ਸੁਲਤਾਨਪੁਰ ਲੋਧੀ : ਪੁਲਸ ਵਲੋਂ 6 ਨਸ਼ਾ ਸਮੱਗਲਰਾਂ ਦੀ ਢਾਈ ਕਰੋੜ ਤੋਂ ਵੱੱਧ ਦੀ ਜਾਇਦਾਦ ਜ਼ਬਤ

04/18/2020 8:38:56 PM

ਸੁਲਤਾਨਪੁਰ ਲੋਧੀ ,(ਸੋਢੀ) : ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਾ ਸਮਗਲਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਇਲਾਕੇ ਦੇ 3 ਨਸ਼ੇ 'ਚ ਬਦਨਾਮ ਪਿੰਡਾਂ ਸੈਂਚ, ਤੋਤੀ ਤੇ ਲਾਟੀਆਂਵਾਲ ਦੇ 6 ਨਸ਼ਾ ਸਮੱਗਲਰਾਂ ਦੀ ਨਸ਼ੇ ਵੇਚ ਕੇ ਬਣਾਈ 2 ਕਰੋੜ 95 ਲੱਖ 61 ਹਜ਼ਾਰ 625 ਰੁਪਏ ਕੀਮਤ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆ ਕੇ ਨਸ਼ਾ ਸਮਗਲਿੰਗ ਦੇ ਧੰਦੇ 'ਚ ਲੱਗੇ ਤਸਕਰਾਂ 'ਚ ਵੱਡਾ ਤਹਿਲਕਾ ਮਚਾ ਦਿੱਤਾ ਹੈ । ਇਸ ਸੰਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ 68-ਐਫ ਐਨ. ਡੀ. ਪੀ. ਐਸ. ਐਕਟ ਅਧੀਨ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਨਪ੍ਰੀਤ ਸਿੰਘ ਢਿੱਲੋਂ ਪੁਲਸ ਕਪੂਰਥਲਾ ਤਫਤੀਸ਼, ਕਪੂਰਥਲਾ ਦੀ ਰਹਿਨੁਮਾਈ ਹੇਠ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਵਲੋਂ ਨਸ਼ਾ ਸਮੱਗਲਰਾਂ ਵਲੋਂ ਨਸ਼ੇ ਵੇਚ ਕੇ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ 2,95,61,625 ਰੁਪਏ ਕੰਪੀਟੈਟ ਅਥਾਰਟੀ ਦਿੱਲੀ ਵਲੋਂ ਫਰੀਜ ਅਤੇ ਫੋਰਫੀਟ ਕੀਤੀ ਗਈ ਹੈ ।

ਡੀ. ਐਸ. ਪੀ. ਬੱਲ ਨੇ ਦੱਸਿਆ ਕਿ ਇਸ ਸੰਬੰਧੀ ਮਾਲ ਮਹਿਕਮਾ ਦੇ ਰਿਕਾਰਡ 'ਚ ਬਕਾਇਦਾ ਜ਼ਮੀਨ ਕੁਰਕੀ ਦਾ ਇੰਦਰਾਜ ਹੋ ਚੁੱਕਾ ਹੈ । ਉਨ੍ਹਾਂ ਹੋਰ ਵੇਰਵੇ ਦਿੰਦੇ ਦੱਸਿਆ ਕਿ ਨਸ਼ਾ ਸਮੱਗਲਰ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਸੈਂਚ ਥਾਣਾ ਸੁਲਤਾਨਪੁਰ ਲੋਧੀ ਦੀ 9 ਕਨਾਲ 5 ਮਰਲੇ ਜ਼ਮੀਨ ਜਿਸ ਦੀ ਮਾਰਕੀਟ ਕੀਮਤ 10,40,625 ਰੁਪਏ ਹੈ, ਦੀ ਕੁਰਕੀ ਦੇ ਆਰਡਰ ਹੋ ਚੁੱਕੇ ਹਨ । ਦੂਜੇ ਸਮੱਗਲਰ ਚਰਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਲਾਟੀਆਂਵਾਲ ਦਾ ਇੱਕ ਡਬਲ ਸਟੋਰੀ ਘਰ ਜਿਸਦੀ ਕੀਮਤ 56 ਲੱਖ , ਖੇਤੀਬਾੜੀ ਵਾਹੀਯੋਗ ਜ਼ਮੀਨ 1ਕਨਾਲ ਜਿਸ ਦੀ ਕੀਮਤ 3 ਲੱਖ , ਟਾਟਾ ਐਕਸ਼ਨ ਪੀ. ਬੀ. 09 - 4813 ਜਿਸ ਦੀ ਕੀਮਤ 4 ਲੱਖ ਰੁਪਏ , ਹਾਂਡਾ ਐਕਟਿਵਾ ਜਿਸ ਦੀ ਕੀਮਤ 40 ਹਜਾਰ ਰੁਪਏ, ਮਾਰੂਤੀ ਕਾਰ ਜਿਸ ਦੀ ਕੀਮਤ 6 ਲੱਖ ਰੁਪਏ ਹੈ । ਤੀਜਾ ਸਮੱਗਲਰ ਕੇਹਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਤੋਤੀ ਦਾ ਘਰ ਡਬਲ ਸਟੋਰੀ ਜਿਸ ਦੀ ਕੀਮਤ 69,16000  ਰੁਪਏ ਹੈ , ਮੋਟਰ ਸਾਈਕਲ ਜਿਸ ਦੀ ਕੀਮਤ 30 ਹਜ਼ਾਰ ਰੁਪਏ ਹੈ ।

ਚੌਥਾ ਸਮੱਗਲਰ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਸੇਂਚ ਦਾ ਡਬਲ ਸਟੋਰੀ ਘਰ ਜਿਸ ਦੀ ਕੀਮਤ 32,00,000, ਸਵਿੱਫਟ ਕਾਰ ਜਿਸ ਦੀ ਕੀਮਤ 8 ਲੱਖ , ਮੋਟਰ ਸਾਈਕਲ ਸਪਲੈਡਰ ਜਿਸਦੀ ਕੀਮਤ 35 ਹਜ਼ਾਰ ਹੈ । ਪੰਜਵੇ ਨਸ਼ਾ ਸਮੱਗਲਰ ਮਲਕੀਤ ਸਿੰਘ ਪੁੱਤਰ ਕੱਥਾ ਸਿੰਘ ਵਾਸੀ ਪਿੰਡ ਲਾਟੀਆਂਵਾਲ ਦੇ ਡਬਲ ਸਟੋਰੀ ਘਰ ਦੀ ਕੀਮਤ 50 ਲੱਖ, ਮਹਿੰਦਰਾ ਸਕਾਰਪੀਓ ਗੱਡੀ ਜਿਸ ਦੀ ਕੀਮਤ 3 ਲਖ ਰੁਪਏ , ਅਲਟੋ ਕਾਰ ਜਿਸ ਦੀ ਕੀਮਤ 1,50, 000 ਰੁਪਏ, ਸਪਲੈਡਰ ਮੋਟਰ ਸਾਈਕਲ ਜਿਸ ਦੀ ਕੀਮਤ 30 ਹਜ਼ਾਰ ਰੁਪਏ, ਪਲਸਰ ਮੋਟਰ ਸਾਈਕਲ ਜਿਸ ਦੀ ਕੀਮਤ 40 ਹਜ਼ਾਰ ਰੁਪਏ, ਖੇਤੀਬਾੜੀ ਜ਼ਮੀਨ ਜਿਸ ਦੀ ਕੀਮਤ 6 ਲੱਖ ਰੁਪਏ ਹੈ ਅਤੇ ਛੇਵਾਂ ਸਮੱਗਲਰ ਹਰਪ੍ਰੀਤ ਸਿੰਘ ਪੁੱਤਰ ਗਿੰਦਾ ਸਿੰਘ ਵਾਸੀ ਪਿੰਡ ਤੋਤੀ ਦਾ ਡਬਲ ਸਟੋਰੀ ਘਰ ਜਿਸ ਦੀ ਕੀਮਤ 37 ਲੱਖ 80 ਹਜਾਰ ਰੁਪਏ ਤੇ ਕਾਰ ਹੰਡਾਈ ਆਇ ਟਵੰਟੀ ਦੀ ਕੀਮਤ 7 ਲੱਖ ਰੁਪਏ ਹੈ । ਡੀ ਐਸ. ਪੀ. ਬੱਲ ਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਹਨਾਂ 6 ਨਸ਼ਾ ਸਮੱਗਲਰਾਂ ਨੂੰ ਨਸ਼ੀਲੇ ਪਦਾਰਥਾਂ ਦੇ ਕੇਸਾਂ 'ਚ 10-10 ਸਾਲ ਦੀ ਕੈਦ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਇਹਨਾਂ ਤੋਂ ਬਾਅਦ ਹੋਰ ਨਸ਼ਾ ਸਮਗਲਰਾਂ ਖਿਲਾਫ ਵੀ ਨਸ਼ੇ ਵੇਚਕੇ ਬਣਾਈਆਂ ਕੋਠੀਆਂ , ਮਹਿੰਗੀਆਂ ਗੱਡੀਆਂ ਤੇ ਜ਼ਮੀਨਾਂ ਦੀ ਕੁਰਕੀ ਦੇ ਹੁਕਮ ਅਮਲ 'ਚ ਲਿਆਂਦੇ ਜਾਣਗੇ । ਸੁਲਤਾਨਪੁਰ ਲੋਧੀ ਪੁਲਸ ਦੀ ਇਸ ਕੁਰਕੀ ਦੀ ਪਹਿਲੀ ਵੱਡੀ ਕਾਰਵਾਈ ਤੋਂ ਬਾਅਦ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਨੌਜਵਾਨਾਂ ਨੂੰ ਨਕੇਲ ਪਾਉਣ 'ਚ ਪੁਲਿਸ ਨੂੰ ਸਫਲਤਾ ਮਿਲੇਗੀ ।


Deepak Kumar

Content Editor

Related News