ਪਰਾਲੀ ਸਾੜਨ ਦੇ ਦੋਸ਼ ''ਚ 4 ਕਿਸਾਨ ਗ੍ਰਿਫਤਾਰ

11/17/2019 6:38:39 PM

ਨਵਾਂਸ਼ਹਿਰ (ਤ੍ਰਿਪਾਠੀ)— ਪਰਾਲੀ ਨੂੰ ਸਾੜਨ ਦੇ ਦੋਸ਼ 'ਚ 4 ਕਿਸਾਨਾਂ ਖਿਲਾਫ ਪੁਲਸ ਨੇ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਬਹਿਰਾਮ ਵਿਖੇ ਤਾਇਨਾਤ ਏ. ਐੱਸ. ਆਈ. ਪਵਿੱਤਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਉਨ੍ਹਾਂ ਦੀ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਤਲਾਸ਼ 'ਚ ਪਿੰਡ ਕੁਲਥਮ ਵੱਲੋਂ ਕੀਤੀ ਜਾ ਰਹੀ ਸੀ ਕਿ ਇਕ ਧਾਰਮਕ ਅਸਥਾਨ ਦੇ ਨੇੜੇ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਜਾ ਕੇ ਅੱਗ ਲਾਉਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਸੋਢੀ ਰਾਮ ਪੁੱਤਰ ਸਾਧੂ ਰਾਮ ਵਾਸੀ ਕੁਲਥਮ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਥਾਣਾ ਸਦਰ ਨਵਾਂਸ਼ਹਿਰ ਦੇ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਗਸ਼ਤ ਦੌਰਾਨ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਘੱਕੇਵਾਲ ਵੱਲ ਜਾ ਰਹੀ ਸੀ ਤਾਂ ਪਿੰਡ ਦੇ ਨੇੜੇ ਇਕ ਵਿਅਕਤੀ ਜਿਸ ਦੀ ਪਛਾਣ ਮਲਕੀਤ ਸਿੰਘ ਵਾਸੀ ਸਾਧੂ ਸਿੰਘ ਵਾਸੀ ਸਹੋਲੀ ਥਾਣਾ ਭਾਦਸੋਂ ਜ਼ਿਲਾ ਪਟਿਆਲਾ ਦੇ ਤੌਰ 'ਤੇ ਕੀਤੀ ਗਈ, ਨੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਈ ਹੋਈ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਇਕ ਹੋਰ ਮਾਮਲੇ ਵਿਚ ਥਾਣਾ ਨਵਾਂਸ਼ਹਿਰ ਦੀ ਪੁਲਸ ਨੇ ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੁੱਜਰਪੁਰ ਨੂੰ ਪਰਾਲੀ ਸਾੜਨ 'ਤੇ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਗੁਰਬਖਸ਼ ਸ਼ਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਜਦੋਂ ਦੌਰਾਨੇ ਗਸ਼ਤ ਬੰਗਾ ਰੋਡ ਸਥਿਤ ਫਾਟਕ 'ਤੇ ਮੌਜੂਦ ਸੀ ਤਾਂ ਪਿੰਡ ਮਹਾਲੋਂ ਤੋਂ ਜੱਬੋਵਾਲ ਮਾਰਗ 'ਤੇ ਝੋਨੇ ਦੇ ਖੇਤ 'ਚ ਪਰਾਲੀ ਨੂੰ ਅੱਗ ਲੱਗੀ ਹੋਈ ਹੈ, ਆਦੇਸ਼ਾਂ ਵਿਚ ਮੌਕੇ 'ਤੇ ਪੁੱਜ ਕੇ ਕਾਰਵਾਈ ਕਰਨ ਲਈ ਕਿਹਾ ਗਿਆ। ਉਪਰੋਕਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਰਾਲੀ ਸਾੜਨ ਵਾਲੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਪਿੰਡ ਚੂਹੜਪੁਰ ਤੋਂ ਰੁੜਕੀ ਖਾਸ ਵੱਲ ਜਾਣ ਵਾਲੇ ਮਾਰਗ 'ਤੇ ਖੇਤ ਵਿਚ ਪਰਾਲੀ ਸਾੜਨ ਵਾਲੇ ਰਣਵੀਰ ਸਿੰਘ ਪੁੱਤਰ ਭਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਪਰੋਕਤ ਚਾਰਾਂ ਮਾਮਲਿਆਂ ਵਿਚ ਜ਼ਿਲਾ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲੇ ਦਰਜ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

229 ਕੇਸਾਂ 'ਚ ਹੋ ਚੁੱਕੈ 5,75,500 ਰੁਪਏ ਜੁਰਮਾਨਾ
ਜ਼ਿਲਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਰਾਜ ਕੁਮਾਰ ਨੇ ਦੱਸਿਆ ਕਿ ਹੁਣ ਤਕ ਵਿਭਾਗ ਵੱਲੋਂ 265 ਪਰਾਲੀ ਸਾੜਨ ਵਾਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿਚੋਂ 229 'ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਹੋਇਆ ਹੈ ਅਤੇ 5,75,500 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੁੱਲ 40 ਕਿਸਾਨਾਂ ਖਿਲਾਫ ਪਰਾਲੀ ਸਾੜਨ 'ਤੇ ਜ਼ਿਲਾ ਮੈਜਿਸਟ੍ਰੇਟ ਦੇ ਆਦੇਸ਼ਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ 175 ਕਿਸਾਨਾਂ ਦੀ ਫਰਦ ਵਿਚ ਰੈੱਡ ਐਂਟਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੈੱਡ ਐਂਟਰੀ ਪਾਉਣ ਵਾਲੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਤੋਂ ਮੁਫਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸਬਸਿਡੀ 'ਤੇ ਮਿਲਣ ਵਾਲੀਆਂ ਖਾਦਾਂ ਅਤੇ ਸੰਦਾਂ 'ਤੇ ਰੋਕ ਲੱਗ ਸਕਦੀ ਹੈ ਜਦੋਂਕਿ ਜ਼ਿਲਾ ਮੈਜਿਸਟ੍ਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਪੰਚਾਇਤੀ ਜਨ ਪ੍ਰਤੀਨਿਧਾਂ ਅਤੇ ਨੰਬਰਦਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।


shivani attri

Content Editor

Related News