ਗੱਦੇ ਤੇ ਫਟੇ ਪਰਦੇ ਬਦਲਣ ’ਚ ਅਸਫ਼ਲ ਹਸਪਤਾਲ ਪ੍ਰਸ਼ਾਸਨ, ਆਵਾਰਾ ਕੁੱਤਿਆਂ ਨੇ ESI ਨੂੰ ਬਣਾਇਆ ਆਪਣਾ ਆਸ਼ਿਆਨਾ
Monday, Jul 22, 2024 - 03:41 PM (IST)
ਜਲੰਧਰ (ਸ਼ੋਰੀ)- ਮਹਾਨਗਰ ’ਚ ਹਰ ਮਹੀਨੇ ਫੈਕਟਰੀਆਂ ਅਤੇ ਵੱਡੀਆਂ ਕੰਪਨੀਆਂ ਆਪਣੇ ਸਟਾਫ਼ ਲਈ ਈ. ਐੱਸ. ਆਈ. ਰਾਹੀਂ ਸਰਕਾਰ ਨੂੰ ਕੁਝ ਨਾ ਕੁਝ ਪੈਸਾ ਦਿੰਦੀਆਂ ਹਨ, ਜਿਸ ਤੋਂ ਬਾਅਦ ਉਸ ਦਾ ਕੁਝ ਹਿੱਸਾ ਸਰਕਾਰ ਵੱਲੋਂ ਵੀ ਦਿੱਤਾ ਜਾਂਦਾ ਹੈ ਤਾਂ ਜੋ ਕੱਲ੍ਹ ਨੂੰ ਉਕਤ ਫੈਕਟਰੀਆਂ ਜਾਂ ਵੱਡੀਆਂ ਕੰਪਨੀਆਂ ’ਚ ਕੰਮ ਕਰਨ ਵਾਲਾ ਸਟਾਫ਼ ਕਿਸੇ ਹਾਦਸੇ ’ਚ ਜ਼ਖ਼ਮੀ ਜਾਂ ਬੀਮਾਰ ਹੋ ਜਾਵੇ ਤਾਂ ਉਨ੍ਹਾਂ ਦਾ ਈ. ਐੱਸ. ਆਈ. ਹਸਪਤਾਲ ’ਚ ਚੰਗਾ ਇਲਾਜ ਹੋ ਸਕੇ।
ਜੇ ਇਹ ਸੰਭਵ ਨਹੀਂ ਹੈ ਤਾਂ ਮਰੀਜ਼ ਨੂੰ ਈ. ਐੱਸ. ਆਈ. ਹਸਪਤਾਲ ਨਾਲ ਜੁੜੇ ਕੁਝ ਪ੍ਰਾਈਵੇਟ ਹਸਪਤਾਲਾਂ ’ਚ ਰੈਫਰ ਕੀਤਾ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਜਲੰਧਰ ਦਾ ਈ. ਐੱਸ. ਆਈ. ਹਸਪਤਾਲ ਸਰਕਾਰ ਦੇ ਦਾਅਵਿਆਂ ਨੂੰ ਫੇਲ੍ਹ ਕਰਨ ’ਚ ਸਭ ਤੋਂ ਅੱਗੇ ਹੈ। ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਦੋਂ ‘ਜਗ ਬਾਣੀ’ਟੀਮ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਕਈ ਕਮੀਆਂ ਸਾਹਮਣੇ ਆਈਆਂ। ਜਾਣਕਾਰੀ ਅਨੁਸਾਰ ਈ. ਐੱਸ. ਆਈ. ਦੇ ਐਮਰਜੈਂਸੀ ਵਾਰਡ ਨੇੜੇ ਆਵਾਰਾ ਕੁੱਤੇ ਇਸ ਤਰ੍ਹਾਂ ਬੈਠੇ ਸਨ, ਜਿਵੇਂ ਇਹ ਉਨ੍ਹਾਂ ਦਾ ਘਰ ਹੋਵੇ ਅਤੇ ਕੋਈ ਵੀ ਕੁੱਤਿਆਂ ਨੂੰ ਭਜਾਉਣ ’ਚ ਦਿਲਚਸਪੀ ਨਹੀਂ ਲੈ ਰਿਹਾ ਸੀ।
ਇੰਨਾ ਹੀ ਨਹੀਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਬਾਹਰ ਕੁੱਤੇ ਆਰਾਮ ਨਾਲ ਸੌਂ ਰਹੇ ਸਨ ਤਾਂ ਉੱਥੋਂ ਦਾ ਇਕ ਸਟਾਫ਼ ਲੰਘਿਆ ਅਤੇ ਕੁੱਤਿਆਂ ਨੂੰ ਬਿਸਕੁਟ ਦੇ ਕੇ ਚਲਾ ਗਿਆ। ਹਾਲਾਂਕਿ, ਕੁਝ ਲੋਕ ਨੂੰ ਆਵਾਰਾ ਕੁੱਤੇ ਭੌਂਕਦੇ ਵੀ ਵੇਖੇ ਸਕਦੇ ਸਨ। ਇਸ ਦੇ ਨਾਲ ਹੀ ਮਰੀਜ਼ਾਂ ਦੇ ਬੈੱਡਾਂ ਨੇੜੇ ਖਿੜਕੀਆਂ ਦੇ ਫਟੇ ਅਤੇ ਗੰਦੇ ਪਰਦੇ ਹਸਪਤਾਲ ਦੀ ਤਰਸਯੋਗ ਹਾਲਤ ਬਿਆਨ ਕਰ ਰਹੇ ਸਨ। ਇੰਝ ਲੱਗਦਾ ਸੀ ਜਿਵੇਂ ਕਈ ਸਾਲਾਂ ਤੋਂ ਉਕਤ ਪਰਦਿਆਂ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, MP ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਇਕ ਮਹਿਲਾ ਮਰੀਜ਼ ਦਾ ਦੋਸ਼: ਨਰਸਿੰਗ ਸਟਾਫ਼ ਕੋਲ ਗਲੂਕੋਜ਼ ਚੜ੍ਹਾਉਣ ਦਾ ਵੀ ਟਾਈਮ ਨਹੀਂ
ਉੱਥੇ ਹੀ ‘ਜਗ ਬਾਣੀ’ਟੀਮ ਦੇ ਹਸਪਤਾਲ ਦੇ ਵਾਰਡ ਦੇ ਦੌਰੇ ਦੌਰਾਨ ਇਕ ਮਹਿਲਾ ਮਰੀਜ਼ ਨੇ ਦੋਸ਼ ਲਾਇਆ ਕਿ ਡਿਊਟੀ ’ਤੇ ਮੌਜੂਦ ਨਰਸਿੰਗ ਸਟਾਫ਼ ਉਸ ਵੱਲ ਧਿਆਨ ਨਹੀਂ ਦੇ ਰਿਹਾ। ਉਸ ਨੂੰ ਗੁਲੂਕੋਜ਼ ਦੀਆਂ ਬੋਤਲਾਂ ਚੜ੍ਹਾਈਆਂ ਗਈਆਂ ਅਤੇ ਸਿਰਫ਼ ਇਕ ਹੀ ਗੁਲੂਕੋਜ਼ ਦੀ ਬੋਤਲ ਬਚੀ ਸੀ, ਜਦੋਂ ਉਸ ਨੇ ਦੋਬਾਰਾ ਨਰਸਿੰਗ ਸਟਾਫ਼ ਕੋਲ ਜਾ ਕੇ ਉਸ ਨੂੰ ਬੋਤਲ ਚੜ੍ਹਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਕੋਲ ਸਮਾਂ ਨਹੀਂ ਹੈ, ਬੋਤਲ ਸਵੇਰੇ ਲੱਗੇਗੀ। ਪੂਰੇ ਮਾਮਲੇ ’ਚ ਵੇਖਿਆ ਜਾਵੇ ਤਾਂ ਈ. ਐੱਸ. ਆਈ. ਹਸਪਤਾਲ ’ਚ ਮਾਮੂਲੀ ਗਿਣਤੀ ’ਚ ਹੀ ਮਰੀਜ਼ ਦਾਖ਼ਲ ਹਨ ਪਰ ਹਸਪਤਾਲ ਦਾ ਸਟਾਫ਼ ਵੀ ਉਨ੍ਹਾਂ ਦੀ ਦੇਖਭਾਲ ਨਹੀਂ ਕਰਦਾ। ਅਜਿਹੇ 'ਚ ਇੰਨੇ ਵੱਡੇ ਹਸਪਤਾਲ ਦਾ ਕੀ ਫਾਇਦਾ? ਇਸ ਦੇ ਨਾਲ ਹੀ ਵਾਰਡ ’ਚ ਮਰੀਜ਼ਾਂ ਦੇ ਬੈੱਡਾਂ ਕੋਲ ਫਰਸ਼ ’ਤੇ ਕਈ ਮਹੀਨਿਆਂ ਤੋਂ ਜੰਮੀ ਗੰਦਗੀ ਵੇਖੀ ਜਾ ਸਕਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਹਸਪਤਾਲ ’ਚ ਸਾਫ਼-ਸਫ਼ਾਈ ਦੀ ਕੋਈ ਵੀ ਅਧਿਕਾਰੀ ਪ੍ਰਵਾਹ ਨਹੀਂ ਕਰਦਾ।
ਇਹ ਵੀ ਪੜ੍ਹੋ- ਹਾਦਸੇ ਨੇ ਉਜਾੜ ਦਿੱਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।