ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ. ਏ. ਪੀ. ਖਾਦ ਦੀ ਰੁਕੀ ਸਪਲਾਈ, ਕਿਸਾਨ ਪ੍ਰਭਾਵਿਤ

10/29/2020 8:07:05 PM

ਜਲੰਧਰ : ਪੰਜਾਬ 'ਚ ਮਾਲ ਗੱਡੀਆਂ ਦੀ ਅਵਾਜਾਈ ਬੰਦ ਹੋਣ ਨਾਲ ਯੂਰੀਆ ਅਤੇ ਡੀ.ਏ.ਪੀ.ਖਾਦ ਦੀ ਸਪਲਾਈ ਬਿੱਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਕਣਕ ਅਤੇ ਆਲੂ ਦੀ ਫ਼ਸਲ ਦੀ ਤਿਆਰੀ ਵਿੱਚ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀ ਮਾਹਰਾਂ ਮੁਤਾਬਕ ਜਲੰਧਰ ਵਿੱਚ 1.70 ਲੱਖ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ, ਜੋ ਕਿ ਤਕਰੀਬਨ 4.25 ਲੱਖ ਏਕੜ ਬਣਦਾ ਹੈ ਅਤੇ ਪ੍ਰਤੀ ਏਕੜ 50 ਕਿਲੋ ਯੂਰੀਆ ਅਤੇ ਡੀ. ਏ. ਪੀ. ਖਾਦ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ 56 ਹਜ਼ਾਰ ਹੈਕਟੇਅਰ ਭੂਮੀ 'ਚ ਲੱਗੀ ਆਲੂ ਦੀ ਫ਼ਸਲ ਵਾਸਤੇ ਵੀ ਯੂਰੀਆ ਅਤੇ ਡੀ. ਏ. ਪੀ. ਦੀ ਬਹੁਤ ਜ਼ਰੂਰਤ ਹੈ ਪਰ ਮਾਲ ਗੱਡੀਆਂ ਬੰਦ ਹੋਣ ਨਾਲ ਇਨ੍ਹਾਂ ਦੋਵਾਂ ਅਤਿ ਜ਼ਰੂਰੀ ਖਾਦਾਂ ਦੀ ਸਪਲਾਈ ਨਹੀਂ ਹੋ ਪਾ ਰਹੀ, ਜਿਸ ਕਾਰਨ ਕਿਸਾਨ ਪ੍ਰਭਾਵਿਤ ਹੋ ਰਹੇ ਹਨ।
ਯੂਰੀਆ ਤੇ ਡੀ. ਏ. ਪੀ. ਦਾ ਛਿੜਕਾਅ ਫ਼ਸਲ ਨੂੰ ਪਕਾਉਣ 'ਚ ਬਹੁਤ ਅਹਿਮ ਰੋਲ ਨਿਭਾਉਂਦਾ ਹੈ, ਜੇਕਰ ਇਨ੍ਹਾਂ ਦੋਵਾਂ ਖਾਦਾਂ ਦਾ ਸਮੇਂ ਸਿਰ ਛਿੜਕਾਅ ਨਾ ਕੀਤਾ ਜਾਵੇ ਤਾਂ ਫ਼ਸਲਾਂ ਦਾ ਝਾੜ ਕਾਫ਼ੀ ਘੱਟ ਜਾਂਦਾ ਹੈ ਤੇ ਕਿਸਾਨਾਂ ਨੂੰ ਨੁਕਸਾਨ ਸਹਿਣਾ ਪੈਂਦਾ ਹੈ। ਖੇਤੀ ਮਾਹਰਾਂ ਮੁਤਾਬਕ ਯੂਰੀਆ ਵਿੱਚ ਨਾਈਟਰੋਜ਼ਨ ਹੁੰਦੀ ਹੈ ਅਤੇ ਡੀ.ਏ.ਪੀ. 'ਚ ਫਾਸ ਪੋਰਸ ਹੁੰਦੀ ਹੈ, ਜੋ ਕਿ ਫ਼ਸਲ ਦੀ ਪੈਦਾਵਾਰ ਵਿੱਚ ਅਹਿਮ ਰੋਲ ਨਿਭਾਉਂਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਕਾਫ਼ੀ ਹੁੰਦਾ ਹੈ। ਪੰਜਾਬ 'ਚ ਜ਼ਿਆਦਾਤਰ 15 ਤੋਂ 20 ਨਵੰਬਰ ਤੱਕ ਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਜੇਕਰ ਇਨ੍ਹਾਂ ਦੋਵਾਂ ਖਾਦਾਂ ਦੀ ਸਪਲਾਈ ਪੰਜਾਬ 'ਚ ਨਾ ਹੋਈ ਜਾਂ ਮਾਲ ਗੱਡੀਆਂ ਨਾ ਚਲਾਈਆਂ ਗਈਆਂ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

 


Deepak Kumar

Content Editor

Related News