ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼ ਉੱਤਰੀ ਜ਼ੋਨ ਦੇ ਡਾ. ਸੁਧੀਰ ਵਰਮਾ ਤੇ ਡਾ. ਯਸ਼ ਸ਼ਰਮਾ ਨਾਮਜ਼ਦ

Tuesday, Jan 10, 2023 - 06:12 PM (IST)

ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼ ਉੱਤਰੀ ਜ਼ੋਨ ਦੇ ਡਾ. ਸੁਧੀਰ ਵਰਮਾ ਤੇ ਡਾ. ਯਸ਼ ਸ਼ਰਮਾ ਨਾਮਜ਼ਦ

ਜੈਪੁਰ ’ਚ 10 ਤੇ 11 ਫਰਵਰੀ ਨੂੰ ਹੋਵੇਗੀ ਗਲੋਬਲ ਕਨਵੈਂਸ਼ਨ, ਸਿਹਤ ਸੰਭਾਲ ਖੇਤਰਾਂ ’ਚ ਸੁਧਾਰ ’ਤੇ ਹੋਵੇਗਾ ਫੋਕਸ

ਜਲੰਧਰ (ਧਵਨ) : ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼ (ਇੰਡੀਆ) ਨੇ ਡਾ. ਸੁਧੀਰ ਵਰਮਾ (ਪਟਿਆਲਾ) ਨੂੰ ਉੱਤਰੀ ਜ਼ੋਨ ਦਾ ਪ੍ਰਧਾਨ ਅਤੇ ਡਾ. ਯਸ਼ ਸ਼ਰਮਾ (ਜਲੰਧਰ) ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉੱਤਰੀ ਜ਼ੋਨ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਸੂਬੇ ਸ਼ਾਮਲ ਹਨ। ਡਾ. ਯਸ਼ ਸ਼ਰਮਾ ਇਸ ਤੋਂ ਪਹਿਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਰਹਿ ਚੁੱਕੇ ਹਨ। ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਜ਼ (ਇੰਡੀਆ) ਭਾਰਤ ਵਿਚ ਅਨੇਕਾਂ ਹਸਪਤਾਲਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਸਰਕਾਰ ਤੇ ਸਿਹਤ ਖੇਤਰ ਨਾਲ ਸਬੰਧਤ ਹੋਰ ਧਿਰਾਂ ਨਾਲ ਲਗਾਤਾਰ ਜੁੜੀ ਹੋਈ ਹੈ। ਉਹ ਵੱਧ ਤੋਂ ਵੱਧ ਆਬਾਦੀ ਨੂੰ ਸਿਹਤ ਸੰਭਾਲ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਡਾ. ਯਸ਼ ਸ਼ਰਮਾ ਨੇ ਕਿਹਾ ਕਿ ਇਸ ਐਸੋਸੀਏਸ਼ਨ ਦਾ ਮਕਸਦ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਅਤੇ ਇਸ ਉਦਯੋਗ ਨੂੰ ਆਮ ਲੋਕਾਂ ਨਾਲ ਜੋੜਨਾ ਹੈ। ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਜ਼ (ਇੰਡੀਆ) ਦਾ ਮਕਸਦ ਮੁਨਾਫ਼ਾ ਕਮਾਉਣਾ ਨਹੀਂ, ਸਗੋਂ ਉਹ ਸਰਕਾਰ, ਰੈਗੂਲੇਟਰੀ ਸੰਸਥਾਵਾਂ ਅਤੇ ਸੁਸ਼ਾਸਨ ਨਾਲ ਸਬੰਧਤ ਮੁੱਦਿਆਂ ’ਤੇ ਹੋਰ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ ਤਾਂ ਜੋ ਹਸਪਤਾਲਾਂ ਨੂੰ ਸਿਹਤ ਸੰਭਾਲ ਪ੍ਰਣਾਲੀ ਨੂੰ ਅਪਗ੍ਰੇਡ ਕਰਨ ’ਚ ਮਦਦ ਮਿਲ ਸਕੇ।

ਇਸ ਸਮੇਂ ਦੇਸ਼ ਵਿਚ ਸਿਹਤ ਨਾਲ ਸਬੰਧਤ ਲੋੜਾਂ ਦਾ 85 ਫੀਸਦੀ ਪ੍ਰਾਈਵੇਟ ਸੈਕਟਰ ਵੱਲੋਂ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਮਿਤ ਸਾਧਨਾਂ ਦੇ ਮੱਦੇਨਜ਼ਰ ਜਿਸ ਤਰ੍ਹਾਂ ਵੱਖ-ਵੱਖ ਬੀਮਾਰੀਆਂ ਦਾ ਬੋਝ ਵਧਦਾ ਜਾ ਰਿਹਾ ਹੈ, ਇਸ ਲਈ ਸੰਸਥਾ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਤੇ ਲਾਗਤਾਂ ਨੂੰ ਘਟਾਉਣ ਲਈ ਯਤਨਸ਼ੀਲ ਹੈ ਅਤੇ ਨਵੀਆਂ ਨੀਤੀਆਂ ਬਣਾਉਣ ਸਬੰਧੀ ਉਹ ਸਮਾਜ ਨਾਲ ਗੱਲਬਾਤ ਵੀ ਕਰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਜੈਪੁਰ ਵਿਚ 10 ਤੇ 11 ਫਰਵਰੀ ਨੂੰ ਇਕ ਗਲੋਬਲ ਕਾਨਕਲੇਵ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਨਵੀਂ ਤਕਨੀਕ, ਲਾਗਤ ਅਤੇ ਮਰੀਜ਼ ਨੂੰ ਸਿਹਤਮੰਦ ਕਰਨ ਨਾਲ ਜੁੜਿਆ ਹੋਇਆ ਹੈ। ਦੇਸ਼ ਦੀ ਜਨਤਾ ’ਚ ਸਿਹਤ ਸੰਭਾਲ ਲੋੜਾਂ ਦਾ ਧਿਆਨ ਰੱਖਣ ਲਈ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਕਾਨਕਲੇਵ ਵਿਚ ਕੁਆਲਿਟੀ ਕੰਟਰੋਲ ਆਫ ਇੰਡੀਆ, ਨੈਸ਼ਨਲ ਐਕ੍ਰੀਡੇਸ਼ਨ ਬੋਰਡ, ਸਿਹਤ ਮੰਤਰਾਲਾ, ਬੀਮਾ ਕੰਪਨੀਆਂ ਅਤੇ ਹੋਰ ਪਾਰਟੀਆਂ ਦੇ ਮਾਹਿਰ ਵੀ ਹਿੱਸਾ ਲੈਣਗੇ ਤਾਂ ਜੋ ਸਿਹਤ ਖੇਤਰ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ।


author

Anuradha

Content Editor

Related News