ਨਕਾਬਪੋਸ਼ਾਂ ਵੱਲੋਂ ਸੁਰੱਖਿਆ ਮੁਲਾਜ਼ਮ ਨੂੰ ਬੰਦੀ ਬਣਾ ਕੇ ਕਾਲਜ ’ਚ ਭੰਨ-ਤੋੜ
Wednesday, Dec 12, 2018 - 05:36 AM (IST)

ਟਾਂਡਾ ਉਡ਼ਮੁਡ਼, (ਪੰਡਿਤ)- ਬੀਤੀ ਰਾਤ ਕੁਝ ਅਣਪਛਾਤੇ ਨਕਾਬਪੋਸ਼ਾਂ ਨੇ ਡਿਪਸ ਪੋਲੀਟੈਕਨਿਕ ਕਾਲਜ ਰਡ਼ਾ ਮੋਡ਼ ਵਿਚ ਸੁਰੱਖਿਆ ਮੁਲਾਜ਼ਮ ਨੂੰ ਬੰਦੀ ਬਣਾ ਕੇ ਭੰਨ-ਤੋੜ ਕਰਨ ਦੇ ਨਾਲ-ਨਾਲ ਕਾਲਜ ਦੇ ਰਿਕਾਰਡ ਨਾਲ ਵੀ ਛੇਡ਼ਛਾਡ਼ ਕੀਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਕਾਲਜ ਕੈਂਪਸ ਵਿਚੋਂ ਕੋਈ ਵੀ ਕੀਮਤੀ ਚੀਜ਼ ਚੋਰੀ ਨਹੀਂ ਕੀਤੀ। ਇਹ ਗੱਲ ਜਾਂਚ ਦਾ ਵਿਸ਼ਾ ਹੈ ਕਿ ਉਨ੍ਹਾਂ ਕਾਲਜ ’ਚ ਦਾਖਲ ਹੋ ਕੇ ਅਲਮਾਰੀਆਂ ਤੋਡ਼ ਕੇ ਫਰੋਲਾ-ਫ਼ਰਾਲੀ ਕਰ ਕੇ ਮਹਿਜ਼ ਰਿਕਾਰਡ ਨਾਲ ਹੀ ਛੇਡ਼ਛਾਡ਼ ਕਿਉਂ ਕੀਤੀ।
ਟਾਂਡਾ ਪੁਲਸ ਨੂੰ ਜਾਣਕਾਰੀ ਦਿੰਦਿਆਂ ਡਿਪਸ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਗੁਰਿੰਦਰ ਸਿੰਘ ਅਤੇ ਕਾਲਜ ਆਫ ਐਜੂਕੇਸ਼ਨ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ 10 ਦਸੰਬਰ ਨੂੰ ਸਵੇਰੇ ਤਡ਼ਕੇ 3 ਵਜੇ ਦੇ ਕਰੀਬ ਕੁਝ ਅਣਪਛਾਤੇ ਨਕਾਬਪੋਸ਼ ਕਾਲਜ ਕੈਂਪਸ ਵਿਚ ਦਾਖਲ ਹੋਏ। ਨਕਾਬਪੋਸ਼ਾਂ ’ਚੋਂ ਇਕ ਨੇ ਕਾਲਜ ਦੇ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਸਿੰਘ ਉੱਤੇ ਤਲਵਾਰ ਤਾਣਦੇ ਹੋਏ ਉਸ ਨੂੰ ਬੰਦੀ ਬਣਾ ਲਿਆ ਅਤੇ ਬਾਕੀ ਨਕਾਬਪੋਸ਼ਾਂ ਨੇ ਲਾਈਟਾਂ ਬੰਦ ਕਰ ਕੇ ਸੀ. ਸੀ. ਟੀ. ਵੀ. ਕੈਮਰੇ ਛੱਤ ਵੱਲ ਘੁਮਾ ਦਿੱਤੇ। ਉਪਰੰਤ ਉਨ੍ਹਾਂ ਦੋਵਾਂ ਕਾਲਜਾਂ ਦੇ 5 ਕਮਰਿਆਂ ਦੀਆਂ ਲਗਭਗ 11 ਅਲਮਾਰੀਆਂ ਤੋਡ਼ੀਆਂ ਅਤੇ ਰਿਕਾਰਡ ਨਾਲ ਛੇਡ਼ਛਾਡ਼ ਕੀਤੀ। ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਰਿਕਾਰਡ ਦੀ ਛਾਣਬੀਣ ਕਰ ਰਹੇ ਹਨ।
ਜੇਕਰ ਰਿਕਾਰਡ ਘੱਟ ਪਾਇਆ ਗਿਆ ਤਾਂ ਪੁਲਸ ਨੂੰ ਸੂਚਨਾ ਦੇ ਦਿੱਤੀ ਜਾਵੇਗੀ। ਗੁਰਿੰਦਰ ਸਿੰਘ ਮੁਤਾਬਕ ਕਾਲਜ ’ਚੋਂ ਕੋਈ ਕੀਮਤੀ ਸਾਮਾਨ ਚੋਰੀ ਨਹੀਂ ਹੋਇਆ, ਜਦਕਿ ਤੋਡ਼ੀਆਂ ਅਲਮਾਰੀਆਂ ਵਿਚ ਮੋਬਾਇਲ, ਕੈਮਰੇ ਆਦਿ ਕੀਮਤੀ ਸਾਮਾਨ ਵੀ ਪਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਇਹ ਪਤਾ ਲਾਉਣ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਕਿ ਅਣਪਛਾਤੇ ਵਿਅਕਤੀ ਕੌਣ ਸਨ ਅਤੇ ਉਨ੍ਹਾਂ ਦੀ ਕੀ ਮਨਸ਼ਾ ਹੋਵੇਗੀ।