ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਨਾ ਹੋਣ ’ਤੇ ਨਿਗਮ ਦਾ ਸਾਰਾ ਸਟਾਫ ਗਿਆ ਹੜਤਾਲ ’ਤੇ

Wednesday, Oct 31, 2018 - 06:36 AM (IST)

ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਨਾ ਹੋਣ ’ਤੇ ਨਿਗਮ ਦਾ ਸਾਰਾ ਸਟਾਫ ਗਿਆ ਹੜਤਾਲ ’ਤੇ

ਜਲੰਧਰ,   (ਖੁਰਾਣਾ)-  ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨੂੰ ਕੁੱਟਣ ਦੇ ਦੋਸ਼ੀ ਸਾਬਕਾ  ਮੇਅਰ ਸੁਰੇਸ਼ ਸਹਿਗਲ ਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਨਿਗਮ ਦਾ  ਸਾਰਾ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲਾ ਗਿਆ ਹੈ। ਬੁੱਧਵਾਰ ਨੂੰ ਪੂਰਾ ਸਟਾਫ  ਆਪਣੇ ਦਫਤਰਾਂ ਦੇ ਬਾਹਰ ਤਾਲਾ ਲਾ ਕੇ ਰੋਸ ਧਰਨੇ ’ਤੇ ਬੈਠਣ ਦੀ ਤਿਆਰੀ ਕਰ ਰਿਹਾ ਹੈ। 
ਅੱਜ  ਨਿਗਮ ਅਧਿਕਾਰੀਆਂ ਦੀ ਇਕ ਬੈਠਕ ਟਾਊਨ ਹਾਲ ਵਿਚ ਹੋਈ, ਜਿਸ ਵਿਚ ਬਿਲਡਿੰਗ ਵਿਭਾਗ ਤੋਂ  ਇਲਾਵਾ ਇੰਜੀਨੀਅਰਿੰਗ ਬ੍ਰਾਂਚ, ਤਹਿਬਾਜ਼ਾਰੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ  ਹੋਏ। ਸਾਰੇ ਅਹੁਦੇਦਾਰਾਂ ਨੇ ਕੁੱਟ-ਮਾਰ ਦੀ ਘਟਨਾ ਦੀ ਬੇਹੱਦ ਨਿੰਦਾ ਕਰਦਿਆਂ ਕਿਹਾ ਕਿ  ਅਜਿਹੇ ਵਿਚ ਨਿਗਮ ਦਾ ਫੀਲਡ ਸਟਾਫ ਡਿਊਟੀ ਨਹੀਂ ਕਰ ਸਕੇਗਾ। 
ਇਨ੍ਹਾਂ ਨਿਗਮ  ਅਧਿਕਾਰੀਆਂ ਨੇ ਅੱਜ ਫਿਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨਾਲ ਮੁਲਾਕਾਤ ਕੀਤੀ ਤੇ ਮੰਗ  ਰੱਖੀ ਕਿ ਪੁਲਸ ਪ੍ਰਸ਼ਾਸਨ ’ਤੇ ਸੁਰੇਸ਼ ਸਹਿਗਲ ਤੇ ਹੋਰਨਾਂ ਦੀ ਗ੍ਰਿਫਤਾਰੀ ਦਾ ਦਬਾਅ ਬਣਾਇਆ  ਜਾਵੇ। 
ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਨੇ ਦੁਬਾਰਾ ਪੁਲਸ ਕਮਿਸ਼ਨਰ ਨੂੰ ਫੋਨ ਕਰ ਕੇ  ਸੁਰੇਸ਼ ਸਹਿਗਲ ਤੇ ਹੋਰਨਾਂ ’ਤੇ ਗੈਰ-ਜ਼ਮਾਨਤੀ ਧਾਰਾਵਾਂ ਲਗਾਉਣ, ਤੁਰੰਤ ਗ੍ਰਿਫਤਾਰ ਕਰਨ ਤੇ  ਨਿਗਮ ਵਲੋਂ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕੱਲ ਨਿਗਮ ਸਟਾਫ ਨੇ ਕਮਿਸ਼ਨਰ ਨੂੰ ਮਿਲ ਕੇ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਜੋ ਅੱਜ ਖਤਮ ਹੋ ਗਿਆ।
 

 


Related News