6 ਦਿਨਾਂ ਦੇ ਧਰਨੇ ਮਗਰੋਂ ਸੁਲਝਿਆ ਵਿਵਾਦ, ਮਾਡਲ ਟਾਊਨ ਡੰਪ ’ਤੇ ਸਿਰਫ਼ 2 ਵਾਰਡਾਂ ਦਾ ਹੀ ਆਵੇਗਾ ਕੂੜਾ

10/02/2022 12:24:04 PM

ਜਲੰਧਰ (ਖੁਰਾਣਾ)–ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਨੂੰ ਲੈ ਕੇ ਨੇੜਲੀਆਂ ਕਈ ਕਾਲੋਨੀਆਂ ਦੇ ਲੋਕ ਪਿਛਲੇ 6 ਦਿਨਾਂ ਤੋਂ ਧਰਨੇ ’ਤੇ ਬੈਠੇ ਹੋਏ ਸਨ ਪਰ ਸ਼ਨੀਵਾਰ ਇਹ ਵਿਵਾਦ ਉਦੋਂ ਸੁਲਝ ਗਿਆ, ਜਦੋਂ ਇਸ ਮਾਮਲੇ ਵਿਚ ਬਣੀਆਂ ਤਿੰਨ ਧਿਰਾਂ ਵਿਚਕਾਰ ਇਹ ਫ਼ੈਸਲਾ ਹੋਇਆ ਕਿ ਹੁਣ ਮਾਡਲ ਟਾਊਨ ਡੰਪ ’ਤੇ ਸਿਰਫ਼ 2 ਵਾਰਡਾਂ ਦਾ ਕੂੜਾ ਹੀ ਆਵੇਗਾ ਅਤੇ ਬਾਕੀ ਕੂੜਾ ਜੋਤੀ ਨਗਰ ਡੰਪ ਅਤੇ ਹੋਰ ਥਾਵਾਂ ’ਤੇ ਸ਼ਿਫਟ ਕੀਤਾ ਜਾਵੇਗਾ।

ਇਸ ਫ਼ੈਸਲੇ ਤਹਿਤ ਹੁਣ ਮਾਡਲ ਟਾਊਨ ਡੰਪ ’ਤੇ ਸਿਰਫ਼ ਕੌਂਸਲਰ ਬਲਰਾਜ ਠਾਕੁਰ ਅਤੇ ਕੌਂਸਲਰ ਹੈਪੀ ਦੇ ਵਾਰਡਾਂ ਦਾ ਹੀ ਕੂੜਾ ਸੁੱਟਿਆ ਜਾਇਆ ਕਰੇਗਾ। ਇਸ ਦੇ ਨਾਲ-ਨਾਲ ਨਿਗਮ ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ ’ਤੇ ਆਧਾਰਿਤ ਐਕਸ਼ਨ ਕਮੇਟੀ ਨੂੰ ਇਹ ਭਰੋਸਾ ਵੀ ਦਿੱਤਾ ਕਿ 45 ਦਿਨਾਂ ਅੰਦਰ ਮਾਡਲ ਟਾਊਨ ਡੰਪ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਬੀਤੇ ਦਿਨੀਂ ਸੰਤ ਬਾਬਾ ਸੀਚੇਵਾਲ ਨੇ ਵੀ ਦਖ਼ਲ ਦਿੰਦਿਆਂ ਨਿਗਮ ਨੂੰ ਇਸ ਵਿਵਾਦ ਨੂੰ ਸੁਲਝਾਉਣ ਲਈ ਕਿਹਾ ਸੀ ਅਤੇ ਜੁਆਇੰਟ ਐਕਸ਼ਨ ਕਮੇਟੀ ਨੂੰ ਵੀ ਸ਼ਹਿਰ ਨਿਵਾਸੀਆਂ ਦਾ ਭਰਪੂਰ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਨਿਗਮ ਪ੍ਰਸ਼ਾਸਨ ਨੂੰ ਅਜਿਹੇ ਭਰੋਸੇ ਦੇਣੇ ਪਏ।

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਲੋਕਾਂ ਅਤੇ ਸਫ਼ਾਈ ਕਰਮਚਾਰੀਆਂ ਵਿਚਕਾਰ ਟਕਰਾਅ ਹੁੰਦਾ-ਹੁੰਦਾ ਟਲਿਆ
ਮਾਡਲ ਟਾਊਨ ਡੰਪ ਮਾਮਲੇ ਨੂੰ ਲੈ ਕੇ ਸ਼ਨੀਵਾਰ ਸਾਰਾ ਦਿਨ ਧਰਨਾ ਸਥਾਨ ਅਤੇ ਹੋਰ ਥਾਵਾਂ ’ਤੇ ਮਾਹੌਲ ਤਣਾਅਪੂਰਨ ਦੇਖਿਆ ਗਿਆ। ਇਕ ਵਾਰ ਤਾਂ ਟਕਰਾਅ ਦੇ ਪੂਰੇ-ਪੂਰੇ ਚਾਂਸ ਬਣ ਗਏ ਸਨ, ਜਦੋਂ ਦਰਜਨਾਂ ਦੀ ਗਿਣਤੀ ਵਿਚ ਰੈਗ ਪਿਕਸਰ ਅਤੇ ਸਫ਼ਾਈ ਕਰਮਚਾਰੀਆਂ ਨਾਲ ਪਹੁੰਚੇ ਚੰਦਨ ਗਰੇਵਾਲ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਤੀਨਿਧੀ ਆਹਮੋ-ਸਾਹਮਣੇ ਹੋ ਗਏ। ਸੀਨੀਅਰ ਪੁਲਸ ਅਧਿਕਾਰੀਆਂ ਨੇ ਵੀ ਮੌਕਾ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਿੰਨਾਂ ਧਿਰਾਂ ਦੀ ਸੂਝਬੂਝ ਨਾਲ ਮਾਮਲਾ ਕੁਝ ਹੀ ਦੇਰ ਬਾਅਦ ਠੰਡਾ ਪੈਂਦਾ ਗਿਆ। ਸਾਰੀਆਂ ਧਿਰਾਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਸਨ ਕਿ ਆਉਣ ਵਾਲੇ ਕੁਝ ਦਿਨ ਪ੍ਰਕਾਸ਼ ਪੁਰਬ ਅਤੇ ਤਿਉਹਾਰਾਂ ਨਾਲ ਸਬੰਧਤ ਹਨ, ਅਜਿਹੀ ਹਾਲਤ ਵਿਚ ਤਣਾਅਪੂਰਨ ਮਾਹੌਲ ਸ਼ਹਿਰ ਦੀ ਹਵਾ ਨੂੰ ਬਦਲ ਸਕਦਾ ਸੀ। ਇਸ ਦੌਰਾਨ ਚੰਦਨ ਗਰੇਵਾਲ ਨੇ ਜਿੱਥੇ ਸਫ਼ਾਈ ਕਰਮਚਾਰੀਆਂ ਦੀ ਸਥਿਤੀ ਨੂੰ ਲੈ ਕੇ ਕਈ ਤਰਕ ਦਿੱਤੇ, ਉਥੇ ਹੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਵਿਚ ਵੀ ਤਾਲਮੇਲ ਕਮੇਟੀ, ਕੌਂਸਲਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਆ ਜੁੜੀਆਂ। ਇਸ ਕਾਰਨ ਨਿਗਮ ਅਤੇ ਪੁਲਸ ਅਧਿਕਾਰੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ।

ਇਹ ਵੀ ਪੜ੍ਹੋ: ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ

ਇਸ ਸਮਝੌਤੇ ਤਹਿਤ ਮਾਡਲ ਟਾਊਨ ਡੰਪ ਦਾ ਵਿਵਾਦ ਤਾਂ ਖੈਰ ਕੁਝ ਸਮੇਂ ਲਈ ਠੰਡਾ ਪੈ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਜੋਤੀ ਨਗਰ ਡੰਪ ’ਤੇ ਤਣਾਅ ਵਧਣ ਦੀ ਸੰਭਾਵਨਾ ਹੈ ਕਿਉਂਕਿ ਉਥੇ ਕਾਫ਼ੀ ਸਮੇਂ ਬਾਅਦ ਕੂੜਾ ਸੁੱਟਿਆ ਜਾਣਾ ਸ਼ੁਰੂ ਹੋ ਰਿਹਾ ਹੈ। ਭਾਵੇਂ ਨਿਗਮ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਦੋਵੇਂ ਡੰਪ ਸਥਾਨਾਂ ’ਤੇ ਨਿਯਮਿਤ ਢੰਗ ਨਾਲ ਕੂੜੇ ਦੀ ਲਿਫਟਿੰਗ ਕਰਵਾਈ ਜਾਵੇਗੀ ਪਰ ਇਹ ਵਚਨ ਨਿਗਮ ਸ਼ਾਇਦ ਹੀ ਨਿਭਾਅ ਪਾਵੇ। ਮਾਡਲ ਟਾਊਨ ਡੰਪ ’ਤੇ ਆਉਂਦਾ ਕਮਰਸ਼ੀਅਲ ਕੂੜਾ ਕਿੱਥੇ ਸੁੱਟਿਆ ਜਾਇਆ ਕਰੇਗਾ, ਇਸ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ ਵਿਚ ਤਣਾਤਣੀ ਬਣ ਸਕਦੀ ਹੈ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News