ਜਲੰਧਰ: ਟੈਟ ਪਾਸ ਬੀ. ਐੱਡ. ਅਧਿਆਪਕਾਂ ਘੇਰੀ ਸਿੱਖਿਆ ਮੰਤਰੀ ਦੀ ਕੋਠੀ, ਫਿਰ ਮਿਲਿਆ ਲਾਰਾ
Sunday, Dec 12, 2021 - 11:38 AM (IST)
ਜਲੰਧਰ (ਸੁਮਿਤ)- ਕਰੀਬ ਡੇਢ ਮਹੀਨੇ ਤੋਂ ਬੱਸ ਸਟੈਂਡ ਦੀ ਟੈਂਕੀ ਕੋਲ ਪੱਕਾ ਮੋਰਚਾ ਲਾ ਕੇ ਬੈਠੇ ਬੀ. ਐੱਡ. ਟੈੱਟ ਪਾਸ ਅਧਿਆਪਕਾਂ ਵੱਲੋਂ ਸ਼ਨੀਵਾਰ ਸਵੇਰੇ ਮੁੜ ਤੋਂ ਪਰਗਟ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਕੇ ਆਪਣੀਆਂ ਨੌਕਰੀਆਂ ਦੀ ਮੰਗ ਕੀਤੀ ਗਈ। ਇਸ ਦੌਰਾਨ ਅਧਿਆਪਕਾਂ ਨੇ ਪ੍ਰਗਟ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਨੂੰ ਵੇਖ ਕੇ ਪਰਗਟ ਸਿੰਘ ਬਾਹਰ ਆ ਗਏ ਅਤੇ ਅਧਿਆਪਕਾਂ ਦੇ ਵਫ਼ਦ ਨਾਲ ਗੱਲਬਾਤ ਕੀਤੀ।
ਉਨ੍ਹਾਂ ਸਿੱਖਿਆ ਸਕੱਤਰ ਨੂੰ ਵੀ ਅਧਿਆਪਕਾਂ ਦੇ ਸਾਹਮਣੇ ਬੁਲਾ ਕੇ ਪੁੱਛਿਆ ਕਿ ਉਹ ਇਸ ਇਸ਼ਤਿਹਾਰ ਨੂੰ ਜਾਰੀ ਕਰਨ ਵਿਚ ਦੇਰੀ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਲੱਗ ਜਾਣਗੇ। ਅਜਿਹੇ ਵਿਚ ਪਰਗਟ ਸਿੰਘ ਨੇ ਇਕ ਵਾਰ ਫਿਰ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਇਕ ਵਾਰ ਫਿਰ ਨਵਾਂ ਲਾਰਾ ਲਾ ਕੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਸਮੂਹ ਅਧਿਆਪਕ ਟੈਂਕੀ ਦੇ ਮੂਹਰੇ ਇਕੱਠੇ ਹੋ ਗਏ ਤੇ ਉਥੋਂ ਪੈਦਲ ਮਾਰਚ ਕਰਦੇ ਹੋਏ ਡੀ. ਸੀ. ਦਫ਼ਤਰ ਤੱਕ ਰੋਸ-ਮਾਰਚ ਕੀਤਾ ਗਿਆ। ਸੜਕ ’ਤੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਨਾਉਣ ਲਈ ਐੱਸ. ਡੀ. ਐੱਮ. ਹਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਅਧਿਆਪਕਾਂ ਦਾ ਮੰਗ-ਪੱਤਰ ਲੈ ਕੇ ਅਧਿਆਪਕਾਂ ਨੂੰ ਬੱਸ ਸਟੈਂਡ ’ਤੇ ਪੱਕੇ ਮੋਰਚੇ ’ਤੇ ਵਾਪਸ ਭੇਜ ਦਿੱਤਾ।
ਇਹ ਵੀ ਪੜ੍ਹੋ: ਬਠਿੰਡਾ ਵਿਖੇ ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਪਰਿਵਾਰ ਰੋ-ਰੋ ਹੋਇਆ ਹਾਲੋ-ਬੇਹਾਲ
ਫਾਜ਼ਿਲਕਾ ਤੋਂ ਆ ਰਹੇ ਅਧਿਆਪਕਾਂ ਨੂੰ ਪੁਲਸ ਨੇ ਰੋਕ ਕੇ ਭੇਜਿਆ ਥਾਣੇ
ਬੀ. ਐੱਡ ਟੈਟ ਪਾਸ ਅਧਿਆਪਕਾਂ ਦੇ ਧਰਨੇ ’ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਸਾਥੀ ਬੱਸ ’ਚ ਫਾਜ਼ਿਲਕਾ ਤੋਂ ਜਲੰਧਰ ਆ ਰਹੇ ਸਨ। ਇਸ ਬਾਰੇ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਧਰਨੇ ਵਾਲੀ ਥਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਬੱਸ ਰੋਕ ਦਿੱਤੀ ਗਈ ਅਤੇ ਸਾਰੇ ਅਧਿਆਪਕਾਂ ਨੂੰ ਬੱਸ ਸਮੇਤ ਥਾਣਾ 5 ਵਿਚ ਲੈ ਗਏ। ਉਥੇ ਅਧਿਆਪਕਾਂ ਵੱਲੋਂ ਪੁਲਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਅਧਿਆਪਕਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਆਪਣੇ ਸਾਥੀਆਂ ਨਾਲ ਪੱਕੇ ਮੋਰਚੇ ’ਤੇ ਜਾ ਰਿਹਾ ਸੀ ਪਰ ਪੁਲਸ ਉਨ੍ਹਾਂ ਨੂੰ ਜ਼ਬਰਦਸਤੀ ਥਾਣੇ ਲੈ ਗਈ। ਸਾਰੇ ਅਧਿਆਪਕ ਪੁਲਸ ਦੀ ਇਸ ਕਾਰਵਾਈ ਤੋਂ ਬਹੁਤ ਨਾਰਾਜ਼ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.