ਵਿਆਹੁਤਾ ਨੇ ਖਾਧਾ ਜ਼ਹਿਰ, ਵਿਅਕਤੀ ''ਤੇ ਪਰੇਸ਼ਾਨ ਕਰਨ ਦਾ ਦੋਸ਼
Sunday, Jun 17, 2018 - 10:48 AM (IST)
ਕਿਸ਼ਨਗੜ੍ਹ (ਬੈਂਸ)— ਕਿਸ਼ਨਗੜ੍ਹ ਦੀ ਇਕ ਵਿਆਹੁਤਾ ਨੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਪਰੇਸ਼ਾਨ ਅਤੇ ਕੁੱਟਮਾਰ ਕਰਨ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਖਾ ਲਿਆ। ਗੰਭੀਰ ਹਾਲਤ 'ਚ ਜਲੰਧਰ ਦੇ ਇਕ ਹਸਪਤਾਲ ਵਿਚ ਉਸ ਨੂੰ ਦਾਖਲ ਕਰਵਾਇਆ ਗਿਆ ਹੈ।
ਪੀੜਤਾ ਮਨਪ੍ਰੀਤ ਕੌਰ ਪੁੱਤਰੀ ਰਾਮ ਮੂਰਤੀ ਵਾਸੀ ਕਿਸ਼ਨਗੜ੍ਹ ਹਾਲ ਵਾਸੀ ਬੱਲਾਂ ਦੇ ਪਰਿਵਾਰਕ ਮੈਂਬਰਾਂ 'ਚੋਂ ਲੜਕੀ ਦੇ ਪਿਤਾ ਰਾਮ ਮੂਰਤੀ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ਼ਨਗੜ੍ਹ ਦਾ ਹੀ ਰਹਿਣ ਵਾਲਾ ਸੁਰਿੰਦਰ ਕੁਮਾਰ ਪੁੱਤਰ ਸਵ. ਚਰਨ ਦਾਸ ਉਨ੍ਹਾਂ ਦੀ ਲੜਕੀ ਮਨਪ੍ਰੀਤ ਕੌਰ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰਦਾ ਆ ਰਿਹਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਥਾਨਕ ਕਿਸ਼ਨਗੜ੍ਹ ਪੁਲਸ ਚੌਕੀ ਅਤੇ ਪੁਲਸ ਕੰੰਟਰੋਲ ਰੂਮ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸੇ ਸਿਲਸਿਲੇ 'ਚ ਦੋਵਾਂ ਧਿਰਾਂ ਨੂੰ ਪੁਲਸ ਚੌਕੀ ਬੁਲਾਇਆ ਗਿਆ। ਦੋਵਾਂ ਧਿਰਾਂ 'ਚ ਗੱਲਬਾਤ ਕਿਸੇ ਸਿਰੇ ਨਾ ਚੜ੍ਹਨ 'ਤੇ ਆਖਿਰਕਾਰ ਪੀੜਤ ਲੜਕੀ ਨੇ ਜ਼ਹਿਰ ਖਾ ਲਿਆ। ਬੇਹੋਸ਼ੀ ਦੀ ਹਾਲਤ ਵਿਚ ਲੜਕੀ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਾਂਚ ਜਾਰੀ ਹੈ: ਚੌਕੀ ਇੰਚਾਰਜ
ਜਦੋਂ ਇਸ ਮਾਮਲੇ ਸਬੰਧੀ ਸਥਾਨਕ ਕਿਸ਼ਨਗੜ੍ਹ ਪੁਲਸ ਚੌਕੀ ਇੰਚਾਰਜ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਜਾਰੀ ਹੈ।
ਬਲੈਕਮੇਲ ਕਰ ਰਹੀ ਹੈ ਲੜਕੀ ਅਤੇ ਉਸ ਦਾ ਪਿਤਾ : ਸੁਰਿੰਦਰ ਕੁਮਾਰ
ਜਦੋਂ ਇਸ ਸਬੰਧੀ ਦੂਜੀ ਧਿਰ ਦੇ ਸੁਰਿੰਦਰ ਕੁਮਾਰ ਨਾਲ ਰਾਬਤਾ ਕਾਇਮ ਕਰ ਕੇ ਉਸ ਦਾ ਪੱਖ ਜਾਣਿਆ ਗਿਆ ਤਾਂ ਉਸ ਨੇ ਆਖਿਆ ਕਿ ਸਬੰਧਤ ਲੜਕੀ ਅਤੇ ਉਸ ਦੇ ਪਿਤਾ ਰਾਮ ਮੂਰਤੀ ਉਸ ਨੂੰ ਕਰੀਬ ਇਕ ਸਾਲ ਤੋਂ ਬਲੈਕਮੇਲ ਕਰਦੇ ਆ ਰਹੇ ਸਨ। ਜੋ ਉਨ੍ਹਾਂ ਨੇ ਉਸ 'ਤੇ ਦੋਸ਼ ਲਗਾਏ ਹਨ, ਸਰਾਸਰ ਝੂਠੇ ਅਤੇ ਬੇਬੁਨਿਆਦ ਹਨ।
