ਕ੍ਰੈਸ਼ਰ ਮਾਲਕਾਂ ਕੋਲੋਂ ਜਬਰੀ ਉਗਰਾਹੀ ਕਰਨ ਦੇ ਦੋਸ਼ ’ਚ ਅਖੌਤੀ ਪੱਤਰਕਾਰ ਗ੍ਰਿਫਤਾਰ
Monday, Nov 26, 2018 - 02:21 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਕ੍ਰੈਸ਼ਰ ਮਾਲਕਾਂ ਨੂੰ ਪੱਤਰਕਾਰੀ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਨ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈੈ। ਉਕਤ ਵਿਅਕਤੀ ਦੀ ਸ਼ਨਾਖਤ ਗੁਰਮੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਮਲਕਪੁਰ ਜ਼ਿਲਾ ਰੂਪਨਗਰ ਵਜੋਂ ਹੋਈ ਹੈ।
ਥਾਣਾ ਮੁਖੀ ਕੀਰਤਪੁਰ ਸਾਹਿਬ ਸੰਨੀ ਖੰਨਾ ਨੇ ਦੱਸਿਆ ਕਿ ਭਰਤਗਡ਼੍ਹ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸਰਤਾਜ ਸਿੰਘ ਨੂੰ ਚਰਨਜੀਤ ਸਿੰਘ ਐਂਡ ਬ੍ਰਦਰਜ਼ ਸਟੋਨ ਕ੍ਰੈਸ਼ਰ ਪਿੰਡ ਦਿਵਾਡ਼ੀ ਦੇ ਮਾਲਕ ਚਰਨਜੀਤ ਸਿੰਘ, ਕੈਪਟਨ ਸਟੋਨ ਕ੍ਰੈਸ਼ਰ ਦੇ ਮਾਲਕ ਮਨਜੀਤ ਸਿੰਘ, ਬਾਠ ਸਟੋਨ ਕ੍ਰੈਸ਼ਰ ਦੇ ਮਾਲਕ ਧੰਨਾ ਸਿੰਘ, ਬਾਬਾ ਸਟੋਨ ਕ੍ਰੈਸ਼ਰ ਤੇ ਸਕਰੀਨਿੰਗ ਪਲਾਂਟ ਦੇ ਮਾਲਕ ਗੁਰਦੇਵ ਸਿੰਘ, ਹਰਗੋਬਿੰਦ ਸਟੋਨ ਕ੍ਰੈਸ਼ਰ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਇਤਲਾਹ ਦਿੱਤੀ ਕਿ ਉਨ੍ਹਾਂ ਨੇ ਭਰਤਗਡ਼੍ਹ ਏਰੀਏ ਵਿਚ ਕ੍ਰੈਸ਼ਰ ਲਾਏ ਹੋਏ ਹਨ। ਇਕ ਪ੍ਰੈੱਸ ਰਿਪੋਰਟਰ ਗੁਰਮੀਤ ਸਿੰਘ ਵਾਸੀ ਮਲਕਪੁਰ ਜੋ ਕਿ ਆਪਣੇ ਆਪ ਨੂੰ ਪੰਜਾਬ ਹਿਊਮਨ ਰਾਈਟਸ ਫਾਸਟ ਮੀਡੀਆ ਦਾ ਕੰਟਰੋਲਰ ਦੱਸਦਾ ਹੈ ਤੇ ਇਕ ਨਿੱਜੀ ਚੈਨਲ ਦਾ ਜ਼ਿਲਾ ਰੂਪਨਗਰ ਦਾ ਇੰਚਾਰਜ ਦੱਸਦਾ ਹੈ, ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਸਾਡੇ ਕ੍ਰੈਸ਼ਰਾਂ ’ਤੇ ਆ ਕੇ ਪ੍ਰੈੱਸ ਰਿਪੋਰਟਰ ਦਾ ਰੋਅਬ ਪਾ ਕੇ ਇਕ-ਇਕ ਹਜ਼ਾਰ ਰੁਪਏ ਇਕੱਠਾ ਕਰ ਕੇ ਲੈ ਗਿਆ ਅਤੇ ਹੁਣ ਫਿਰ ਕਈ ਦਿਨਾਂ ਤੋਂ ਗੇਡ਼ੇ ਮਾਰ ਰਿਹਾ ਹੈ। ਕ੍ਰੈਸ਼ਰ ਬੰਦ ਹੋਣ ਕਰ ਕੇ ਇਸ ਨੂੰ ਕ੍ਰੈਸ਼ਰ ’ਤੇ ਕੋਈ ਮਾਲਕ ਹਾਜ਼ਰ ਨਹੀਂ ਮਿਲਿਆ, ਜੋ ਸਾਡੇ ਚੌਕੀਦਾਰਾਂ ਨੂੰ ਧਮਕੀਆਂ ਦੇ ਰਿਹਾ ਹੈ। ਇਸ ਬਾਰੇ ਪਤਾ ਲੱਗਾ ਹੈ ਕਿ ਇਹ ਕਿਸੇ ਵੀ ਚੈਨਲ ਦਾ ਪ੍ਰੈੱਸ ਰਿਪੋਰਟਰ ਨਹੀਂ ਹੈ। ਇਹ ਅਖੌਤੀ ਪੱਤਰਕਾਰ ਚਰਨਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਨੰਗਲ ਸਰਸਾ ਦੇ ਪਿੰਡ ਦਿਵਾਡ਼ੀ ਵਿਖੇ ਲੱਗੇ ਕ੍ਰੈਸ਼ਰ ਤੋਂ ਪੰਜ ਹਜ਼ਾਰ ਰੁਪਏ ਲੈ ਕੇ ਗਿਆ ਹੈ ਤੇ ਆਪਣੀ ਡਸਟਨ ਕਾਰ ਨੰਬਰ ਪੀ. ਬੀ. 12 ਏ. ਈ. 6087 ਜਿਸਦੇ ਅੱਗੇ ਪੰਜਾਬ ਹਿਊਮਨ ਰਾਈਟਸ ਫਾਸਟ ਮੀਡੀਆ ਕੰਟਰੋਲਰ ਦਾ ਬੋਰਡ ਲੱਗਾ ਹੋਇਆ ਹੈ, ’ਤੇ ਸਵਾਰ ਹੋ ਕੇ ਹੋਰ ਕ੍ਰੈਸ਼ਰ ਮਾਲਕਾਂ ਪਾਸੋਂ ਜਬਰੀ ਉਗਰਾਹੀ ਕਰਨ ਲਈ ਘੁੰਮ ਰਿਹਾ ਹੈ। ਇਸ ਲਈ ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਸ ਨੇ ਇਤਲਾਹ ਮਿਲਣ ਤੋਂ ਬਾਅਦ ਸਰਸਾ ਨਦੀ ਦੇ ਪੁਲ ਨੇਡ਼ੇ ਕੀਤੀ ਨਾਕੇਬੰਦੀ ਦੌਰਾਨ ਇਸ ਨੂੰ ਕਾਰ ਸਮੇਤ ਕਾਬੂ ਕਰ ਲਿਆ। ਇਹ ਆਪਣੇ ਪੱਤਰਕਾਰ ਹੋਣ ਸਬੰਧੀ ਪੁਲਸ ਨੂੰ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕ੍ਰੈਸ਼ਰ ਮਾਲਕ ਚਰਨਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਨੰਗਲ ਸਰਸਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਉਕਤ ਵਿਅਕਤੀ ਵਿਰੁੱਧ ਮੁਕੱਦਮਾ ਨੰ: 136 ਅ/ਧ 419,420,384,506 ਦਰਜ ਕਰਕੇ ਅਦਾਲਤ ’ਚ ਪੇਸ਼ ਕਰਨ ਉੁਪਰੰਤ ਦੋ ਦਿਨਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਕਤ ਵਿਅਕਤੀ ਤੋਂ ਪੰਜ ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਇਸ ਮੌਕੇ ਪੁਲਸ ਪਾਰਟੀ ਨਾਲ ਹੌਲਦਾਰ ਸ਼ਮਸ਼ੇਰ ਸਿੰਘ, ਹੌਲਦਾਰ ਹਰਜੀਤ ਸਿੰਘ, ਜਵਾਨ ਰਜਿੰਦਰ ਸਿੰਘ ਆਦਿ ਹਾਜ਼ਰ ਸਨ।