ADCP ਦੇ ਚੇਤਾਵਨੀ ਨੂੰ ਬਣਾਇਆ ਮਜ਼ਾਕ,  ਆਟੋ ''ਚ 6 ਦੀ ਥਾਂ ਬਿਠਾਏ ਜਾ ਰਹੇ 14 ਬੱਚੇ

01/25/2020 12:18:44 PM

ਜਲੰਧਰ (ਵਰੁਣ)— ਆਟੋ ਵਾਲਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦਿੱਤੀ ਚੇਤਾਵਨੀ ਅਗਲੇ ਹੀ ਦਿਨ ਮਜ਼ਾਕ ਸਾਬਤ ਕਰ ਦਿੱਤੀ ਗਈ। ਆਟੋ ਵਾਲੇ ਨੂੰ ਏ. ਡੀ. ਸੀ. ਪੀ. ਦੀ ਚੇਤਾਵਨੀ ਦਾ ਕੋਈ ਫਰਕ ਨਹੀਂ ਪਿਆ। ਸ਼ੁੱਕਰਵਾਰ ਨੂੰ ਵੀ ਆਟੋ 'ਚ 10 ਤੋਂ 14 ਤੱਕ ਬੱਚਿਆਂ ਨੂੰ ਬਿਠਾ ਕੇ ਆਟੋ ਘੁੰਮਦੇ ਰਹੇ। ਜਦਕਿ ਸਕੂਲ ਦੇ ਬਾਹਰ ਬੱਚੇ ਆਟੋ ਦੀ ਡਰਾਈਵਿੰਗ ਸੀਟ 'ਤੇ ਬੈਠ ਕੇ ਸ਼ਰਾਰਤਾਂ ਕਰਦੇ ਰਹੇ।

ਵੀਰਵਾਰ ਨੂੰ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਟ੍ਰੈਫਿਕ ਥਾਣੇ 'ਚ ਆਟੋਜ਼ ਵਾਲਿਆਂ ਨੂੰ ਬੁਲਾ ਕੇ ਚੇਤਾਵਨੀ ਦਿੱਤੀ ਸੀ ਕਿ ਸ਼ਹਿਰ 'ਚ ਕਿਸੇ ਵੀ ਹਾਲਤ 'ਚ ਆਟੋ ਦੇ ਅੰਦਰ 6 ਤੋਂ ਵੱਧ ਸਕੂਲੀ ਬੱਚਿਆਂ ਨੂੰ ਨਹੀਂ ਬਿਠਾਇਆ ਜਾਵੇਗਾ ਜਦਕਿ ਆਟੋ 'ਚ ਪਰਦੇ ਵੀ ਨਹੀਂ ਲਗਾਏ ਜਾਣਗੇ ਅਤੇ ਪਰਦਿਆਂ ਦੀ ਥਾਂ ਉਥੇ ਗੇਟ ਲਗਾਏ ਜਾਣ ਤਾਂ ਕਿ ਬੱਚੇ ਆਟੋ ਦੇ ਬਾਹਰ ਡਿੱਗ ਨਾ ਸਕਣ। ਅਗਲੇ ਹੀ ਦਿਨ ਬੱਚਿਆਂ ਨੂੰ ਲੈ ਜਾ ਰਹੇ ਆਟੋ 'ਚ ਗੇਟ ਤਾਂ ਨਹੀਂ ਲੱਗੇ ਦਿਖੇ, ਸਗੋਂ ਪਹਿਲਾਂ ਦੀ ਤਰ੍ਹਾਂ ਪਰਦੇ ਹੀ ਲੱਗੇ ਹੋਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਆਟੋ 'ਚ 12 ਤੋਂ 14 ਬੱਚੇ ਬੈਠੇ ਸਨ।

ਆਟੋ ਦੇ ਪਿਛੇ ਵੀ ਖੁੱਲ੍ਹੇ 'ਚ ਬੱਚੇ ਬਿਠਾ ਰੱਖੇ ਸਨ ਜੋ ਸ਼ਰਾਰਤਾਂ ਕਰ ਰਹੇ ਸਨ। ਜੇਕਰ ਆਟੋ ਨੂੰ ਝਟਕਾ ਲੱਗਦਾ ਤਾਂ ਬੱਚੇ ਡਿੱਗ ਸਕਦੇ ਸਨ। ਹਾਲਾਂਕਿ ਇਕ ਸਕੂਲ ਦੇ ਬਾਹਰ ਤਾਂ ਬੱਚੇ ਆਟੋ ਦੀ ਡਰਾਈਵਿੰਗ ਸੀਟ 'ਤੇ ਬੈਠ ਕੇ ਸ਼ਰਾਰਤਾਂ ਕਰ ਕਰ ਰਹੇ ਸਨ। ਇਸ ਸਬੰਧੀ ਜਦ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ 12 ਆਟੋਜ਼ ਦੇ ਚਾਲਾਨ ਕੱਟੇ ਹਨ। ਉਨ੍ਹਾਂ 'ਚ ਕੁਝ ਓਵਰਲੋਡ ਸਨ, ਕੁਝ ਆਊਟ ਆਫ ਰੂਟ ਸਨ ਅਤੇ ਕੁਝ ਕੋਲ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਟੋ ਵਾਲਿਆਂ 'ਤੇ ਸਖਤੀ ਕੀਤੀ ਜਾਵੇਗੀ ਤਾਂ ਕਿ ਆਟੋ 'ਚ 6 ਤੋਂ ਵੱਧ ਬੱਚੇ ਨਾ ਬੈਠਣ। ਏ. ਡੀ. ਸੀ. ਪੀ ਨੇ ਪੇਰੇਂਟਸ ਨੂੰ ਅਪੀਲ ਕਰਦੇ ਕਿਹਾ ਕਿ ਜਿਸ ਆਟੋ 'ਚ ਚਾਲਕ 6 ਤੋਂ ਜ਼ਿਆਦਾ ਬੱਚੇ ਬਿਠਾਉਂਦੇ ਹਨ ਉਹ ਉਕਤ ਆਟੋ ਬਦਲ ਕੇ ਕੋਈ ਹੋਰ ਆਟੋ ਲਗਾਉਣ ਤਾਂ ਕਿ ਬੱਚੇ ਸੁਰੱਖਿਅਤ ਆਟੋ 'ਚ ਆ ਜਾ ਸਕਣ।


shivani attri

Content Editor

Related News