ਨਸ਼ਾ ਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ 3 ਵਿਅਕਤੀ ਗ੍ਰਿਫ਼ਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ
Tuesday, Oct 20, 2026 - 04:08 AM (IST)
ਗੁਰੂ ਕਾ ਬਾਗ (ਭੱਟੀ) : ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲਸ ਵੱਲੋਂ ਅੱਜ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਸ਼ਾ ਤਸਕਰੀ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦੇ ਤਿੰਨ ਕਾਰਕੁੰਨਾਂ ਨੂੰ 10 ਪਿਸਤੌਲਾਂ ਅਤੇ 1.022 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੌਤਮ ਉਰਫ਼ ਅਜੈ (28) -ਜੋ ਪੇਸ਼ੇ ਤੋਂ ਬਾਊਂਸਰ ਹੈ ਅਤੇ ਪਿੰਡ ਸੈਂਸਰਾ ਖੁਰਦ ਤੇ ਰਵੀ ਸ਼ੇਰ ਸਿੰਘ (22) ਪਿੰਡ ਗੁਰੂ ਕਾ ਬਾਗ਼ ਥਾਣਾ ਝੰਡੇਰ ਦੇ ਰਹਿਣ ਵਾਲੇ ਹਨ ਤੇ ਰਾਜਬੀਰ ਸਿੰਘ ਉਰਫ਼ ਰਾਜਾ (24), ਜੋ ਪਿੰਡ ਬਾਸਰਕੇ ਭੈਣੀ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿੱਚ ਪਾਲ ਐਵੇਨਿਊ (ਅੰਮ੍ਰਿਤਸਰ ਦਿਹਾਤੀ) ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ 9 ਐਮ.ਐਮ. ਗਲੋਕ ਪਿਸਤੌਲ ਅਤੇ ਸੱਤ .30 ਬੋਰ ਪਿਸਤੌਲ ਸ਼ਾਮਲ ਹਨ। ਪੁਲਸ ਟੀਮਾਂ ਨੇ ਤਸਕਰੀ ਲਈ ਵਰਤਿਆ ਜਾ ਰਿਹਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਮੁਲਜ਼ਮਾਂ ਨੂੰ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਂਦੇ ਸਨ ਤਾਂ ਜੋ ਇਹ (ਹਥਿਆਰ) ਅੱਗੇ ਸਪਲਾਈ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਕਾਰਕੁੰਨਾਂ ਦੀ ਪਛਾਣ ਕਰਨ ਅਤੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਖੁਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਥਾਣਾ ਕੈਂਟ ਖੇਤਰ ਤੋਂ ਗੌਤਮ ਉਰਫ਼ ਅਜੈ ਅਤੇ ਰਵੀ ਸ਼ੇਰ ਸਿੰਘ ਨੂੰ ਦੋ ਗਲੋਕ ਪਿਸਤੌਲਾਂ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਸਖ਼ਤੀ ਨਾਲ ਪੁੱਛਗਿੱਛ ਕਰਨ’ਤੇ ਮੁਲਜ਼ਮ ਗੌਤਮ ਦੇ ਖੁਲਾਸੇ ’ਤੇ ਪੁਲਿਸ ਨੇ ਸੱਤ ਹੋਰ ਪਿਸਤੌਲ ਬਰਾਮਦ ਕੀਤੇ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ, ਜਾਣੋ ਮਾਮਲਾ
ਉਨ੍ਹਾਂ ਦੱਸਿਆ ਕਿ ਅਗਲੇਰੀ ਤਫ਼ਤੀਸ਼ ਦੌਰਾਨ ਪੁਲਸ ਟੀਮਾਂ ਨੇ ਉਨ੍ਹਾਂ ਦੇ ਤੀਜੇ ਸਾਥੀ, ਜਿਸ ਦੀ ਪਛਾਣ ਰਾਜਬੀਰ ਸਿੰਘ ਉਰਫ਼ ਰਾਜਾ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਇੱਕ ਹੋਰ .30 ਬੋਰ ਪਿਸਤੌਲ ਅਤੇ 1.022 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਹੁਣ ਤੱਕ ਕੁੱਲ ਦਸ ਪਿਸਤੌਲਾਂ ਦੀ ਬਰਾਮਦਗੀ ਕੀਤੀ ਗਈ ਹੈ। ਸੀ.ਪੀ. ਨੇ ਦੱਸਿਆ ਕਿ ਗੌਤਮ ਅਤੇ ਰਾਜਬੀਰ ਦੋਵਾਂ ਦਾ ਹੀ ਅਪਰਾਧਿਕ ਪਿਛੋਕੜ ਹੈ। ਗੌਤਮ ਵਿਰੁੱਧ ਪਹਿਲਾਂ ਹੀ ’ਆਰਮਜ਼ ਐਕਟ’ ਅਤੇ ’ਐਨ.ਡੀ.ਪੀ.ਐਸ. ਐਕਟ’ ਤਹਿਤ ਦੋ ਮਾਮਲੇ ਦਰਜ ਹਨ, ਜਦਕਿ ਰਾਜਬੀਰ ਵਿਰੁੱਧ ’ਐਨ.ਡੀ.ਪੀ.ਐਸ. ਐਕਟ’ ਤਹਿਤ ਪੰਜ ਮਾਮਲੇ ਚੱਲ ਰਹੇ ਹਨ। ਇਸ ਸਬੰਧ ਵਿੱਚ ਐਫ.ਆਈ.ਆਰ. ਨੰਬਰ 193, ਮਿਤੀ 13.10.2026 ਨੂੰ ’ਆਰਮਜ਼ ਐਕਟ’ ਦੀਆਂ ਧਾਰਾਵਾਂ 25(6), 25(7) ਅਤੇ 25(8) ਅਤੇ ’ਐਨ.ਡੀ.ਪੀ.ਐਸ. ਐਕਟ’ ਦੀਆਂ ਧਾਰਾਵਾਂ 21(ਸੀ) ਅਤੇ 29 ਤਹਿਤ ਅੰਮ੍ਰਿਤਸਰ ਦੇ ਥਾਣਾ ਕੈਂਟ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
