ਟ੍ਰੈਵਲ ਏਜੰਟਾਂ ਦੀ ਸੰਸਥਾ ਦੇ ਪ੍ਰਧਾਨ 'ਤੇ ਪੁਲਸ ਨੂੰ ਝੂਠੀ ਸ਼ਿਕਾਇਤ ਦੇਣ ਦਾ ਮਾਮਲਾ ਦਰਜ

11/14/2019 2:39:27 PM

ਜਲੰਧਰ (ਸੁਧੀਰ) : ਪੰਜਾਬ ਦੀ ਮੰਨੀ-ਪ੍ਰਮੰਨੀ ਕੰਪਨੀ ਏਂਜਲ ਇਮੀਗ੍ਰੇਸ਼ਨ ਦੇ ਮਾਲਕ ਵਿਨੇ ਹਰੀ ਦੇ ਅਕਸ ਅਤੇ ਕਾਰੋਬਾਰ ਖਰਾਬ ਕਰਨ ਤੇ ਪੁਲਸ ਨੂੰ ਝੂਠੀ ਸ਼ਿਕਾਇਤ ਦੇਣ ਦੇ ਦੋਸ਼ 'ਚ ਕਮਿਸ਼ਨਰੇਟ ਪੁਲਸ ਨੇ ਟ੍ਰੈਵਲ ਏਜੰਟਾਂ ਦੀ ਸੰਸਥਾ (ਏਕੋਸ) ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਅਮਨ ਨਗਰ ਸੋਡਲ ਰੋਡ ਦੇ ਖਿਲਾਫ 182 ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਪੁਲਸ ਜਾਂਚ 'ਚ ਪਤਾ ਲੱਗਾ ਕਿ ਹਰਦੀਪ ਸਿੰਘ ਨੇ ਕੁਝ ਸਮੇਂ ਪਹਿਲਾਂ ਡੀ. ਜੀ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਇਮੀਗ੍ਰੇਸ਼ਨ ਕਾਰੋਬਾਰੀ ਵਿਨੇ ਹਰੀ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨਾਲ ਲੱਖਾਂ-ਕਰੋੜਾਂ ਦੀ ਠੱਗੀ ਕੀਤੀ ਹੈ, ਜਿਸ ਦੇ ਬਾਅਦ ਮਾਮਲੇ ਦੀ ਜਾਂਚ ਜਲੰਧਰ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਸੌਂਪੀ ਗਈ। ਮਾਮਲੇ ਦੀ ਜਾਂਚ 'ਚ ਪਤਾ ਲੱਗਾ ਕਿ ਟ੍ਰੈਵਲ ਏਜੰਟਾਂ ਦੀ ਸੰਸਥਾ (ਏਕੋਸ) ਦੇ ਪ੍ਰਧਾਨ ਹਰਦੀਪ ਸਿੰਘ ਵਲੋਂ ਦਿੱਤੀ ਗਈ ਸ਼ਿਕਾਇਤ 'ਚ ਸਾਰੇ ਦੋਸ਼ ਬੇਬੁਨਿਆਦ ਪਾਏ ਗਏ। ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਵਿਨੇ ਹਰੀ ਕੋਲ ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਲਾਇਸੰਸ ਹੈ ਅਤੇ ਉਸ ਦੇ ਅਕਸ ਅਤੇ ਕਾਰੋਬਾਰ ਨੂੰ ਖਰਾਬ ਕਰਨ ਦੀ ਨੀਅਤ ਨਾਲ ਉਸ ਦੇ ਖਿਲਾਫ ਪੁਲਸ ਨੂੰ ਝੂਠੀ ਸ਼ਿਕਾਇਤ ਕੀਤੀ ਗਈ ਹੈ। ਦੂਸਰੇ ਪਾਸੇ ਏਂਜਲ ਇਮੀਗ੍ਰੇਸ਼ਨ ਦੇ ਐੱਮ. ਡੀ. ਵਿਨੇ ਹਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਕਿਸੇ ਵੀ ਅਰਜ਼ੀ ਨਾਲ ਕੋਈ ਐਡਵਾਂਸ ਪੈਸਾ ਨਹੀਂ ਲਿਆ ਜਾਂਦਾ ਅਤੇ ਉਸ ਦਾ ਕਾਰੋਬਾਰ ਅਤੇ ਅਕਸ ਖਰਾਬ ਕਰਨ ਲਈ ਹਰਦੀਪ ਸਿੰਘ ਨੇ ਉਨ੍ਹਾਂ ਦੇ ਖਿਲਾਫ ਝੂਠੀ ਸ਼ਿਕਾਇਤ ਦਿੱਤੀ ਸੀ। ਜਿਸ ਦੇ ਬਾਅਦ ਪੁਲਸ ਏਕੋਸ ਦੇ ਪ੍ਰਧਾਨ ਹਰਦੀਪ ਸਿੰਘ ਦੇ ਖਿਲਾਫ 182 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


Anuradha

Content Editor

Related News