ਪੁਲਸ ਨੇ ਸੁਲਝਾਈ ਕਤਲ ਦੀ ਗੁੱਥੀ, ਪਤਨੀ ਦੇ ਨਾਜਾਇਜ਼ ਸੰਬੰਧ ਬਣੇ ਪਤੀ ਦੀ ਮੌਤ ਦਾ ਕਾਰਨ

01/06/2023 5:18:19 PM

ਨਵਾਂਸ਼ਹਿਰ, ਕਾਠਗੜ੍ਹ (ਤ੍ਰਿਪਾਠੀ,ਜ.ਬ.) - ਨਾਜਾਇਜ਼ ਸੰਬੰਧਾਂ ਵਿਚ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ ਇਕ ਜੁਬੇਨਾਇਲ ਦੋਸ਼ੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਤਲ ’ਚ ਵਰਤੇ ਗਏ ਦਸਤੀ ਹਥਿਆਰ ਬਰਾਮਦ ਕੀਤੇ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਥਾਣਾ ਕਾਠਗੜ੍ਹ ਦੀ ਪੁਲਸ ਨੂੰ ਬਿਸਤ ਦੋਆਬ ਨਹਿਰ ਮਾਣੇਵਾਲ ਮੁੱਤੇਵਾਲ ’ਤੇ ਬਣੀ ਸਾਈਫਨ ਵਾਲੀ ਪੁਲੀ ਦੇ ਹੇਠਾਂ ਅਣਪਛਾਤੇ ਵਿਅਕਤੀ ਦਾ ਬਿਨਾਂ ਕੱਪੜੇ ਤੋਂ ਲਾਸ਼ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਤੁਰੰਤ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਨੇ ਆਪਣੀ ਪੁਲਟ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਉਪਰੰਤ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 20 ਸਾਲਾ ਕੁੜੀ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐੱਸ. ਪੀ.(ਐੱਚ.) ਡਾ. ਮੁਕੇਸ਼ ਕੁਮਾਰ, ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ, ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ, ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੂੰ ਜਾਂਚ ਸੌਂਪੀ ਗਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਜੈ (35) ਮੂਲ ਵਾਸੀ ਝਾਰਖੰਡ ਦੇ ਤੌਰ ’ਤੇ ਹੋਈ ਹੈ, ਜੋਕਿ ਮਾਣੇਵਾਲ ਸਥਿਤ ਇਕ ਮੋਟਰ ’ਤੇ ਪ੍ਰਵਾਸੀ ਮਜ਼ਦੂਰ ਚਰਕੂ ਬਰਜੋ ਉਰਫ਼ ਜੱਗੂ ਪੁੱਤਰ ਸਵ. ਰੋਨਡੋ ਬਰਜੋ, ਹਰਦੀ ਬੇੜਾ ਵਾਸੀ ਡਰੀਲਾਰੀ ਥਾਣਾ ਕੋਲੋਬੀਰਾ ਬਰਬਾਡੋਹ ਜ਼ਿਲ੍ਹਾ ਸਿਮਡੇਗਾ (ਝਾਰਖੰਡ) ਦੇ ਪਰਿਵਾਰ ਨਾਲ ਪਿਛਲੇ ਕਰੀਬ 2 ਮਹੀਨੇ ਤੋਂ ਰਹਿ ਰਿਹਾ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਵਿਜੈ ਦੇ ਚਰਖੂ ਬਰਜੋ ਦੀ ਪਤਨੀ ਨਾਜਾਇਜ਼ ਸੰਬੰਧ ਬਣ ਗਏ ਸਨ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ 1 ਜਨਵਰੀ ਨੂੰ ਉਕਤ ਵਿਜੈ ਚਰਕੂ ਬਰਜੋ ਦੀ ਪਤਨੀ ਨਾਲ ਗਲਤ ਹਾਲਾਤ ’ਚ ਵੇਖਿਆ ਗਿਆ ਉਪਰੰਤ ਚਰਕੂ ਬਰਜੋ ਨੇ ਆਪਣੇ ਜਵਾਈ ਸੋਮਾ ਹਸਨ ਅਤੇ 14 ਸਾਲਾ ਪੁੱਤਰ ਨਾਲ ਮਿਲ ਕੇ ਵਿਜੈ ਦੇ ਸਿਰ ’ਤੇ ਡਾਂਗ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਉਪਰੰਤ ਉਸ ਦੀ ਲਾਸ਼ ਨੂੰ ਕਰੀਬ 6-7 ਮੀਟਰ ਦੂਰ ਨਹਿਰ ਦੇ ਕੰਢੇ ਪੁਲੀ ਦੇ ਹੇਠਾਂ ਖੜ੍ਹੇ ਪਾਣੀ ’ਚ ਸੁੱਟ ਦਿੱਤਾ ਸੀ।  ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵੱਲੋਂ ਵਰਤੀ ਗਈ ਡਾਂਗ ਅਤੇ ਡੰਡਿਆਂ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੁਵੇਨਾਈਲ ਲੜਕੇ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ, ਜਦਕਿ ਗ੍ਰਿਫ਼ਤਾਰ ਚਰਕੂ ਬਰਜੋ ਅਤੇ ਸੋਮਾ ਹਸਨ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਮੁਕੇਸ਼ ਸ਼ਰਮਾ, ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਅਤੇ ਐੱਸ. ਐੱਚ. ਓ. ਕਾਠਗੜ੍ਹ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News