ਸਖਤੀ ਨਾਲ ਰੋਕਿਆ ਜਾਵੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ : ਡਿਪਟੀ ਕਮਿਸ਼ਨਰ

Friday, Nov 02, 2018 - 01:40 AM (IST)

 ਹੁਸ਼ਿਆਰਪੁਰ,   (ਘੁੰਮਣ)-  ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਨਿਵੇਕਲੇ ਪ੍ਰਾਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’, ‘ਡੇਪੋ’ ਅਤੇ ‘ਬਡੀ’ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਸਾਰੇ ਵਿਭਾਗ ਇਕਜੁੱਟਤਾ ਅਤੇ ਤਾਲਮੇਲ ਨਾਲ ਪੰਜਾਬ ਸਰਕਾਰ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ, ਤਾਂ ਜੋ ਜ਼ਿਲੇ ਨੂੰ ਨਸ਼ਾ ਰਹਿਤ ਅਤੇ ਤੰਦਰੁਸਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਤੋਂ ਇਲਾਵਾ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮਿਲਾਵਟਖੋਰੀ ਨੂੰ ਰੋਕਣ ਲਈ ਡੇਅਰੀ ਵਿਭਾਗ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ’ਤੇ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ-ਨਾਲ ਖੇਤੀਬਾਡ਼ੀ ਵਿਭਾਗ, ਤਹਿਸੀਲਦਾਰ ਅਤੇ ਕੋਅਾਪਰੇਟਿਵ ਵਿਭਾਗ ਵੱਲੋਂ ਵੀ ਪਰਾਲੀ ਸਾਡ਼ਨ ਦੇ ਕੇਸ ਸਾਹਮਣੇ ਆਉਣ ’ਤੇ ਐਕਸ਼ਨ ਲੈਂਦਿਆਂ ਸਬੰਧਤ ਵਿਅਕਤੀਆਂ ਨੂੰ ਜੁਰਮਾਨਾ ਆਦਿ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਸਾਡ਼ਨ ਸਬੰਧੀ ਸੈਟੇਲਾਈਟ ਜ਼ਰੀਏ ਕੋਆਰਡੀਨੇਟਿੰਗ ਅਫ਼ਸਰਾਂ ਨੂੰ ਸਿੱਧੇ ਤੌਰ ’ਤੇ ਜਾਣਕਾਰੀ ਮਿਲ ਰਹੀ ਹੈ, ਜਿਸ ਆਧਾਰ ’ਤੇ ਤੁਰੰਤ ਸ਼ਨਾਖਤ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਹਦਾਇਤਾਂ ਮੁਤਾਬਕ 2 ਏਕਡ਼ ਤੋਂ ਘੱਟ ਵਾਲੇ ਕਿਸਾਨਾਂ ਤੋਂ 2500 ਰੁਪਏ, 2 ਤੋਂ 5 ਏਕਡ਼ ਵਾਲੇ ਕਿਸਾਨਾਂ ਨੂੰ 5000 ਹਜ਼ਾਰ ਰੁਪਏ ਅਤੇ 5 ਏਕਡ਼ ਤੋਂ ਵੱਧ ਵਾਲੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਅਤੇ ਕੋਆਰਡੀਨੇਟਿੰਗ ਅਫ਼ਸਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਵੀ ਜਾਗਰੂਕ ਕਰਨ।  
 ਸ਼੍ਰੀਮਤੀ ਈਸ਼ਾ ਕਾਲੀਆ ਨੇ ‘ਡੇਪੋ’ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਿਹਡ਼ੇ 40 ਮਾਸਟਰ ਟਰੇਨਰਾਂ ਵੱਲੋਂ ਟਰੇਨਿੰਗ ਪ੍ਰਾਪਤ ਕੀਤੀ ਗਈ ਹੈ, ਉਹ ਕਲੱਸਟਰ ਵਾਈਜ਼ ਕੋਆਰਡੀਨੇਟਿੰਗ ਅਫ਼ਸਰਾਂ ਅਤੇ ਨਸ਼ਾ ਨਿਗਰਾਨ ਕਮੇਟੀਆਂ ਨੂੰ ਜਲਦੀ ਟਰੇਨਿੰਗ ਦੇਣੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਐੱਸ.ਡੀ.ਐੱਮਜ਼ ਦੀ ਅਗਵਾਈ ਵਿਚ ਕਰਵਾਈ ਜਾਵੇ। ਉਨ੍ਹਾਂ ਜ਼ਿਲਾ ਪੁਲਸ ਨੂੰ ਹਦਾਇਤ ਕਰਦਿਆਂ ਕਿਹਾ ਕਿ ‘ਡੇਪੋ’ ਤਹਿਤ ਵੱਧ ਤੋਂ ਵੱਧ ਰਜਿਸਟਰੇਸ਼ਨ ਸਾਂਝ ਕੇਂਦਰ ਰਾਹੀਂ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ। ‘ਬਡੀ’ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ 16 ਅਧਿਆਪਕਾਂ ਵੱਲੋਂ ਮੈਗਸੀਪਾ ਤੋਂ ਟਰੇਨਿੰਗ ਹਾਸਲ ਕੀਤੀ ਗਈ ਹੈ ਅਤੇ ਇਹ ਅਧਿਆਪਕ ਹੁਣ ਸਕੂਲਾਂ ਦੇ ਨੋਡਲ ਅਫ਼ਸਰਾਂ ਨੂੰ ਟਰੇਨਿੰਗ ਦੇਣ, ਤਾਂ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਫ਼ਸੇ ਮਰੀਜ਼ਾਂ ਨੂੰ ਤੰਦਰੁਸਤ ਬਣਾਉਣ ਲਈ ਨਸ਼ਾ ਛੁਡਾਊ ਕੇਂਦਰ, ਓ.ਓ.ਏ.ਟੀ. ਅਤੇ ਮੁਡ਼ ਵਸੇਬਾ ਕੇਂਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਕਰੀਬ 1447 ਮਰੀਜ਼ਾਂ ਦਾ ਰੋਜ਼ਾਨਾ ਓ.ਪੀ.ਡੀ. ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ.ਡੀ.ਐੱਮ. ਮੁਕੇਰੀਆਂ ਅਦਿੱਤਿਆ ਉੱਪਲ, ਐੱਸ.ਡੀ.ਐੱਮ. ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ, ਐੱਸ.ਡੀ.ਐੱਮ. ਦਸੂਹਾ ਹਰਚਰਨ ਸਿੰਘ, ਆਈ.ਏ.ਐੱਸ. (ਅੰਡਰ ਟਰੇਨਿੰਗ) ਗੌਤਮ ਜੈਨ, ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ, ਐੱਸ.ਪੀ. (ਐੱਚ) ਬਲਬੀਰ ਸਿੰਘ, ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। 
 


Related News