‘ਕੌਣ ਹੈ ਇਹ ਅੰਕਲ?’, ਜਦੋਂ ਅਦਾਕਾਰਾ ਨੇ ਸ਼ਾਹਰੁਖ ਖਾਨ ਨੂੰ ਪਛਾਣਨ ਤੋਂ ਕੀਤਾ ਇਨਕਾਰ
Tuesday, Jan 20, 2026 - 04:27 PM (IST)
ਰਿਆਦ/ਨਵੀਂ ਦਿੱਲੀ- ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਹਾਲ ਹੀ ਵਿੱਚ ਰਿਆਦ ਵਿਖੇ ਆਯੋਜਿਤ 'ਜੁਆਏ ਐਵਾਰਡਜ਼ 2026' ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਦੇ ਸਟਾਈਲਿਸ਼ ਲੁੱਕ ਨੇ ਸਾਰਿਆਂ ਦਾ ਧਿਆਨ ਖਿੱਚਿਆ। ਪਰ ਇਸ ਸਮਾਗਮ ਨਾਲ ਜੁੜਿਆ ਇੱਕ ਵਿਵਾਦ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮਸ਼ਹੂਰ ਤੁਰਕਿਸ਼ ਅਦਾਕਾਰਾ ਹਾਂਡੇ ਅਰਚੇਲ ਨੇ ਸ਼ਾਹਰੁਖ ਖਾਨ ਨੂੰ ਪਛਾਣਨ ਤੋਂ ਸਾਫ਼ ਇਨਕਾਰ ਕਰਦਿਆਂ ਉਨ੍ਹਾਂ ਨੂੰ 'ਅੰਕਲ' ਕਹਿ ਦਿੱਤਾ ਹੈ, ਜਿਸ ਕਾਰਨ ਕਿੰਗ ਖਾਨ ਦੇ ਪ੍ਰਸ਼ੰਸਕ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿਚ ਹਾਂਡੇ ਅਰਚੇਲ ਸਟੇਜ 'ਤੇ ਮੌਜੂਦ ਸ਼ਾਹਰੁਖ ਖਾਨ ਨੂੰ ਆਪਣੇ ਕੈਮਰੇ 'ਚ ਕੈਦ ਕਰਦੀ ਨਜ਼ਰ ਆ ਰਹੀ ਸੀ। ਲੋਕਾਂ ਨੇ ਉਸ ਨੂੰ ਸ਼ਾਹਰੁਖ ਦੀ ‘ਫੈਨ ਗਰਲ’ ਕਹਿਣਾ ਸ਼ੁਰੂ ਕਰ ਦਿੱਤਾ। ਪਰ ਹੁਣ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਦਾ ਸੱਚ ਸਾਂਝਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

‘ਮੈਂ ਉਨ੍ਹਾਂ ਦੀ ਫੈਨ ਨਹੀਂ ਹਾਂ’ - ਹਾਂਡੇ ਅਰਚੇਲ
ਸਰੋਤਾਂ ਅਨੁਸਾਰ ਹਾਂਡੇ ਨੇ ਆਪਣੀ ਪੋਸਟ ਵਿੱਚ ਸ਼ਾਹਰੁਖ ਅਤੇ ਮਿਸਰ ਦੀ ਅਦਾਕਾਰਾ ਅਮੀਨਾ ਖਲੀਲ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ, “ਕੌਣ ਹੈ ਇਹ ਅੰਕਲ?”। ਉਸਨੇ ਸਪੱਸ਼ਟ ਕੀਤਾ ਕਿ ਉਹ ਸ਼ਾਹਰੁਖ ਨੂੰ ਨਹੀਂ, ਸਗੋਂ ਆਪਣੀ ਸਹੇਲੀ ਅਮੀਨਾ ਖਲੀਲ ਨੂੰ ਰਿਕਾਰਡ ਕਰ ਰਹੀ ਸੀ। ਉਸਨੇ ਅੱਗੇ ਲਿਖਿਆ, “ਮੈਂ ਉਨ੍ਹਾਂ ਦੀ ਫੈਨ ਨਹੀਂ ਹਾਂ। ਪਲੀਜ਼ ਸੋਸ਼ਲ ਮੀਡੀਆ 'ਤੇ ਝੂਠੀਆਂ ਅਫ਼ਵਾਹਾਂ ਫੈਲਾਉਣਾ ਬੰਦ ਕਰੋ”। ਹਾਲਾਂਕਿ, ਵਿਵਾਦ ਵਧਦਾ ਦੇਖ ਅਦਾਕਾਰਾ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ।
ਫੈਨਜ਼ ਨੇ ਪੋਸਟ ਨੂੰ ਦੱਸਿਆ 'ਫੇਕ'
ਇਸ ਪੋਸਟ ਤੋਂ ਬਾਅਦ ਸ਼ਾਹਰੁਖ ਖਾਨ ਦੇ ਫੈਨਜ਼ ਕਾਫੀ ਭੜਕ ਗਏ ਹਨ। ਕਈ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਪੋਸਟ ਫੇਕ (ਜਾਅਲੀ) ਹੋ ਸਕਦੀ ਹੈ, ਕਿਉਂਕਿ ਹਾਂਡੇ ਪਹਿਲਾਂ ਵੀ ਭਾਰਤ ਆ ਚੁੱਕੀ ਹੈ ਅਤੇ ਉਸਨੇ ਆਮਿਰ ਖਾਨ ਅਤੇ ਰਿਤਿਕ ਰੋਸ਼ਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦੀ ਇੱਛਾ ਜਤਾਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਬਾਲੀਵੁੱਡ ਨੂੰ ਇੰਨਾ ਪਸੰਦ ਕਰਦੀ ਹੈ, ਤਾਂ ਉਹ ਸ਼ਾਹਰੁਖ ਖਾਨ ਨੂੰ ਕਿਵੇਂ ਨਹੀਂ ਪਛਾਣ ਸਕਦੀ।
ਕਿੰਗ ਖਾਨ ਦਾ ਲੁੱਕ ਅਤੇ ਆਉਣ ਵਾਲੀ ਫਿਲਮ
ਐਵਾਰਡ ਸ਼ੋਅ ਵਿੱਚ ਸ਼ਾਹਰੁਖ ਖਾਨ ਬਲੈਕ ਆਊਟਫਿਟ ਅਤੇ ਗ੍ਰੇ ਹੇਅਰਸਟਾਈਲ ਵਿੱਚ ਬੇਹੱਦ ਡੈਸ਼ਿੰਗ ਲੱਗ ਰਹੇ ਸਨ। ਜੇਕਰ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਕਿੰਗ’ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਦੀ ਬੇਟੀ ਸੁਹਾਣਾ ਖਾਨ, ਅਭਿਸ਼ੇਕ ਬੱਚਨ ਅਤੇ ਦੀਪਿਕਾ ਪਾਦੂਕੋਣ ਵੀ ਅਹਿਮ ਭੂਮਿਕਾਵਾਂ ਨਿਭਾ ਸਕਦੇ ਹਨ। ਇਹ ਫਿਲਮ ਸਤੰਬਰ 2026 ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।
