ਮੋਗਾ-ਕੋਟ ਈਸੇ ਖਾਂ ਰੋਡ ’ਤੇ ਦੋ ਗੱਡੀਆਂ ਦੀ ਭਿਆਨਕ ਟੱਕਰ, ਔਰਤ ਸਮੇਤ 2 ਦੀ ਮੌਤ

Wednesday, Oct 21, 2026 - 01:30 PM (IST)

ਮੋਗਾ-ਕੋਟ ਈਸੇ ਖਾਂ ਰੋਡ ’ਤੇ ਦੋ ਗੱਡੀਆਂ ਦੀ ਭਿਆਨਕ ਟੱਕਰ, ਔਰਤ ਸਮੇਤ 2 ਦੀ ਮੌਤ

ਮੋਗਾ (ਆਜ਼ਾਦ, ਗਰੋਵਰ) : ਅੱਜ ਮੋਗਾ-ਕੋਟ ਈਸੇ ਖਾਂ ਰੋਡ ’ਤੇ ਪਿੰਡ ਗਗੜਾ ਨੇੜੇ ਦੋ ਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਮਨਦੀਪ ਕੌਰ ਵਾਸੀ ਪਿੰਡ ਫਤਿਹਾਬਾਦ, ਹਰਿਆਣਾ ਅਤੇ ਉਸ ਦੀ ਗੱਡੀ ਦੇ ਚਾਲਕ ਕੁਲਦੀਪ ਸਿੰਘ ਵਾਸੀ ਫਤਿਹਾਬਾਦ, ਹਰਿਆਣਾ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਮਨਦੀਪ ਕੌਰ ਦਾ ਪਤੀ ਅਰਮਾਨ ਅਤੇ ਦੂਜੀ ਗੱਡੀ ਦਾ ਚਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਭਰਥ, ਗੁਰਦਾਸਪੁਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਕਮਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਫਤਿਹਾਬਾਦ ਵਾਸੀ ਅਰਮਾਨ ਆਪਣੀ ਪਤਨੀ ਮਨਦੀਪ ਕੌਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀ ਗੱਡੀ ਵਿਚ ਵਾਪਸ ਹਰਿਆਣਾ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਕੁਲਦੀਪ ਸਿੰਘ ਚਲਾ ਰਿਹਾ ਸੀ। ਜਦੋਂ ਉਹ ਪਿੰਡ ਗਗੜਾ ਨੇੜੇ ਪਹੁੰਚੇ ਤਾਂ ਮੋਗਾ ਵੱਲੋਂ ਆ ਰਹੀ ਮਹਿੰਦਰਾ ਗੱਡੀ, ਜਿਸ ਨੂੰ ਪਿੰਡ ਭਰਥ ਵਾਸੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ, ਦੀ ਕੀਆ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ।

ਇਸ ਭਿਆਨਕ ਹਾਦਸੇ ਵਿਚ ਕੀਆ ਗੱਡੀ ਦੇ ਚਾਲਕ ਕੁਲਦੀਪ ਸਿੰਘ (30) ਅਤੇ ਮਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਅਰਮਾਨ ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤੀਆਂ ਗਈਆਂ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਹਾਦਸੇ ਵਿਚ ਨੁਕਸਾਨੀਆਂ ਦੋਵੇਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ।


author

Gurminder Singh

Content Editor

Related News