ਬਜ਼ੁਰਗ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ, ਗਹਿਣੇ ਤੇ ਮੋਬਾਈਲ ਫੋਨ ਗਾਇਬ, ਕਤਲ ਦਾ ਸ਼ੱਕ
Thursday, May 01, 2025 - 11:51 PM (IST)

ਜਲੰਧਰ (ਮਹੇਸ਼) - ਸਥਾਨਕ ਮੁੱਖ ਬੱਸ ਅੱਡੇ ਦੇ ਨਾਲ ਲੱਗਦੇ ਪਾਸ਼ ਇਲਾਕੇ ਮੋਤਾ ਸਿੰਘ ਨਗਰ ਦੀ ਕੋਠੀ ਨੰਬਰ 325 ਵਿਚ ਇਕ ਬਜ਼ੁਰਗ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੇ ਗਹਿਣੇ ਤੇ ਮੋਬਾਈਲ ਫੋਨ ਵੀ ਘਰੋਂ ਗਾਇਬ ਹਨ ਤੇ ਛੱਤ ਦਾ ਦਰਵਾਜ਼ਾ ਵੀ ਖੁੱਲ੍ਹਾ ਪਿਆ ਸੀ, ਜਿਸ ਤੋਂ ਸ਼ੱਕ ਪੈਂਦਾ ਹੁੰਦਾ ਹੈ ਕਿ ਔਰਤ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਹਾਲਾਂਕਿ, ਔਰਤ ਦੇ ਸਰੀਰ ’ਤੇ ਕਿਸੇ ਵੀ ਸੱਟ ਦੇ ਨਿਸ਼ਾਨ ਨਹੀਂ ਹਨ। ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਦੀ ਪੁਲਸ ਔਰਤ ਦੇ ਘਰ ਪਹੁੰਚੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।
ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਵਿਨੋਦ ਕੁਮਾਰੀ ਦੁੱਗਲ ਵਜੋਂ ਹੋਈ ਹੈ, ਜੋ ਭੀਮ ਸੇਨ ਦੁੱਗਲ ਦੀ ਪਤਨੀ ਹੈ ਤੇ ਭਾਜਪਾ ਸ਼ਹਿਰੀ ਜ਼ਿਲਾ ਜਨਰਲ ਸਕੱਤਰ ਅਸ਼ੋਕ ਸਰੀਨ ਦੀ ਨਜ਼ਦੀਕੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਵਿਨੋਦ ਕੁਮਾਰੀ ਦੁੱਗਲ ਵੀਰਵਾਰ ਨੂੰ ਘਰ ਵਿਚ ਇਕੱਲੀ ਸੀ। ਜਦੋਂ ਦੁਪਹਿਰ ਨੂੰ ਪਤੀ ਭੀਮਸੇਨ ਦੁੱਗਲ ਘਰ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਉਨ੍ਹਾਂ ਦੀ ਪਤਨੀ ਵਿਨੋਦ ਕੁਮਾਰੀ ਬੇਹੋਸ਼ ਪਈ ਸੀ। ਜਦੋਂ ਡਾਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ ਤਾਂ ਉਸ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।
ਔਰਤ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਬੱਸ ਅੱਡਾ ਪੁਲਸ ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਵਿਨੋਦ ਕੁਮਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।