ਟਰੈਫਿਕ ਪੁਲਸ ਨੇ ਨਾਬਾਲਗ ਵਿਦਿਆਰਥੀਆਂ ਨੂੰ ਵਾਹਨ ਨਾ ਚਲਾਉਣ ਦੀ ਕੀਤੀ ਅਪੀਲ
Saturday, Jan 18, 2020 - 11:13 AM (IST)
ਜਲੰਧਰ (ਵਰੁਣ)— 31ਵਾਂ ਨੈਸ਼ਨਲ ਰੋਡ ਸੇਫਟੀ ਵੀਕ ਸ਼ੁੱਕਰਵਾਰ ਨੂੰ ਸੰਪੰਨ ਹੋ ਗਿਆ। 11 ਜਨਵਰੀ ਨੂੰ ਸ਼ੁਰੂ ਹੋਏ ਇਸ ਵੀਕ ਦੇ ਆਖਰੀ ਦਿਨ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ 'ਚ ਸੈਮੀਨਾਰ ਲਗਾ ਕੇ ਨਾਬਾਲਗ ਵਿਦਿਆਰਥੀਆਂ ਨੂੰ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ। ਇਸ ਸੈਮੀਨਾਰ 'ਚ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ, ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ, ਐਜੂਕੇਸ਼ਨ ਸੈੱਲ ਦੀ ਟੀਮ, ਸਕੂਲ ਦੀ ਪ੍ਰਿੰਸੀਪਲ ਰਚਨਾ ਮੋਂਗਾ ਅਤੇ ਸਟਾਫ ਸਮੇਤ ਵਿਦਿਆਰਥੀ ਸ਼ਾਮਲ ਸਨ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਖੁਦ ਦੀ ਲਾਪਰਵਾਹੀ ਕਾਰਨ ਲੋਕਾਂ ਦੇ ਐਕਸੀਡੈਂਟ ਹੁੰਦੇ ਹਨ, ਜਿਸ ਤੋਂ ਬਚਣ ਲਈ ਲੋਕਾਂ ਨੂੰ ਟਰੈਫਿਕ ਦੇ ਹਰ ਇਕ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬਿਨਾਂ ਹੈਲਮੇਟ ਦੇ ਵਾਹਨ ਨਾ ਚਲਾਏ।
ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੇ ਪੈਂਫਲੇਟ ਵੀ ਵੰਡੇ ਗਏ। ਇਸ ਸੈਮੀਨਾਰ ਦੇ ਆਖਰੀ ਦਿਨ ਟਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਦੀ ਟੀਮ ਨੇ ਪਿਮਸ ਹਸਪਤਾਲ ਦੇ ਸਾਹਮਣੇ ਸਥਿਤ ਰਿਲਾਇੰਸ ਮਾਲ 'ਚ ਜਾ ਕੇ ਸਟਾਫ ਦੇ ਮੈਂਬਰਾਂ ਨੂੰ ਟਰੈਫਿਕ ਨਿਯਮਾਂ ਨੂੰ ਲੈ ਕੇ ਜਾਗਰੂਕ ਕੀਤਾ। ਸਟਾਫ ਦੇ ਮੈਂਬਰਾਂ ਨੇ ਵੀ ਪ੍ਰਣ ਲਿਆ ਕਿ ਉਹ ਭਵਿੱਖ 'ਚ ਸਾਰੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ।