਲੀ ਪਹਿਲੀ ਭਾਰਤੀ ਫ਼ਿਲਮ ਹੋਵੇਗੀ ‘ਮਹਾਭਾਰਤ’, 2025 ਤਕ ਰਿਲੀਜ਼ ਹੋਣ ਦੀ ਉਮੀਦ

Thursday, Sep 15, 2022 - 03:18 PM (IST)

700 ਕਰੋੜ ਬਜਟ ਤੇ 5ਡੀ ਵਾਲੀ ਪਹਿਲੀ ਭਾਰਤੀ ਫ਼ਿਲਮ ਹੋਵੇਗੀ ‘ਮਹਾਭਾਰਤ’, 2025 ਤਕ ਰਿਲੀਜ਼ ਹੋਣ ਦੀ ਉਮੀਦ

ਮੁੰਬਈ (ਬਿਊਰੋ)– ਬਾਲੀਵੁੱਡ ਹੁਣ ਐਕਸ਼ਨ, ਰੋਮਾਂਸ ਤੇ ਕਾਮੇਡੀ ਜੌਨਰ ਦੀਆਂ ਫ਼ਿਲਮਾਂ ਤੋਂ ਬਾਅਦ ਹੁਣ ਪੀਰੀਅਡ ਫ਼ਿਲਮਾਂ ਵੱਲ ਰੁਖ਼ ਕਰਦਾ ਦਿਖਾਈ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਡਿਜ਼ਨੀ ਪਲੱਸ ਹੌਟਸਟਾਰ ਨੇ ਅਮਰੀਕਾ ’ਚ ਚੱਲ ਰਹੇ ਡੀ23 ਐਕਸਪੋ ’ਚ ਕੁਝ ਭਾਰਤੀ ਪ੍ਰਾਜੈਕਟਸ ਦਾ ਐਲਾਨ ਕੀਤਾ ਸੀ। ਇਸ ’ਚ ‘ਮਹਾਭਾਰਤ’ ਦੀ ਸੀਰੀਜ਼ ਦਾ ਨਾਂ ਵੀ ਸਾਹਮਣੇ ਆਇਆ ਸੀ। ਕੌਰਵ ਤੇ ਪਾਂਡਵ ਦੀ ਕਹਾਣੀ ਬਿਆਨ ਕਰਦਿਆਂ ਇਸ ਮਹਾਪੁਰਾਣ ਨੂੰ ਪਰਦੇ ’ਤੇ ਪਹਿਲੀ ਵਾਰ ਬੀ. ਆਰ. ਚੋਪੜਾ ਨੇ ਦਰਸਾਇਆ ਤੇ ਫਿਰ ਮਾਡਰਨ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਇਕ ਹੋਰ ਡਾਇਰੈਕਟਰ ਤੇ ਪ੍ਰੋਡਿਊਸਰ ਨੇ ਇਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਹੁਣ ਇਸ ’ਤੇ ਇਕ ਫ਼ਿਲਮ ਬਣਾਈ ਜਾ ਰਹੀ ਹੈ, ਜਿਸ ’ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨਜ਼ਰ ਆਉਣਗੀਆਂ। ਨਾਲ ਹੀ ਇਸ ਦਾ ਬਜਟ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਬਾਲੀਵੁੱਡ ਹੰਗਾਮਾ ਮੁਤਾਬਕ ਫਿਰੋਜ਼ ਨਾਡਿਆਡਵਾਲਾ ਨੇ ‘ਮਹਾਭਾਰਤ’ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ‘ਹੇਰਾ ਫੇਰੀ’ ਤੇ ‘ਵੈਲਕਮ’ ਵਰਗੀਆਂ ਮਸ਼ਹੂਰ ਕਾਮੇਡੀ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਸੀ। ਅਜਿਹੇ ’ਚ ਇਸ ਪ੍ਰਾਜੈਕਟ ’ਚ ਹੱਥ ਲਗਾਉਣ ਦਾ ਉਨ੍ਹਾਂ ਦਾ ਮਕਸਦ ‘ਮਹਾਭਾਰਤ’ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਬਿਹਤਰੀਨ ਫ਼ਿਲਮ ਬਣਾਉਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਸਕ੍ਰਿਪਟ ’ਤੇ ਪਿਛਲੇ 4-5 ਸਾਲਾਂ ਤੋਂ ਕੰਮ ਚੱਲ ਰਿਹਾ ਹੈ ਪਰ ਇਸ ਦੇ ਪ੍ਰੀ-ਪ੍ਰੋਡਕਸ਼ਨ ’ਚ ਮੇਕਰਜ਼ ਅਜੇ ਹੋਰ ਕੁਝ ਸਾਲ ਲਗਾਉਣਗੇ। ਅਜਿਹੇ ’ਚ ਇਹ ਫ਼ਿਲਮ 2025 ’ਚ ਬਣ ਕੇ ਤਿਆਰ ਹੋਵੇਗੀ ਤੇ ਦਸੰਬਰ 2015 ’ਚ ਰਿਲੀਜ਼ ਕੀਤੀ ਜਾਵੇਗੀ। ਆਰੀਜਨਲ ਤਾਂ ਹਿੰਦੀ ’ਚ ਬਣੇਗੀ ਪਰ ਦੂਜੀਆਂ ਭਾਸ਼ਾਵਾਂ ’ਚ ਡੱਬ ਕਰਕੇ ਪੂਰੀ ਦੁਨੀਆ ਦੇ ਸਿਨੇਮਾਘਰਾਂ ’ਚ ਉਤਾਰੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : 1984 ’ਚ ਜੋ ਹੋਇਆ, ਉਹ ਦੰਗੇ ਨਹੀਂ, ਕਤਲੇਆਮ ਸੀ : ਦਿਲਜੀਤ ਦੋਸਾਂਝ

ਰਿਪੋਰਟ ਮੁਤਾਬਕ ਫ਼ਿਲਮ 3 ਘੰਟੇ ਦੀ ਹੋਵੇਗੀ। ਫਿਰੋਜ਼ ਨਾਡਿਆਡਵਾਲਾ ਨੂੰ ਪੂਰਾ ਯਕੀਨ ਹੈ ਕਿ ਭਾਰਤ ਹੁਣ ਮਾਰਵਲ ਤੇ ਡੀ. ਸੀ. ਮੂਵੀਜ਼ ਨੂੰ ਤਗੜਾ ਜਵਾਬ ਦੇ ਸਕੇਗਾ। ਨਾਲ ਹੀ ‘ਦਿ ਲਾਰਡ ਆਫ ਰਿੰਗਸ’, ‘ਗੇਮ ਆਫ ਥ੍ਰੋਨਜ਼’, ‘ਸਟਾਰ ਵਾਰਸ’, ‘ਹੈਰੀ ਪਾਟਰ’ ਵਰਗੀਆਂ ਤਮਾਮ ਫ਼ਿਲਮਾਂ ਨੂੰ ਵੀ ਉਨ੍ਹਾਂ ਦੀ ‘ਮਹਾਭਾਰਤ’ ਬਰਾਬਰ ਦੀ ਟੱਕਰ ਦਿੰਦੀ ਦਿਖਾਈ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ‘ਮਹਾਭਾਰਤ’ ਦਾ ਬਜਟ ਲਗਭਗ 700 ਕਰੋੜ ਰੁਪਏ ਹੈ। ਜੇਕਰ ਇਸ ’ਚ ਸੱਚਾਈ ਹੈ ਤਾਂ ਇਹ ਭਾਰਤੀ ਸਿਨੇਮਾ ’ਚ ਹੁਣ ਤਕ ਦੀ ਸਭ ਤੋਂ ਵੱਡੀ ਫ਼ਿਲਮ ਹੋਵੇਗੀ।

ਸੂਤਰਾਂ ਦੀ ਮੰਨੀਏ ਤਾਂ ਇਸ ’ਚ ਅਕਸ਼ੇ ਕੁਮਾਰ, ਅਜੇ ਦੇਵਗਨ, ਰਣਵੀਰ ਸਿੰਘ, ਪਰੇਸ਼ ਰਾਵਲ, ਨਾਨਾ ਪਾਟੇਕਰ, ਅਨਿਲ ਕਪੂਰ ਸਮੇਤ ਹੋਰਨਾਂ ਨੂੰ ਕਾਸਟ ਕੀਤਾ ਜਾਵੇਗਾ। ਹਾਲਾਂਕਿ ਕੌਣ ਕਿਹੜੀ ਭੂਮਿਕਾ ਨਿਭਾਏਗਾ, ਇਹ ਅਜੇ ਸਾਫ ਨਹੀਂ ਹੈ। ਇਸ ਤੋਂ ਇਲਾਵਾ ਮੇਕਰਜ਼ ਨਵੀਆਂ ਤੇ ਮੰਨੀਆਂ-ਪ੍ਰਮੰਨੀਆਂ ਅਦਾਕਾਰਾਂ ਨੂੰ ਵੀ ਕਾਸਟ ਕਰਨ ਦਾ ਪਲਾਨ ਕਰ ਰਹੇ ਹਨ। ਇਸ ’ਚ ਸਾਊਥ ਇੰਡਸਟਰੀ ਦੇ ਟਾਪ ਸਿਤਾਰੇ ਵੀ ਅਹਿਮ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ। ਫਿਲਹਾਲ ਇਸ ’ਤੇ ਅਜੇ ਕੰਮ ਚੱਲ ਰਿਹਾ ਹੈ। ਕੁਝ ਸਪੱਸ਼ਟ ਨਹੀਂ ਹੈ।

ਇਦੱਸ ਦੇਈਏ ਕਿ ਭਾਰਤ ’ਚ ‘ਮਹਾਭਾਰਤ’ ’ਤੇ ਸੀਰੀਅਲ ਤਾਂ ਕਈ ਬਣੇ ਪਰ ਫ਼ਿਲਮ ਇਕ ਹੀ ਬਣੀ ਹੈ। 1965 ’ਚ ਰਿਲੀਜ਼ ਹੋਈ ਉਸ ਫ਼ਿਲਮ ’ਚ ਪ੍ਰਦੀਪ ਕੁਮਾਰ, ਪਦਮਿਨੀ ਤੇ ਦਾਰਾ ਸਿੰਘ ਨਜ਼ਰ ਆਏ ਸਨ। ਇਸ ਨੂੰ ਏ. ਜੀ. ਨਾਡਿਆਡਵਾਲਾ ਨੇ ਪ੍ਰੋਡਿਊਸ ਕੀਤਾ ਸੀ। ਹੁਣ ਇਸੇ ਇਤਿਹਾਸ ਨੂੰ ਉਨ੍ਹਾਂ ਦੇ ਪੁੱਤਰ ਅਲੱਗ ਤਰ੍ਹਾਂ ਨਾਲ ਦੋਹਰਾਉਣ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 1965 ’ਚ ਆਈ ਉਸ ਫ਼ਿਲਮ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਸੀ। ਇਸ ਲਈ ਫਿਰੋਜ਼ ਤੇ ਉਨ੍ਹਾਂ ਦੀ ਟੀਮ ਉਸੇ ਕਹਾਣੀ ਤੇ ਫਾਰਮੇਟ ਨੂੰ ਫਾਲੋਅ ਕਰ ਰਹੇ ਹਨ।

ਇਸ ’ਚ ਦਿਖਾਏ ਜਾਣ ਵਾਲੇ ਜ਼ਿਆਦਾਤਰ ਐਕਸ਼ਨ ਅਸਲ ਹੋਣਗੇ। ਵੀ. ਐੱਫ. ਐਕਸ. ਦਾ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਸ ’ਚ ਉਸ ਤੋਂ ਵੱਧ ਧਿਆਨ ਕਿਰਦਾਰ, ਕਹਾਣੀ, ਇਮੋਸ਼ਨਜ਼ ਤੇ ਡਾਇਲਾਗਸ, ’ਤੇ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਇਸ ਫ਼ਿਲਮ ਦਾ ਬੈਕਗਰਾਊਂਡ ਸਕੋਰ ਵੀ ਯੂ. ਐੱਸ. ਏ. ਦੇ ਲਾਸ ਏਂਜਲਸ ’ਚ ਰਿਕਾਰਡ ਕੀਤਾ ਜਾਵੇਗਾ। ਉਥੋਂ ਦੀ ਟਾਪ ਕਲਾਸ ਕੰਪਨੀ ਇਸ ਦੇ ਵੀ. ਐੱਫ. ਐਕਸ. ’ਤੇ ਵੀ ਕੰਮ ਕਰੇਗੀ। ਇਹ ਪਹਿਲੀ ਫ਼ਿਲਮ ਹੋਵੇਗੀ, ਜੋ 5ਡੀ ’ਚ ਸ਼ੂਟ ਕੀਤੀ ਜਾਵੇਗੀ। ਨਾ ਸਿਰਫ ਭਾਰਤ, ਸਗੋਂ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News