ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਪਵਿੱਤਰ ਸ਼ਹਿਰ ’ਚ ਸ਼ਾਮ ਹੁੰਦੇ ਹੀ ਛਾ ਜਾਂਦੈ ਹਨੇਰਾ

11/15/2018 5:27:40 AM

ਸੁਲਤਾਨਪੁਰ ਲੋਧੀ,   (ਅਸ਼ਵਨੀ)-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਚ ਪਿਛਲੇ ਇਕ ਮਹੀਨੇ ਤੋਂ ਅਧਿਕਾਰੀਆਂ ਦੀ ਚਹਿਲ-ਪਹਿਲ ਵੇਖੀ ਜਾ ਰਹੀ ਹੈ। ਪ੍ਰਕਾਸ਼  ਦਿਹਾੜੇ ਸਬੰਧੀ ਹੁਣ ਤਕ ਹੋਈਆਂ ਅਨੇਕਾਂ ਬੈਠਕਾਂ ਵਿਚ ਯੋਜਨਾਵਾਂ ਸਬੰਧੀ ਸਾਰੇ ਦਾਅਵੇ ਠੁੱਸ ਸਿੱਧ ਹੋ ਰਹੇ ਹਨ, ਜਿਸ ਦੀਆਂ ਅਨੇਕਾਂ ਮਿਸਾਲਾਂ ਸ਼ਹਿਰ ਅਤੇ ਇਲਾਕੇ ਅੰਦਰ ਮਿਲਣਗੀਆਂ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਸ਼ਹਿਰ ’ਚ ਸਟਰੀਟ ਲਾਈਟਾਂ ਦੀ ਖਰਾਬੀ ਕਾਰਨ ਪੂਰੀ ਤਰ੍ਹਾਂ ਹਨੇਰੇ ’ਚ ਡੁੱਬਿਆ ਰਿਹਾ। ਜਾਣਕਾਰੀ ਮੁਤਾਬਕ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ’ਚ ਲੱਗੀਆਂ ਜ਼ਿਆਦਾਤਰ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਸ਼ਾਮ ਹੁੰਦੇ ਹੀ ਸਾਰਾ ਇਲਾਕਾ ਹਨੇਰੇ ’ਚ ਡੁੱਬ ਜਾਂਦਾ ਹੈ, ਜਿਸ ਕਾਰਨ ਰਾਤ ਦੇ ਸਮੇਂ ਲੋਕ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਡਰ ਕਾਰਨ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਮਾਰਗਾਂ ਲੋਹੀਆਂ ਚੂੰਗੀ, ਤਲਵੰਡੀ ਚੌਧਰੀਆਂ ਤੇ ਕਪੂਰਥਲਾ ਰੋਡ ’ਤੇ ਲਾਈਟਾਂ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਵੀ ਸਥਾਨਕ ਅਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਹਨੇਰਾ ਹੋਣ ਕਾਰਨ ਰਾਤ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾਡ਼ੇ ਵਿਚ ਨੌ ਦਿਨ ਬਾਕੀ ਹਨ ਪਰ ਹਾਲੇ ਤਕ ਗੁਪਤ ਬੈਠਕਾਂ ਕਰਨ ਵਾਲੇ ਜ਼ਿਲਾ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਸਡ਼ਕਾਂ ’ਤੇ ਚਾਨਣ ਦੀ ਸਹੂਲਤ ਦੇਣ ਵਾਸਤੇ ਕੋਈ ਉਪਰਾਲਾ ਕਰਦੇ ਹੋਏ ਨਜ਼ਰ ਨਹੀਂ ਆ ਰਿਹੇ ਹਨ, ਜਿਸ ਨੂੰ ਲੈ ਕੇ ਇਲਾਕੇ ਭਰ ਦੀਆਂ ਸੰਗਤਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਨੂੰ ਆਉਣ ਵਾਲੀਆਂ ਸਡ਼ਕਾਂ ’ਤੇ  ਕਈ ਅਹਿਮ ਥਾਵਾਂ ’ਤੇ ਐੱਲ. ਈ. ਡੀ. ਲਾਈਟਾਂ ਲਾਈਆਂ ਤਾਂ ਗਈਆਂ ਹਨ ਪਰ ਜ਼ਿਆਦਾਤਰ ਖਰਾਬ ਹੋਣ ਕਾਰਨ ਇਥੇ ਹਨੇਰਾ ਛਾਇਆ ਰਹਿੰਦਾ ਹੈ। ਜਦਕਿ ਦੂਜੇ ਪਾਸੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੌਰੇ ਨੂੰ ਲੈ ਕੇ ਅਨਾਜ ਮੰਡੀ ਜਿਸ ਵਿਚ ਕਿਸਾਨਾਂ ਨੂੰ 17 ਦਿਨ ਪਹਿਲਾਂ ਹੀ ਝੋਨਾ ਲਿਆਉਣ ਨੂੰ ਮਨ੍ਹਾ ਕਰ ਦਿੱਤਾ ਗਿਆ ਹੈ, ਉਸ ਖਾਲੀ ਪਈ ਮੰਡੀ ਵਿਚ ਲਾਈਟਾਂ ਜਗਦੀਆਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਉਕਤ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ  ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਅਧਿਕਾਰੀ ਦਾ
  ਦੂਜੇ ਪਾਸੇ ਇਸ ਸਬੰਧੀ ਜਦ ਨਗਰ ਕੌਂਸਲ ਦੇ ਅਧਿਕਾਰੀ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਈਟਾਂ ਸਬੰਧੀ ਸਾਰੇ ਪ੍ਰਬੰਧ ਜਲਦ ਮੁਕੰਮਲ ਕਰ ਦਿੱਤੇ ਜਾਣਗੇ, ਜਿਸ ਉਪਰੰਤ ਲੋਕਾਂ ਨੂੰ  ਆ ਰਹੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। 
ਲਾਈਟਾਂ ਖਰਾਬ ਹੋਣ ਕਾਰਨ ਰਾਤ ਸਮੇਂ ਬਣਿਆ ਰਹਿੰਦਾ ਹੈ ਲੁੱਟਾਂ-ਖੋਹਾਂ ਦਾ ਡਰ : ਖਾਲਸਾ 
 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਜਥੇ. ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਲਾਕੇ ਤੇ ਆਸ-ਪਾਸ ਦੇ ਖੇਤਰਾਂ ਦੀਆਂ ਲਾਈਟਾਂ ਦੇ ਪ੍ਰਬੰਧਾਂ ਦੀ ਵੱਡੀ ਘਾਟ ਹੈ, ਜਿਸ ਕਾਰਨ ਲੋਕਾਂ ’ਚ ਸ਼ਰਾਰਤੀ ਅਨਸਰਾਂ ਵਲੋਂ ਰਾਤ ਦੇ ਸਮੇਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਡਰ ਬਣਿਆ ਰਹਿੰਦਾ ਹੈ ।  ਇਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ’ਚ ਬੰਦ ਪਈਆਂ ਸਟਰੀਟ ਲਾਈਟਾਂ ਜਲਦ ਠੀਕ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਚੈਨ ਦੀ ਸਾਹ ਲੈ ਸਕਣ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾਡ਼ੇ ਤੋਂ ਪਹਿਲਾਂ  ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸਾਰੀਆਂ ਸਡ਼ਕਾਂ ਕੰਢੇ ਲਾਈਟਾਂ ਦਾ ਉਚਿਤ ਪ੍ਰਬੰਧ ਕੀਤਾ ਜਾਵੇ।
ਕੀ ਕਹਿੰਦੇ ਹਨ ਐਡਵੋਕੇਟ ਸਤਨਾਮ ਸਿੰਘ ਮੋਮੀ 
ਐਡਵੋਕੇਟ ਸਤਨਾਮ  ਸਿੰਘ ਨੇ ਕਿਹਾ ਕਿ ਸ਼ਹਿਰ ’ਚ ਕਈ ਥਾਵਾਂ ’ਤੇ ਐੱਲ. ਈ. ਡੀ. ਲਾਈਟਾਂ ਲੱਗੀਆਂ ਹਨ ਪਰ ਉਹ ਪਿਛਲੇ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਸ਼ਾਮ ਹੁੰਦੇ ਹੀ ਸਾਰਾ ਖੇਤਰ ਹਨੇਰੇ ਵਿਚ ਡੁੱਬ ਜਾਂਦਾ ਹੈ ਤੇ ਨਗਰ ਕੌਂਸਲ ਦੇ ਅਧਿਕਾਰੀਆਂ  ਨੂੰ ਕਈ ਵਾਰ ਲਾਈਟਾਂ ਠੀਕ ਕਰਵਾਉਣ ਦੀ ਮੰਗ ਕੀਤੀ ਗਈ ਹੈ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਖਰਾਬ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।
 


Related News