ਯੂ. ਕੇ. ਦੇ ਵਪਾਰਕ ਸਕੱਤਰ ਅਲੋਕ ਸ਼ਰਮਾ ਕਰਨਗੇ ਗਲਾਸਗੋ ਕੋਪ-26 ਸੰਮੇਲਨ ਦੀ ਤਿਆਰੀ

01/09/2021 5:47:52 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਵਪਾਰਕ ਸਕੱਤਰ ਆਲੋਕ ਸ਼ਰਮਾ ਨੂੰ ਇਸ ਸਾਲ ਨਵੰਬਰ ਵਿਚ ਹੋਣ ਵਾਲੇ ਗਲਾਸਗੋ ਮੌਸਮ ਤਬਦੀਲੀ ਸੰਮੇਲਨ 2021 (ਕੋਪ 26) ਦੀਆਂ ਤਿਆਰੀਆਂ ਲਈ ਪੂਰਾ ਸਮਾਂ ਕੰਮ ਕਰਨ ਲਈ ਉਨ੍ਹਾਂ ਦਾ ਅਹੁਦਾ ਤਬਦੀਲ ਕੀਤਾ ਹੈ। 

ਪ੍ਰਧਾਨ ਮੰਤਰੀ ਦੁਆਰਾ ਇਹ ਤਬਦੀਲੀ ਵਾਤਾਵਰਣ ਮਾਹਰਾਂ ਦੁਆਰਾ ਅਲੋਕ ਸ਼ਰਮਾ ਦੀ ਭੂਮਿਕਾ ਦੇ ਪੈਮਾਨੇ ਨੂੰ ਵੇਖਦਿਆਂ ਕੀਤੀ ਅਰਜ਼ ਤੋਂ ਬਾਅਦ ਹੋਈ ਹੈ। ਪਿਛਲੇ 11 ਮਹੀਨਿਆਂ ਤੋਂ ਸ਼ਰਮਾ ਨੇ ਕੋਪ 26 ਦੀ ਪ੍ਰਧਾਨਗੀ ਨੂੰ ਆਪਣੀ ਵਪਾਰ ਸਕੱਤਰ ਦੀ ਨੌਕਰੀ ਦੇ ਨਾਲ ਕੀਤਾ ਹੈ। ਪਰ ਹੁਣ ਉਹ ਕੋਪ 26 ਦੀ ਭੂਮਿਕਾ ਨੂੰ ਇਕ ਪਾਸੇ ਹੋ ਕੇ ਨਿਭਾਉਣਗੇ। ਕੋਪ 26 ਵਿਚ ਤਕਰੀਬਨ 200 ਦੇਸ਼ਾਂ 'ਚੋਂ ਨੁਮਾਇੰਦਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਇਸ ਸੰਬੰਧੀ ਪਿਛਲੇ ਨਵੰਬਰ ਵਿਚ ਮਿਥਿਆ ਗਿਆ ਸੀ ਪਰ ਕੋਵਿਡ ਕਾਰਨ ਇਹ ਇਕ ਸਾਲ ਲਈ ਮੁਅੱਤਲ ਹੋ ਗਿਆ ਸੀ।

 ਸਰਕਾਰ ਅਨੁਸਾਰ ਇਹ ਸਮਾਗਮ ਯੁਨਾਈਟਡ ਕਿੰਗਡਮ ਦੀ ਮੇਜ਼ਬਾਨੀ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ ਹੋਵੇਗਾ। ਇਸ ਲਈ ਇਸ ਸੰਮੇਲਨ ਨੂੰ ਕਾਮਯਾਬ ਬਨਾਉਣ ਲਈ ਹਫ਼ਤੇ ਦੇ ਸ਼ੁਰੂ ਵਿਚ, ਸਾਬਕਾ ਮੰਤਰੀਆਂ ਅਤੇ ਮੌਸਮ ਮਾਹਰਾਂ ਨੇ ਜੌਹਨਸਨ ਨੂੰ ਸ਼ਰਮਾ ਦੀ ਕੋਪ 26 ਦੀ ਭੂਮਿਕਾ ਨੂੰ ਵਧਾਉਣ ਦੀ ਅਪੀਲ ਕੀਤੀ ਸੀ। 

ਇਸ ਸੰਬੰਧ ਵਿਚ ਸਰਕਾਰ ਦੇ ਸਾਬਕਾ ਮੁੱਖ ਵਿਗਿਆਨਕ ਸਲਾਹਕਾਰ ਡੇਵਿਡ ਕਿੰਗ ਨੇ ਵੀ ਸ਼ਰਮਾ ਤੋਂ ਕੋਪ 26 'ਤੇ ਪੂਰਾ ਸਮਾਂ ਨਿਸ਼ਚਤ ਰੂਪ ਵਿਚ ਕੰਮ ਕਰਕੇ ਇਸ ਸੰਮੇਲਨ ਦੀ ਸਫਲਤਾ ਦੀ ਉਮੀਦ ਜਤਾਈ ਹੈ। ਇਸ ਸੰਬੰਧੀ ਸ਼ਰਮਾ ਦੀ ਭੂਮਿਕਾ ਕੈਬਨਿਟ ਦਫ਼ਤਰ 'ਤੇ ਅਧਾਰਤ ਹੋਵੇਗੀ ਅਤੇ ਉਹ ਕੈਬਨਿਟ ਮੈਂਬਰ ਵਜੋਂ ਜਾਰੀ ਰਹਿਣ ਦੇ ਨਾਲ ਯੂ. ਕੇ. ਦੀਆਂ 2050 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸੀ ਤੱਕ ਪਹੁੰਚਣ ਦੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਉਣਗੇ।
 


Lalita Mam

Content Editor

Related News