ਅਕਾਲੀ-ਭਾਜਪਾ ਤੇ ''ਆਪ'' ਨੂੰ ਪੰਜਾਬੀਆਂ ਨੇ ਮੁੜ ਨਕਾਰਿਆ : ਜਾਖੜ

09/22/2018 6:45:16 PM

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਪੰਚਾਇਤੀ ਰਾਜ ਸੰਸਥਾਵਾਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਲਈ ਵੋਟਰਾਂ ਦਾ ਜਿੱਥੇ ਧੰਨਵਾਦ ਪ੍ਰਗਟਾਇਆ, ਉਥੇ ਹੀ ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੂਬੇ 'ਚ ਲਾਗੂ ਕੀਤੀਆਂ ਗਈਆਂ ਜਨ-ਹਿਤੈਸ਼ੀ ਨੀਤੀਆਂ 'ਤੇ ਵੋਟਰਾਂ ਨੇ ਇਕ ਵਾਰ ਫਿਰ ਤੋਂ ਆਪਣੀ ਮੋਹਰ ਲਗਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕਾਂਗਰਸ 'ਤੇ ਗੜਬੜ ਕਰਵਾਉਣ ਦੇ ਦੋਸ਼ ਲਗਾ ਰਹੇ ਸਨ ਕਿਉਂਕਿ ਦੋਹਾਂ ਪਾਰਟੀਆਂ ਨੂੰ ਪਹਿਲਾਂ ਹੀ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਪੱਖ 'ਚ ਵੋਟਰਾਂ ਨੇ ਆਪਣਾ ਫਤਵਾ ਦਿੱਤਾ ਹੈ ਕਿਉਂਕਿ ਲੋਕ ਪਿਛਲੀ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਅਤੇ ਮਾਫੀਆ ਰਾਜ ਨੂੰ ਭੁੱਲੇ ਨਹੀਂ ਹਨ। ਲੋਕਾਂ ਅੰਦਰ ਅਕਾਲੀ ਦਲ ਪ੍ਰਤੀ ਗੁੱਸਾ ਨਫਰਤ 'ਚ ਬਦਲ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੋਕਤੰਤਰਿਕ ਰਵਾਇਤਾਂ ਦੀ ਬਹਾਲੀ ਦੀ ਦਿਸ਼ਾ 'ਚ ਕਂਗਰਸ ਸਰਕਾਰ ਨੇ ਕਦਮ ਵਧਾਇਆ ਹੈ। ਉਨ੍ਹਾਂ ਵਚਨਬੱਧਤਾ ਦੋਹਰਾਈ ਕਿ ਕਾਂਗਰਸ ਸਰਕਾਰ ਪੰਜਾਬ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਬਣਾਉਣ ਅਤੇ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਹੁਣ ਮਿਲੀ ਹਾਰ ਤੋਂ ਬਾਅਦ ਤਿੰਨੋਂ ਪਾਰਟੀਆਂ 2019 'ਚ ਲੋਕਾਂ ਤੋਂ ਵੋਟਾਂ ਮੰਗਣ ਦੇ ਕਾਬਲ ਨਹੀਂ ਰਹਿਣਗੀਆਂ। ਉਨ੍ਹਾਂ ਅਕਾਲੀ ਲੀਡਰਸ਼ਿਪ ਵੱਲੋਂ ਚੋਣਾਂ 'ਚ ਗੜਬੜੀਆਂ ਕਰਨ ਦੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਤਾਂ ਆਪਣੇ ਸ਼ਾਸਨਕਾਲ 'ਚ ਪੁਲਸ ਦੀ ਤਾਕਤ ਨਾਲ ਚੋਣਾਂ ਜਿੱਤਦੀ ਰਹੀ ਅਤੇ ਸਾਰੇ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਦੀ ਰਹੀ।


Related News