ਲੜਾਈ ਦੇ ਮਾਮਲੇ ''ਚ ਮਾਂ ਤੇ ਦੋ ਪੁੱਤਰੀਆਂ ਖਿਲਾਫ ਕੇਸ ਦਰਜ

01/12/2019 12:04:54 PM

ਭੋਗਪੁਰ (ਸੂਰੀ)— ਭੋਗਪੁਰ ਪੁਲਸ ਵੱਲੋਂ ਔਰਤਾਂ ਵਿਚਾਲੇ ਹੋਏ ਲੜਾਈ-ਝਗੜੇ ਦੇ ਮਾਮਲੇ 'ਚ ਇਕ ਮਾਂ ਅਤੇ ਉਸ ਦੀਆਂ ਦੋ ਪੁੱਤਰੀਆਂ ਸਮੇਤ ਤਿੰਨ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਦਰਜ ਕੀਤੇ ਮਾਮਲੇ 'ਚ ਮਨਜੀਤ ਕੌਰ ਪਤਨੀ ਪਰਮਜੀਤ ਰਾਏ ਵਾਸੀ ਪਿੰਡ ਲੜੋਈ ਨੇ ਬਿਆਨ ਦਿੱਤਾ ਸੀ ਕਿ ਬੀਤੀ 17 ਦਸੰਬਰ ਨੂੰ ਦੁਪਹਿਰ ਸਮੇਂ ਉਹ ਆਪਣੇ ਘਰ ਦਾ ਕੰਮ ਕਰ ਰਹੀ ਸੀ, ਇਸੇ ਦੌਰਾਨ ਅਚਾਨਕ ਘਰ ਦਾ ਗੇਟ ਖੁੱਲ੍ਹਿਆ ਅਤੇ ਗੁਆਂਢ ਵਿਚ ਰਹਿੰਦੀ ਕਮਲੇਸ਼ ਪਤਨੀ ਅਸ਼ੀਸ਼ ਕੁਮਾਰ ਆਪਣੀਆਂ ਦੋਵੇਂ ਲੜਕੀਆਂ ਅੰਜਨਾ ਅਤੇ ਪੂਰਬਾ ਨਾਲ ਮੇਰੇ ਘਰ ਵਿਚ ਦਾਖਲ ਹੋ ਗਈਆਂ ਅਤੇ ਮੈਨੂੰ ਬਿਨਾਂ ਵਜ੍ਹਾ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਕਮਲੇਸ਼ ਅਤੇ ਉਸ ਦੀਆਂ ਲੜਕੀਆਂ ਨੇ ਆਪਣੇ ਹੱਥ 'ਚ ਫੜੇ ਡੰਡਿਆਂ ਦੇ ਵਾਰ ਮੇਰੀ ਛਾਤੀ 'ਤੇ ਕੀਤੇ। ਮੇਰੇ ਗੁਆਂਢ 'ਚ ਰਹਿੰਦੇ ਗੁਰਦੀਪ ਸਿੰਘ ਅਤੇ ਦਲਵੀਰ ਸਿੰਘ ਨੇ ਮੈਨੂੰ ਇਨ੍ਹਾਂ ਤਿੰਨਾਂ ਮਾਵਾਂ ਧੀਆਂ ਤੋਂ ਛੁਡਵਾਇਆ ਅਤੇ ਇਹ ਤਿੰਨੋਂ ਮਾਵਾਂ ਧੀਆਂ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਈਆਂ। ਰਾਜ਼ੀਨਾਮਾ ਨਾ ਹੋਣ 'ਤੇ ਉਕਤ ਤਿੰਨਾਂ ਔਰਤਾਂ ਖਿਲਾਫ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਪੀੜਤ ਧਿਰ ਦੇ ਪਰਿਵਾਰ ਖਿਲਾਫ ਪਹਿਲਾਂ ਹੀ ਥਾਣਾ ਭੋਗਪੁਰ 'ਚ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।


shivani attri

Content Editor

Related News