ਛੋਟੀ ਬਾਰਾਦਰੀ ਪਾਰਟ-2 ਮਾਰਕੀਟ ਦੇ ਪਾਰਕਿੰਗ ਏਰੀਆ ’ਚ ਰੇਹੜੀਆਂ ਲਾਉਣ ਦਾ ਮਾਮਲਾ ਗਰਮਾਇਆ

Wednesday, Dec 27, 2023 - 02:19 PM (IST)

ਛੋਟੀ ਬਾਰਾਦਰੀ ਪਾਰਟ-2 ਮਾਰਕੀਟ ਦੇ ਪਾਰਕਿੰਗ ਏਰੀਆ ’ਚ ਰੇਹੜੀਆਂ ਲਾਉਣ ਦਾ ਮਾਮਲਾ ਗਰਮਾਇਆ

ਜਲੰਧਰ (ਚੋਪੜਾ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸ਼ਹਿਰ ਵਿਚ ਬਦਤਰ ਹੋ ਚੁੱਕੀ ਟ੍ਰੈਫਿਕ ਵਿਵਸਥਾ ਵਿਚ ਹੈਰਾਨ ਕਰਨ ਵਾਲੇ ਸੁਧਾਰ ਵੇਖਣ ਨੂੰ ਮਿਲੇ ਹਨ ਪਰ ਹੁਣ ਸੜਕਾਂ ’ਤੇ ਰੇਹੜੀਆਂ-ਫੜ੍ਹੀਆਂ ਲਾ ਕੇ 2 ਸਮੇਂ ਦੀ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰਾਂ ਦਾ ਪੇਟ ਭਰਨ ਵਾਲੇ ਰੇਹੜੀ ਸੰਚਾਲਕਾਂ ਨੂੰ ਐਡਜਸਟ ਕਰਨ ਸਬੰਧੀ ਵਿਵਾਦ ਪੈਦਾ ਹੋਣੇ ਸ਼ੁਰੂ ਹੋ ਗਏ ਹਨ। ਅਜਿਹੇ ਹੀ ਮਾਮਲੇ ਵਿਚ ਮੰਗਲਵਾਰ ਛੋਟੀ ਬਾਰਾਦਰੀ ਪਾਰਟ-2 ਦੀ ਮਾਰਕੀਟ, ਸਾਹਮਣੇ ਪਿਮਸ ਹਸਪਤਾਲ ਵਿਚ ਉਸ ਸਮੇਂ ਮਾਮਲਾ ਗਰਮਾ ਗਿਆ, ਜਦੋਂ ਮਾਰਕੀਟ ਵਿਚ ਕਰੋੜਾਂ ਰੁਪਏ ਦੇ ਐੱਸ. ਸੀ. ਓ. ਲੈ ਕੇ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੇ ਨਗਰ ਨਿਗਮ ਵੱਲੋਂ ਮਾਰਕੀਟ ਦੇ ਪਾਰਕਿੰਗ ਏਰੀਆ ਵਿਚ ਰੇਹੜੀਆਂ ਲੁਆਉਣ ਦਾ ਜ਼ੋਰਦਾਰ ਵਿਰੋਧ ਕੀਤਾ।

PunjabKesari

ਐੱਸ. ਸੀ. ਓ. ਮਾਲਕਾਂ ਵਿਚ ਸ਼ਾਮਲ ਅੰਮ੍ਰਿਤਪਾਲ ਸਿੰਘ, ਐਡਵੋਕੇਟ ਰਵਨੀਤ ਸਰਨਾ, ਬੰਨੀ ਸਰਨਾ, ਪਰਮ ਚਾਹਲ, ਸੈਮ ਸ਼ੈਫੀ, ਮਨਵੀਰ ਸਿੰਘ, ਗੌਰਵ ਮਿੱਢਾ, ਪ੍ਰਦੀਪ ਸਿੰਘ, ਐਡਵੋਕੇਟ ਉਮੇਸ਼ ਠਾਕੁਰ, ਸੁਰੇਸ਼ ਗੁਪਤਾ, ਬਲਰਾਜ ਸਿੰਘ ਅਤੇ ਹੋਰਨਾਂ ਨੇ ਅੱਜ ਸਵੇਰੇ ਰੇਹੜੀਆਂ ਲਾਉਣ ਦਾ ਵਿਰੋਧ ਕਰਦੇ ਹੋਏ ਮਾਮਲਾ ਪੁਲਸ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਏ. ਸੀ. ਏ. ਪੁੱਡਾ ਦੇ ਸਾਹਮਣੇ ਉਠਾਇਆ। ਅੰਮ੍ਰਿਤਪਾਲ ਸਿੰਘ ਅਤੇ ਐਡਵੋਕੇਟ ਰਵਨੀਤ ਸਰਨਾ ਨੇ ਦੱਸਿਆ ਕਿ ਨਗਰ ਨਿਗਮ ਨੇ ਬੀਤੇ ਦਿਨੀਂ ਵੀ ਮਾਰਕੀਟ ਦੀ ਪਾਰਕਿੰਗ ਪਲੇਸ ’ਤੇ 20 ਦੇ ਲਗਭਗ ਰੇਹੜੀਆਂ ਲੁਆ ਦਿੱਤੀਆਂ ਸਨ। ਮਾਰਕੀਟ ਦੇ ਕਾਰੋਬਾਰੀਆਂ ਦੇ ਇਤਰਾਜ਼ ਕਰਨ ’ਤੇ ਉਸ ਸਮੇਂ ਨਿਗਮ ਕਰਮਚਾਰੀਆਂ ਨੇ ਸਾਰੀਆਂ ਰੇਹੜੀਆਂ ਨੂੰ ਮਾਰਕੀਟ ਦੇ ਬਾਹਰ ਫੁੱਟਪਾਥ ’ਤੇ ਭੇਜ ਦਿੱਤਾ ਪਰ ਮੰਗਲਵਾਰ ਸਵੇਰੇ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਇਕ ਵਾਰ ਫਿਰ ਤੋਂ ਰੇਹੜੀਆਂ ਮਾਰਕੀਟ ਦੇ ਪਾਰਕਿੰਗ ਏਰੀਆ ਵਿਚ ਲੁਆ ਦਿੱਤੀਆਂ, ਜਿਸ ’ਤੇ ਸਾਰੇ ਐੱਸ. ਸੀ. ਓ. ਮਾਲਕ ਇਕੱਠੇ ਹੋਏ ਅਤੇ ਉਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਆਪਣਾ ਵਿਰੋਧ ਜਤਾਇਆ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਸਵਦੇਸ਼ ਪਰਤੇ, ਸੁਣਾਈ ਹੱਡਬੀਤੀ

PunjabKesari

ਅੰਮ੍ਰਿਤਪਾਲ ਅਤੇ ਐਡਵੋਕੇਟ ਸਰਨਾ ਨੇ ਦੱਸਿਆ ਕਿ ਉਨ੍ਹਾਂ ਪੁੱਡਾ ਕੋਲੋਂ ਕਰੋੜਾਂ ਰੁਪਏ ਵਿਚ ਐੱਸ. ਸੀ. ਓ. ਖ਼ਰੀਦੇ ਹਨ ਕਿਉਂਕਿ ਪੁੱਡਾ ਦੇ ਲੇਅ-ਆਊਟ ਪਲਾਨ ਵਿਚ ਮਾਰਕੀਟ ਨੂੰ ਪ੍ਰਾਈਵੇਟ ਪਾਰਕਿੰਗ ਦੀ ਸਹੂਲਤ ਦਿੱਤੀ ਹੋਈ ਹੈ, ਜਿਸ ਨੂੰ ਵੇਖ ਕੇ ਹੀ ਉਨ੍ਹਾਂ ਇੰਨੇ ਮਹਿੰਗੇ ਐੱਸ. ਸੀ. ਓ. ਆਕਸ਼ਨ ਵਿਚ ਖ਼ਰੀਦੇ ਸਨ ਪਰ ਹੁਣ ਨਗਰ ਨਿਗਮ ਧੱਕੇਸ਼ਾਹੀ ਕਰਕੇ ਇਥੇ ਰੇਹੜੀਆਂ ਲੁਆ ਰਿਹਾ ਹੈ। ਹੁਣ ਪਾਰਕਿੰਗ ਹੀ ਖ਼ਤਮ ਹੋ ਗਈ ਤਾਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ। ਅੰਮ੍ਰਿਤਪਾਲ ਅਤੇ ਐਡਵੋਕੇਟ ਸਰਨਾ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਰਕਿੰਗ ਏਰੀਆ ਨੂੰ ਚੌਪਾਟੀ ਨਹੀਂ ਬਣਨ ਦੇਣਗੇ। ਜੇਕਰ ਨਿਗਮ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਆਪਣੇ ਸ਼ੋਅਰੂਮ ਬੰਦ ਕਰਕੇ ਚਾਬੀਆਂ ਪੁਲਸ ਅਤੇ ਨਿਗਮ ਕਮਿਸ਼ਨਰ ਨੂੰ ਸੌਂਪ ਦੇਣਗੇ। ਇਸ ਉਪਰੰਤ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਜੀਤ ਚਾਹਲ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਕਾਰੋਬਾਰੀਆਂ ਨਾਲ ਗੱਲਬਾਤ ਕਰ ਕੇ ਸਾਰੀਆਂ ਰੇਹੜੀਆਂ ਨੂੰ ਮਾਰਕੀਟ ਦੇ ਬਾਹਰ ਫੁੱਟਪਾਥ ’ਤੇ ਸ਼ਿਫ਼ਟ ਕਰਵਾ ਦਿੱਤਾ, ਜਿਸ ਉਪਰੰਤ ਫਿਲਹਾਲ ਵਿਵਾਦ ਸ਼ਾਂਤ ਹੋ ਗਿਆ ਹੈ।

ਕਾਰੋਬਾਰੀਆਂ ਨੇ ਸਮੱਸਿਆ ਦੇ ਹੱਲ ਲਈ ਗੰਭੀਰ ਕੋਸ਼ਿਸ਼ਾਂ ਕਰਨ ਵਾਸਤੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ। ਦੂਜੇ ਪਾਸੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਸਟਰੀਟ ਵੈਂਡਿੰਗ ਐਕਟ ਤਹਿਤ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੇ 34 ਇਲਾਕਿਆਂ ਵਿਚ ਇਹ ਇਲਾਕਾ ਵੀ ਸ਼ਾਮਲ ਹੈ। ਰੇਹੜੀਆਂ ਨੂੰ ਪਾਰਕਿੰਗ ਏਰੀਆ ਦੀ ਬਜਾਏ ਬਾਹਰ ਖਾਲੀ ਜਗ੍ਹਾ, ਜਿੱਥੇ ਕੂੜੇ ਦੇ ਢੇਰ ਲੱਗੇ ਹਨ, ਉਥੇ ਸਫ਼ਾਈ ਕਰਵਾ ਕੇ ਸ਼ਿਫਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News