ਕਮਿਸ਼ਨ ਏਜੰਟਾਂ ਦੀ ਆਪਸੀ ਤਕਰਾਰ 'ਚ ਚੱਲੀਆਂ ਸਨ ਗੋਲ਼ੀਆਂ, ਦੋ ਗ੍ਰਿਫ਼ਤਾਰ

01/04/2021 6:14:00 PM

ਜਲੰਧਰ(ਵਰੁਣ)–ਗੜ੍ਹਾ ਰੋਡ ’ਤੇ ਤੰਦੂਰੀ ਗੁਰੂ ਦੀ ਪਾਰਕਿੰਗ ’ਚ ਹੋਏ ਗੋਲੀ ਕਾਂਡ ਨੂੰ ਲੈ ਕੇ ਪੁਲਸ ਨੇ ਹੁਣ 2 ਲੋਕਾਂ ਦੀ ਗਿ੍ਫ਼ਤਾਰੀ ਦਿਖਾਈ ਹੈ। ਇਹ ਝਗ਼ੜਾ ਪਾਸਪੋਰਟ ਦੇ ਲੈਣ-ਦੇਣ ਕਾਰਣ ਦੋ ਕਮੀਸ਼ਨ ਏਜੰਟਾਂ ਵਿਚਕਾਰ ਹੋਇਆ ਸੀ, ਜਿਸ ਤੋਂ ਬਾਅਦ ਇਕ ਕਮੀਸ਼ਨ ਏਜੰਟ ਨੇ ਤੰਦੂਰੀ ਗੁਰੂ ’ਚ ਖਾਣਾ ਖਾਣ ਆਏ ਦੂਜੇ ਕਮੀਸ਼ਨ ਏਜੰਟ ਨੂੰ ਪਾਰਕਿੰਗ ’ਚ ਘੇਰ ਲਿਆ, ਜਿਸ ਨਾਲ ਉਥੇ ਕੁੱਟਮਾਰ ਕੀਤੀ ਗਈ ਅਤੇ ਹਵਾਈ ਫਾਇਰਿੰਗ ਵੀ ਕੀਤੀ ਗਈ। ਪੁਲਸ ਨੇ ਪਹਿਲਾਂ ਅੱਠ ਲੋਕਾਂ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹੀ ਸੀ ਪਰ 8 ’ਚੋਂ 6 ਲੋਕ ਪੀੜਤ ਧਿਰ ਦੇ ਨਿਕਲੇ ਹਨ, ਜੋ ਉਥੇ ਖਾਣਾ ਖਾਣ ਲਈ ਆਏ ਸਨ। ਪੁਲਸ ਨੇ ਗਿ੍ਫ਼ਤਾਰ ਕੀਤੇ ਕਮੀਸ਼ਨ ਏਜੰਟ ਅਤੇ ਉਸ ਦੇ ਇਕ ਸਾਥੀ ਨੂੰ ਪੁੱਛਗਿੱਛ ਲਈ 2 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਥਾਣਾ ਨੰ. 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਤੇ ਬਿਆਨਾਂ ’ਚ ਕਮੀਸ਼ਨ ਏਜੰਟ ਅਰਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸੂਰੀਆ ਐਨਕਲੇਵ ਨੇ ਦੱਸਿਆ ਕਿ ਉਹ ਆਪਣੇ ਲਗਭਗ ਅੱਧਾ ਦਰਜਨ ਦੋਸਤਾਂ ਨਾਲ ਸ਼ਨੀਵਾਰ ਦੀ ਰਾਤ ਖਾਣਾ ਖਾਣ ਗੜ੍ਹਾ ਰੋਡ ’ਤੇ ਸਥਿਤ ਤੰਦੂਰੀ ਗੁਰੂ ਰੈਸਟੋਰੈਂਟ ’ਚ ਆਇਆ ਸੀ। ਰਾਤ ਲਗਭਗ 8 ਵਜੇ ਉਹ ਆਪਣੀ ਗੱਡੀ ’ਚੋਂ ਸਾਮਾਨ ਲੈਣ ਲਈ ਪਾਰਕਿੰਗ ਤਕ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਖੜ੍ਹੇ ਕਮੀਸ਼ਨ ਏਜੰਟ ਜਸਵੰਤ ਸਿੰਘ ਪੁੱਤਰ ਪੂਰਨ ਸਿੰਘ ਨਿਵਾਸੀ ਲਖਨ ਖੁਰਦ ਕਪੂਰਥਲਾ ਨੇ ਉਸ ਨੂੰ ਦੇਖਦੇ ਹੀ ਆਪਣੇ ਸਾਥੀਆਂ ਸਮੇਤ ਉਸ ’ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਅਰਵਿੰਦਰ ਸਿੰਘ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਵੱਲੋਂ ਦਰਜ ਕੀਤੀ ਐੱਫ. ਆਈ. ਆਰ. ’ਚ ਲਿਖਿਆ ਗਿਆ ਹੈ ਕਿ ਅਰਵਿੰਦਰ ਸਿੰਘ ਜਦੋਂ ਹੇਠਾਂ ਡਿੱਗ ਗਿਆ ਤਾਂ ਉਸ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਪਰ ਅਰਵਿੰਦਰ ਸਿੰਘ ਨੇ ਗੋਲੀ ਚੱਲਣ ਦੀ ਗੱਲ ਨਹੀਂ ਕਹੀ ਹੈ।
ਇੰਸਪੈਕਟਰ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਵਿਚਕਾਰ ਪਾਸਪੋਰਟ ਨੂੰ ਲੈ ਕੇ ਵਿਵਾਦ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ 8 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਪਰ ਉਨ੍ਹਾਂ ’ਚੋਂ 6 ਲੋਕ ਅਰਵਿੰਦਰ ਸਿੰਘ ਧਿਰ ਹੀ ਨਿਕਲੇ ਹਨ, ਜਿਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਲਖਨ ਖੁਰਦ ਕਪੂਰਥਲਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਕੇਸ ’ਚ ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਸੁਭਾਨਪੁਰ, ਗੱਗੀ ਨਿਵਾਸੀ ਬਿਸ਼ਨਪੁਰਾ ਕਪੂਰਥਲਾ, ਸੁਖਦੇਵ ਨਿਵਾਸੀ ਕਪੂਰਥਲਾ ਅਤੇ ਦੀਪ ਨਿਵਾਸੀ ਲਖਨ ਖੁਰਦ ਨੂੰ ਧਾਰਾ 341, 323, 336, 148, 149 ਅਤੇ ਅਸਲਾ ਐਕਟ ਅਧੀਨ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਗਿ੍ਫ਼ਤਾਰ ਦੋ ਦੋਸ਼ੀਆਂ ਨੂੰ 2 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਫ਼ਰਾਰ 4 ਲੋਕਾਂ ਨੂੰ ਵੀ ਜਲਦੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਅਜੇ ਗੋਲੀ ਚੱਲਣ ਦੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਲਦੀ ਹੀ ਫਾਇਰਿੰਗ ਨੂੰ ਲੈ ਕੇ ਵੀ ਖੁਲਾਸਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਤੰਦੂਰੀ ਗੁਰੂ ਦੇ ਬਾਹਰ ਟਰੈਵਲ ਏਜੰਟਾਂ ਦੇ ਵਿਵਾਦ ਦੌਰਾਨ ਜੰਮ ਕੇ ਗੁੰਡਾਗਰਦੀ ਹੋਈ ਸੀ। ਇਸ ਦੌਰਾਨ ਇਕ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ ਸਨ। ਇਸ ਦੌਰਾਨ ਫਾਇਰਿੰਗ ਹੋਣ ਦੀ ਵੀ ਚਰਚਾ ਰਹੀ ਪਰ ਪੁਲਸ ਸ਼ੁਰੂ ਤੋਂ ਹੀ ਫਾਇਰਿੰਗ ਦੀ ਗੱਲ ਨੂੰ ਨਕਾਰ ਰਹੀ ਸੀ, ਜਦਕਿ ਉਥੋਂ ਗੋਲੀ ਦਾ ਇਕ ਖੋਲ ਵੀ ਬਰਾਮਦ ਨਾ ਹੋਣ ਦਾ ਬਿਆਨ ਜਾਰੀ ਕੀਤਾ ਗਿਆ ਸੀ।


Aarti dhillon

Content Editor

Related News