ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

11/20/2018 2:54:52 AM

ਸ੍ਰੀ ਕੀਰਤਪੁਰ ਸਾਹਿਬ,  (ਬਾਲੀ)-  ਪੀ.ਡਬਲਯੂ.ਡੀ. ਬੀ ਐਂਡ ਆਰ ਦੇ ਇਲੈਕਟ੍ਰੀਕਲ ਵਿੰਗ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਗੰਗੂਵਾਲ ਤੱਕ ਸਡ਼ਕ ਦੇ ਵਿਚਕਾਰ ਲਾਈਆਂ ਸਟਰੀਟ ਲਾਈਟਾਂ ਕਈ ਥਾਵਾਂ ਤੋਂ ਖਰਾਬ ਪਈਆਂ ਹਨ, ਜਿਸ ਕਾਰਨ ਰਾਤ ਨੂੰ ਸਡ਼ਕ ’ਤੇ ਚੱਲਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਲਾਈਟਾਂ  ਪੀ.ਡਬਲਯੂ.ਡੀ. ਬੀ ਐਂਡ ਆਰ ਦੇ ਇਲੈਕਟ੍ਰੀਕਲ ਵਿੰਗ ਵੱਲੋਂ ਸੰਨ 1999 ਵਿਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਸਡ਼ਕ ਵਿਚਕਾਰ ਲਾਈਆਂ ਗਈਆਂ ਸਨ। ਪਰ ਸੰਨ 2005 ਵਿਚ ਉਸ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤੱਕ ਸਡ਼ਕ ਨੂੰ ਬਣਾ ਕੇ ਇਸ ਉੱਪਰ ਟੋਲ ਪਲਾਜ਼ਾ ਲਾਉਣ ਦਾ ਰੋਹਨ ਰਾਜਦੀਪ ਟੋਲ ਵੇਜ ਕੰਪਨੀ ਨਾਲ ਲਿਖਤੀ ਸਮਝੌਤਾ ਕੀਤਾ। ਪਰ ਸਮਝੌਤੇ ਵਿਚ ਸਡ਼ਕ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਦੀ ਮੁਰੰਮਤ, ਇਨ੍ਹਾਂ ਦਾ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਿਸ ਕਾਰਨ ਇਨ੍ਹਾਂ ਲਾਈਟਾਂ ਦੀ ਮੁਰੰਮਤ, ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਦੇ ਮਹਿਕਮੇ ਵੱਲੋਂ ਹੀ ਨਿਭਾਈ ਜਾ ਰਹੀ ਹੈ। ਇਸ ਸਮੇਂ ਇਹ ਲਾਈਟਾਂ ਕੀਰਤਪੁਰ ਸਾਹਿਬ ਦੇ ਪੁਰਾਣਾ ਬੱਸ ਅੱਡਾ, ਨਵਾਂ ਬੱਸ ਅੱਡਾ, ਪਿੰਡ ਨੱਕੀਆਂ, ਦੋਲੋਵਾਲ ਹੇਠਲਾ, ਕੋਟਲਾ ਆਦਿ ਕਈ ਥਾਵਾਂ ’ਤੇ ਖਰਾਬ ਪਈਆਂ ਹਨ। 
ਸਥਾਨਕ ਪਿੰਡਾਂ ਦੇ ਮੋਹਤਬਰਾਂ ਬਲਜੀਤ ਸਿੰਘ ਮਾਂਗਟ, ਭੁਪਿੰਦਰ ਸਿੰਘ ਭਾਰਜ ਸਾਬਕਾ ਸਰਪੰਚ ਭਟੋਲੀ, ਐਡਵੋਕੇਟ ਬਿਕਰਮ ਠਾਕੁਰ, ਸੋਮਦੱਤ ਜੋਸ਼ੀ ਸਾਬਕਾ ਸਰਪੰਚ ਜਿਊਵਾਲ, ਸੁਰਿੰਦਰ ਸਿੰਘ ਭਿੰਦਰ ਸਾਬਕਾ ਸਰਪੰਚ ਕਲਿਆਣਪੁਰ, ਗੁਰਮੀਤ ਸਿੰਘ ਟੀਨਾ ਸਾਬਕਾ ਸਰਪੰਚ, ਤਾਜ ਮੁਹੰਮਦ ਪਠਾਣ, ਪ੍ਰਦੀਪ ਗੁਲਾਟੀ, ਨਰਿੰਦਰ ਸ਼ਰਮਾ ਕੋਟਲਾ, ਵਿਜੇ  ਸ਼ਰਮਾ ਨੱਕੀਆਂ, ਸੁਦਰਸ਼ਨ ਸ਼ਰਮਾ ਸਰਪੰਚ ਨੱਕੀਆਂ, ਸੰਜੈ ਸ਼ਰਮਾ ਸਰਪੰਚ ਕੋਟਲਾ, ਸਰਬਣ ਸਿੰਘ, ਚਿਰੰਜੀ ਲਾਲ ਦੋਲੋਵਾਲ, ਵਿਕਰਮਜੀਤ ਗਾਂਧੀ, ਸ਼ਿੰਗਾਰਾ ਸਿੰਘ ਭਾਅ, ਪਵਨ ਮਹਿੰਦਲੀ ਆਦਿ ਨੇ ਡੀ.ਸੀ. ਰੂਪਨਗਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਡ਼ਕ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਨੂੰ  ਠੀਕ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।  
 
ਕੀ ਕਹਿਣਾ ਹੈ ਐੱਸ.ਡੀ.ਓ ਦਾ
 ਇਸ ਬਾਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਈਟਾਂ ਦੀ ਮੁਰੰਮਤ ਬਾਰੇ ਉਨ੍ਹਾਂ ਕੋਲ ਫੰਡ ਦੀ ਘਾਟ ਹੈ, ਕਈ ਲਾਈਟਾਂ ਦੇ ਬੱਲਬ, ਚੋਕਾਂ ਤੇ ਹੋਰ ਸਾਮਾਨ ਪੈਣ ਵਾਲਾ ਹੈ। ਇਸ ਬਾਰੇ ਉਨ੍ਹਾਂ ਐਸਟੀਮੇਟ ਤਿਆਰ ਕਰ ਕੇ ਫੰਡ ਜਾਰੀ ਕਰਨ ਲਈ ਸਰਕਾਰ ਨੂੰ ਭੇਜਿਆ ਹੋਇਆ ਹੈ। ਜਦੋਂ ਵੀ ਫੰਡ ਜਾਰੀ ਹੋਣਗੇ ਤਾਂ ਉਨ੍ਹਾਂ ਵੱਲੋਂ ਸਡ਼ਕ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। 
 


Related News