ਯੂਨੀਅਨ ਨੇਤਾਵਾਂ ਨੇ ਨਿਗਮ ਕਮਿਸ਼ਨਰ ਦਫ਼ਤਰ ਘੇਰਿਆ, ਇਕ ਘੰਟੇ ਤੱਕ ਕੀਤੀ ਨਾਅਰੇਬਾਜ਼ੀ

Friday, Dec 02, 2022 - 04:14 PM (IST)

ਯੂਨੀਅਨ ਨੇਤਾਵਾਂ ਨੇ ਨਿਗਮ ਕਮਿਸ਼ਨਰ ਦਫ਼ਤਰ ਘੇਰਿਆ, ਇਕ ਘੰਟੇ ਤੱਕ ਕੀਤੀ ਨਾਅਰੇਬਾਜ਼ੀ

ਜਲੰਧਰ (ਖੁਰਾਣਾ)- ਲੰਮੇ ਸਮੇਂ ਤੋਂ ਬਾਅਦ ਵੀਰਵਾਰ ਨਿਗਮ ਪ੍ਰਸ਼ਾਸਨ ਅਤੇ ਯੂਨੀਅਨ ਨੇਤਾਵਾਂ ਵਿਚ ਤਕਰਾਰ ਦਾ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਚੰਦਨ ਗਰੇਵਾਲ ਦੀ ਅਗਵਾਈ ਵਿਚ ਵਾਲਮੀਕਿ ਸਮਾਜ ਅਤੇ ਨਿਗਮ ਯੂਨੀਅਨਾਂ ਨਾਲ ਜੁੜੇ ਪ੍ਰਤੀਨਿਧੀਆਂ ਨੇ ਨਿਗਮ ਕਮਿਸ਼ਨਰ ਆਫਿਸ ਨੂੰ ਘੇਰ ਲਿਆ ਅਤੇ ਲਗਭਗ 1 ਘੰਟੇ ਤੱਕ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਇਲਾਵਾ ਦਫ਼ਤਰ ਦੇ ਅੰਦਰ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਅਤੇ ਗੁਰਵਿੰਦਰ ਕੌਰ ਰੰਧਾਵਾ ਤੋਂ ਇਲਾਵਾ 2 ਸੁਪਰਿੰਟੈਂਡੈਂਟ ਵੀ ਸਨ। ਧਰਨੇ ਦੀ ਨੌਬਤ ਉਦੋਂ ਆਈ, ਜਦੋਂ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਅਤੇ ਚੰਦਨ ਗਰੇਵਾਲ ਵਿਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਬੈਠਕ ਤਲਖੀ ਤੱਕ ਪਹੁੰਚ ਗਈ ਅਤੇ ਜੁਆਇੰਟ ਕਮਿਸ਼ਨਰ ਬੈਠਕ ਵਿਚੋਂ ਉੱਠ ਕੇ ਆਪਣੇ ਦਫ਼ਤਰ ਵਿਚ ਚਲੀ ਗਈ।

ਚੰਦਨ ਗਰੇਵਾਲ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਨੇ ਸਵੇਰੇ 11 ਵਜੇ ਮਿਲਣ ਦਾ ਸਮਾਂ ਦਿੱਤਾ ਸੀ ਪਰ ਉਹ ਆਪਣੇ ਆਫਿਸ ਲਗਭਗ ਇਕ ਵਜੇ ਆਏ। ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਅਨ ਨੇਤਾਵਾਂ ਨੇ ਨਿਗਮ ਕਮਿਸ਼ਨਰ ਨੂੰ ਲਗਭਗ ਇਕ ਮਹੀਨਾ ਪਹਿਲਾਂ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਸੀ, ਜਿਸ ’ਤੇ ਨਿਗਮ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ :  ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਚੰਦਨ ਦਾ ਸਾਥ ਦੇਣ ਪਹੁੰਚੇ ਸਾਬਕਾ ਮੇਅਰ ਸੁਰੇਸ਼ ਸਹਿਗਲ

ਚੰਦਨ ਗਰੇਵਾਲ ਵੱਲੋਂ ਨਿਗਮ ਕੰਪਲੈਕਸ ’ਚ ਰੋਸ ਧਰਨਾ ਲਗਾਏ ਜਾਣ ਦੀ ਸੂਚਨਾ ਪ੍ਰਾਪਤ ਹੁੰਦੇ ਹੀ ਸਾਬਕਾ ਮੇਅਰ ਸੁਰੇਸ਼ ਸਹਿਗਲ ਵੀ ਧਰਨਾ ਸਥਾਨ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਨਿਗਮ ਕਮਿਸ਼ਨਰ ਦੀ ਕਾਰਜਸ਼ੈਲੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਨਹਿੱਤ ਨਾਲ ਜੁੜੇ ਮੁੱਦਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਅਧਿਕਾਰੀ ਆਪਣੇ ਆਫਿਸ ਵਿਚ ਬੈਠਦਾ ਹੀ ਨਹੀਂ। ਮੇਅਰ ਦੀ ਨਿਗਮ ਅਧਿਕਾਰੀਆਂ ’ਤੇ ਕੋਈ ਪਕੜ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਧਰਨਾ ਪ੍ਰਦਰਸ਼ਨ ਦੌਰਾਨ ਨਿਗਮ ਕਮਿਸ਼ਨਰ ਨੇ ਪੁਲਸ ਡਵੀਜ਼ਨ ਤੋਂ ਵਾਧੂ ਫੋਰਸ ਮੰਗਵਾ ਲਈ ਸੀ। ਉਥੇ ਪਹੁੰਚੇ ਉੱਚ ਪੁਲਸ ਅਧਿਕਾਰੀਆਂ ਨੇ ਚੰਦਨ ਗਰੇਵਾਲ ਨੂੰ ਮਨਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਚੰਦਨ ਦੇ ਅੱਗੇ ਬੇਵੱਸ ਦਿਸੇ।

ਸਮਾਰਟ ਸਿਟੀ ਦਫ਼ਤਰ ਨੂੰ ਵੀ ਘੇਰਣ ਦੀ ਸੀ ਯੋਜਨਾ

ਦਰਅਸਲ ਨਿਗਮ ਯੂਨੀਅਨ ਨੇਤਾਵਾਂ ਦੀ ਯੋਜਨਾ ਸਮਾਰਟ ਸਿਟੀ ਦਫ਼ਤਰ ਨੂੰ ਘੇਰਣ ਦੀ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਚੰਦਨ ਗਰੇਵਾਲ ਨੇ ਇਕ ਵਫਦ ਨਾਲ ਸਮਾਰਟ ਸਿਟੀ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਚੰਦਨ ਗਰੇਵਾਲ ਨੇ ਦੱਸਿਆ ਕਿ ਅੱਜਕਲ੍ਹ ਜ਼ਿਆਦਾਤਰ ਨਿਗਮ ਅਧਿਕਾਰੀ ਸਮਾਰਟ ਸਿਟੀ ਦਫ਼ਤਰ ਵਿਚ ਬੈਠ ਕੇ ਹੀ ਕੰਮ ਕਰ ਰਹੇ ਹਨ ਅਤੇ ਨਿਗਮ ਆਉਂਦੇ ਹੀ ਨਹੀਂ, ਜਿਸ ਕਾਰਨ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਅਤੇ ਰੁਟੀਨ ਦੇ ਕੰਮ ਵੀ ਨਹੀਂ ਹੋ ਰਹੇ।

ਤੇਲ ਚੋਰੀ, ਤਾਇਨਾਤੀ ’ਚ ਮਨਮਰਜ਼ੀ ਅਤੇ ਭਰਤੀ ’ਚ ਫਰਜ਼ੀਵਾੜੇ ਵਰਗੇ ਕਈ ਮੁੱਦੇ ਚੁੱਕੇ

ਰੋਸ ਪ੍ਰਦਰਸ਼ਨ ਦੌਰਾਨ ਚੰਦਨ ਗਰੇਵਾਲ, ਪਵਨ ਬਾਬਾ, ਅਮਲ ਸੰਸਥਾ ਦੇ ਸੰਸਥਾਪਕ ਅਜੇ ਕੁਮਾਰ ਅਤੇ ਹੋਰ ਯੂਨੀਅਨ ਨੇਤਾਵਾਂ ਨੇ ਨਿਗਮ ਨਾਲ ਸਬੰਧਤ ਕਈ ਮੁੱਦੇ ਚੁੱਕੇ। ਚੰਦਨ ਨੇ ਦੱਿਸਆ ਕਿ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਦੇ ਨਾਂ ’ਤੇ ਪਿਛਲੇ ਲੰਮੇ ਸਮੇਂ ਦੌਰਾਨ ਬਹੁਤ ਵੱਡਾ ਫਰਜ਼ੀਵਾੜਾ ਹੋਇਆ ਪਰ ਨਿਗਮ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਤੇਲ ਚੋਰੀ ਸਬੰਧੀ ਵੀ ਨਿਗਮ ਨੂੰ ਲਗਾਤਾਰ ਸਬੂਤ ਮਿਲੇ ਹਨ ਪਰ ਫਿਰ ਵੀ ਕੁਝ ਨਹੀਂ ਕੀਤਾ ਜਾ ਰਿਹਾ। ਪ੍ਰਾਈਵੇਟ ਲੋਕ ਨਿਗਮ ਦੀਆਂ ਗੱਡੀਆਂ ਚਲਾ ਰਹੇ ਹਨ, ਜਿਨ੍ਹਾਂ ’ਤੇ ਕੋਈ ਕਾਰਵਾਈ ਹੀ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਸੀਨੀਆਰਤਾ ਦੇ ਆਧਾਰ ’ਤੇ ਸੁਪਰਵਾਈਜ਼ਰਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਇਸ ਮਾਮਲੇ ਵਿਚ ਹੋ ਰਹੀ ਮਨਮਰਜ਼ੀ ਰੁਕ ਸਕੇ। ਕਮਿਸ਼ਨਰ ਨੇ ਉਨ੍ਹਾਂ ਸਾਰੇ ਮਾਮਲਿਆਂ ਲਈ ਚੰਦਨ ਗਰੇਵਾਲ ਨੂੰ ਮੰਗਲਵਾਰ ਨੂੰ ਫਿਰ ਬੈਠਕ ਕਰਨ ਦਾ ਸਮਾਂ ਦਿੱਤਾ ਹੈ।

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News