1984 ਦੰਗਾ ਪੀੜਤਾਂ 'ਚ ਅਮਿਤਾਭ ਬੱਚਨ ਨੂੰ ਲੈ ਕੇ ਭਾਰੀ ਰੋਸ
Wednesday, May 12, 2021 - 09:03 AM (IST)
ਮੁੰਬਈ (ਬਿਊਰੋ) : ਪੂਰੇ ਭਾਰਤ 'ਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹਰ ਸ਼ਖ਼ਸ ਪ੍ਰੇਸ਼ਾਨ ਹੈ ਅਤੇ ਹਰ ਕੋਈ ਇਸ ਦੁੱਖ ਦੀ ਘੜੀ 'ਚ ਇਕ ਦੂਜੇ ਦੀ ਮਦਦ ਕਰ ਰਿਹਾ ਹੈ। ਉਥੇ ਹੀ ਫ਼ਿਲਮ ਸਟਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਰਕਾਬਗੰਜ ਗੁਰਦੁਆਰਾ ਸਾਹਿਬ ਨੂੰ ਦੋ ਕਰੋੜ ਰਾਸ਼ੀ ਕੋਰੋਨਾ ਮਰੀਜ਼ਾਂ ਨੂੰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਪ੍ਰਧਾਨ ਸੁਰਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਦਾ ਕਹਿਣਾ ਹੈ ਕਿ 1984 'ਚ ਹੋਏ ਕਤਲੇਆਮ 'ਚ ਅਮਿਤਾਭ ਬੱਚਨ ਵੀ ਸ਼ਾਮਲ ਸੀ। ਇਸ ਕਰਕੇ ਉਸ ਦੇ ਦਿੱਤੇ ਗਏ ਪੈਸੇ ਸਿੱਖ ਕੌਮ ਨੂੰ ਨਹੀਂ ਲੈਣੇ ਚਾਹੀਦੇ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਪੈਸੇ ਵਾਪਸ ਕਰੇ ਅਤੇ ਅਕਾਲ ਤਖ਼ਤ ਤੋਂ ਮੁਆਫ਼ੀ ਮੰਗੇ। ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਅਮਿਤਾਭ ਬੱਚਨ ਪੰਜਾਬ ਆਉਂਦਾ ਹੈ ਤਾਂ ਉਸ ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।
ਮਿਲਣਗੀਆਂ ਇਹ ਸਹੂਲਤਾਂ
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ 'ਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ 'ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ' ਦਾ ਨਾਂ ਦਿੱਤਾ ਗਿਆ ਹੈ। ਇਸ ਕੋਵਿਡ ਕੇਅਰ 'ਚ ਕੋਰੋਨਾ ਦੇ ਮਰੀਜ਼ਾਂ ਲਈ ਡਾਕਟਰਾਂ, ਪੈਰਾ ਮੈਡੀਕਲ ਤੋਂ ਇਲਾਵਾ ਐਂਬੂਲੈਂਸ ਤੇ ਆਕਸੀਜਨ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਕੋਰੋਨਾ ਦੇ ਮਰੀਜ਼ਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਬਿਲਕੁਲ ਫਰੀ ਮਿਲਣਗੀਆਂ।
ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਇਹ ਬਿਆਨ
ਦਿੱਲੀ ਸਿੱਖ ਗੁਰਦਵਾਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨ 'ਚ ਅਮਿਤਾਭ ਬੱਚਨ ਦੀ ਤਾਰੀਫ਼ ਕੀਤੀ ਅਤੇ ਕਿਹਾ 'ਜਦੋਂ ਦਿੱਲੀ 'ਚ ਰੋਜ਼ਾਨਾ ਆਕਸੀਜਨ ਦੀ ਘਾਟ ਹੁੰਦੀ ਸੀ, ਤਾਂ ਅਮਿਤਾਭ ਬੱਚਨ ਹਰ ਰੋਜ਼ ਫੋਨ ਕਰਕੇ ਕੋਰੋਨਾ ਸੈਂਟਰ ਦੀ ਜਾਣਕਾਰੀ ਲੈਂਦੇ ਸਨ। ਇਸ ਤੋਂ ਪਹਿਲਾਂ ਅਮਿਤਾਭ ਬਚਨ ਨੇ 2 ਕਰੋੜ ਦਾ ਦਾਨ ਦਿੰਦੇ ਹੋਏ ਕਿਹਾ ''ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਕੇਅਰ' ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ।''
ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦਾ ਵੱਡਾ ਐਲਾਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵਲੋਂ 2 ਕਰੋੜ ਰੁਪਏ ਲੈਣ 'ਤੇ ਜਾਗੋ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੱਡਾ ਐਲਾਨ ਕੀਤਾ ਕਿ ਅਮਿਤਾਭ ਬੱਚਨ ਤੋਂ ਦਿੱਲੀ ਕਮੇਟੀ ਵਲੋਂ ਲਏ ਗਏ 2 ਕਰੋੜ ਰੁਪਏ ਨੂੰ ਜਾਗੋ ਪਾਰਟੀ ਕਮੇਟੀ ਦੀ ਸੇਵਾ ਮਿਲਦੇ ਹੀ ਸਭ ਤੋਂ ਪਹਿਲਾਂ ਵਾਪਸ ਕਰੇਗੀ। ਦਿੱਲੀ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕਾਂਤਵਾਸ ਸੈਂਟਰ ਖੋਲ੍ਹਣ ਦੇ ਨਾਂ 'ਤੇ ਕਮੇਟੀ ਵਲੋਂ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਲੈਣ ਨੂੰ ਕੌਮ ਦੇ ਨਾਲ ਗ਼ੱਦਾਰੀ ਦੱਸਦੇ ਹੋਏ ਜੀ. ਕੇ. ਨੇ ਦਾਅਵਾ ਕੀਤਾ ਕਿ 31 ਅਕਤੂਬਰ 1984 ਨੂੰ ਤਿੰਨ ਮੂਰਤੀ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜ੍ਹੇ ਹੋ ਕੇ ਉਦੋਂ ਅਮਿਤਾਭ ਬੱਚਨ ਨੇ 'ਖ਼ੂਨ ਦਾ ਬਦਲਾ ਖ਼ੂਨ' ਨਾਅਰਾ ਲਗਾਇਆ ਸੀ, ਜਿਸ ਨੂੰ ਉਸ ਸਮੇਂ ਦੂਰਦਰਸ਼ਨ ਨੇ ਪ੍ਰਸਾਰਿਤ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਕਾਰਕੁੰਨਾਂ ਨੂੰ ਸਿੱਖਾਂ ਨੂੰ ਕਤਲ ਕਰਨ ਦਾ ਅਸਿੱਧਾ ਉਕਸਾਵਾਂ ਮਿਲਿਆ ਸੀ। ਇਸ ਲਈ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਤੋਂ ਕਿਸੇ ਤਰ੍ਹਾਂ ਦੀ ਸਹਾਇਤਾ ਲੈਣਾ ਕੌਮ ਦੀ ਅਣਖ ਨਾਲ ਖਿਲਵਾੜ ਹੈ।
ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਨਕਲ ਕਰਨ ਵਾਲੇ ਪਾਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਵੋਟਾਂ ਦੇ ਲਾਲਚ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਲਵਾਈ ਸੀ। ਹੁਣ ਨੋਟਾਂ ਦੇ ਲਾਲਚ ਵਿਚ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦੇ ਦਿੱਤੀ। ਜਦੋਂ ਕਿ ਅਮਿਤਾਭ ਬੱਚਨ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਾਮਲਾ ਬਾਕੀ ਹੈ। ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਉੱਤੇ ਕਾਬਜ਼ ਲੋਕ ਸਿਰਫ਼ ਆਪਣੇ ਪ੍ਰਚਾਰ ਅਤੇ ਆਪਣੇ-ਆਪ ਨੂੰ ਪਿਆਰ ਕਰਨ ਦੇ ਮਾਰੇ ਠੀਕ ਅਤੇ ਗਲਤ ਦੀ ਪਛਾਣ ਕਰਨ ਦੇ ਵੀ ਸਮਰੱਥ ਨਹੀਂ ਰਹੇ, ਇਸ ਲਈ ਕਮੇਟੀ ਦੀ ਸੇਵਾ ਮਿਲਦੇ ਹੀ ਅਸੀਂ ਅਮਿਤਾਭ ਬੱਚਨ ਦੇ 2 ਕਰੋਡ਼ ਰੁਪਏ ਸਭ ਤੋਂ ਪਹਿਲਾਂ ਵਾਪਸ ਕਰ ਕੇ ਸਿੱਖੀ ਅਣਖ ਦੀ ਰੱਖਿਆ ਕਰਾਂਗੇ।
ਅਮਿਤਾਭ ਨੇ ਦੁਨੀਆ ਤੋਂ ਮੰਗੀ ਭਾਰਤ ਲਈ ਮਦਦ
ਅਮਿਭਾਤ ਬੱਚਨ ਨੇ ਵੈਕਸ ਲਾਈਵ ਗਲੋਬਲ ਈਵੈਂਟ 'ਚ ਹਿੱਸਾ ਲਿਆ, ਜੋ ਕਿ ਕੋਰੋਨਾ ਖ਼ਿਲਾਫ਼ ਲੜਾਈ ਨਾਲ ਜੁੜਿਆ ਹੋਇਆ ਹੈ। ਅਮਿਤਾਭ ਬੱਚਨ ਨੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਕਿਹਾ, ''ਨਮਸਕਾਰ, ਮੈਂ ਅਮਿਤਾਭ ਬੱਚਨ ਹਾਂ। ਮੇਰਾ ਦੇਸ਼ ਭਾਰਤ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਕ ਵੈਸ਼ਵਿਕ ਨਾਗਰਿਕ ਹੋਣ ਦੇ ਨਾਅਤੇ ਮੈਂ ਦੁਨੀਆ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੜ੍ਹੇ ਹੋਣ, ਆਪਣੀਆਂ ਸਰਕਾਰਾਂ ਤੇ ਫਾਰਮਾ ਕੰਪਨੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਨ।''
ਨੋਟ - ਅਮਿਤਾਭ ਬੱਚਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।