ਟਰੈਕਟਰ-ਟੈਂਪੂ ਦੀ ਟੱਕਰ ਦੌਰਾਨ 5 ਜ਼ਖਮੀ ਤੇ 3 ਗੰਭੀਰ

04/17/2019 10:39:07 PM

ਲੋਹੀਆਂ ਖਾਸ,(ਮਨਜੀਤ, ਰਾਜਪੂਤ) : ਲੋਹੀਆਂ-ਮਲਸੀਆਂ ਰੋਡ 'ਤੇ ਪਿੰਡ ਤਾਸ਼ਪੁਰ ਮੌੜ ਨੇੜੇ ਟਰੈਕਟਰ-ਟੈਂਪੂ ਦੀ ਹੋਈ ਭਿਆਨਕ ਟੱਕਰ 'ਚ ਪੰਜ ਵਿਅਕਤੀਆਂ ਦੇ ਜਖ਼ਮੀ ਤੇ ਤਿੰਨ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਹਸਪਾਤਲ 'ਚ ਜ਼ੇਰੇ ਇਲਾਜ਼ ਚੰਦਨ ਕੁਮਾਰ ਪੁੱਤਰ ਰਾਮਦਾਸ ਵਾਸੀ ਬਿਹਾਰ 'ਤੇ ਟੈਂਪੂ ਚਾਲਕ ਮਹਿੰਦਰ ਗਿੱਲ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਟੈਂਪੂ 'ਚ ਸਵਾਰ ਦਰਜ਼ਨ ਦੇ ਕਰੀਬ ਵਿਅਕਤੀ ਮਲਸੀਆਂ ਤੋਂ ਲੋਹੀਆਂ ਵੱਲ ਨੂੰ ਆ ਰਹੇ ਸੀ ਕਿ ਪਿੰਡ ਤਾਸ਼ਪੁਰ ਮੌੜ ਨੇੜੇ ਸਾਹਮਣੇ ਤੋਂ ਆਉਂਦੇ ਟ੍ਰੈਕਟਰ ਚਾਲਕ ਤੋਂ ਟਰੈਕਟਰ ਬੇਕਾਬੂ ਹੋ ਕੇ ਟੈਂਪੂ 'ਚ ਆ ਟਕਰਾਇਆ। ਜਿਸ ਦੇ ਚੱਲਦਿਆਂ ਟੈਂਪੂ ਸਵਾਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਨੇ ਸਥਾਨਕ ਸਿਵਲ ਹਸਪਾਤਲ 'ਚ ਦਾਖਲ ਕਰਾਇਆ। ਜਿਥੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਖਮੀ ਵਿਅਕਤੀਆਂ 'ਚੋਂ ਬਲਦੇਵ ਸਿੰਘ ਪੁੱਤਰ ਲਛਮਣ ਸਿੰਘ, ਕੁਲਵੀਰ ਕੌਰ ਪਤਨੀ ਵੀਰ ਸਿੰਘ ਤੇ ਚਰਨੋ ਪਤਨੀ ਦੇਬਾ ਨਾਮਕ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ। ਜਦਕਿ ਮਹਿੰਦਰ, ਪ੍ਰਕਾਸ਼ ਮਹਿਤੋ ਪੁੱਤਰ ਜਗਦੀਸ਼ ਮਹਿਤੋਂ, ਬਬੀਤਾ ਪਤਨੀ ਪ੍ਰਕਾਸ਼ ਮਹਿਤੋ, ਯਸ਼ੋਦਾ ਪਤਨੀ ਚੰਦਨ ਕੁਮਾਰ ਤੇ ਚੰਦਨ ਪੁੱਤਰ ਰਮਦਾਰ ਦੀ ਹਾਲਤ ਨੂੰ ਖਤਰੇ 'ਚੋਂ ਬਾਹਰ ਦੱਸਿਆ। ਟੈਂਪੂ ਸਵਾਰ ਵਿਅਕਤੀਆਂ 'ਚ ਦੋ ਨੰਨੇ-ਮੁੰਨੇ ਬੱਚੇ ਵੀ ਆਪਣੇ ਮਾਤਾ-ਪਿਤਾ ਨਾਲ ਸਵਾਰ ਸਨ, ਜੋ ਕਿ ਵਾਪਰੇ ਹਾਦਸੇ ਤੋਂ ਬਾਅਦ ਬਿਲਕੁਲ ਸਹੀ ਸਲਾਮਤ ਸਨ। ਜਿਨਾਂ ਨੂੰ ਖਰੋਚ ਤੱਕ ਨਹੀਂ ਆਈ।


Related News