ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਲਈ SSP ਖੁਰਾਣਾ ਵੱਲੋਂ ਸ਼ਹਿਰ ’ਚ ਛਾਪੇਮਾਰੀ
Wednesday, Jan 22, 2025 - 01:17 PM (IST)
ਰੂਪਨਗਰ (ਵਿਜੇ ਸ਼ਰਮਾ)-ਸ਼ਹਿਰ ’ਚ ਚਾਈਨਾ ਡੋਰ ਦੀ ਵਿੱਕਰੀ ਅਤੇ ਇਸਤੇਮਾਲ ਨੂੰ ਰੋਕਣ ਲਈ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਵੱਖ-ਵੱਖ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ। ਅਚਾਨਕ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਨਾਲ ਇਕਦਮ ਪਤੰਗ/ਡੋਰ ਵਿਕਰੇਤਾਵਾਂ ’ਚ ਹੜਕੰਪ ਮਚ ਗਿਆ। ਪੁਲਸ ਵੱਲੋਂ ਸ਼ਹਿਰ ਦੇ ਘੁਮਿਆਰ ਮਹੱਲਾ, ਚਾਰ ਹੱਟੀਆਂ, ਮਾਤਾ ਰਾਣੀ ਮੁਹੱਲਾ ’ਚ ਸਥਿਤ ਪਤੰਗ ਅਤੇ ਡੋਰ ਵਿਕਰੇਤਾਵਾਂ ਦੀ ਚੈਕਿੰਗ ਬਹੁਤ ਹੀ ਬਾਰੀਕੀ ਨਾਲ ਕੀਤੀ ਗਈ ਭਾਵੇਂ ਇਸ ਦੌਰਾਨ ਕਿਸੇ ਤਰ੍ਹਾਂ ਦੀ ਰਿਕਵਰੀ ਦੀ ਪੁਸ਼ਟੀ ਨਹੀ ਕੀਤੀ ਗਈ ਪਰ ਐੱਸ. ਐੱਸ. ਪੀ. ਵੱਲੋਂ ਖ਼ੁਦ ਦੁਕਾਨਦਾਰਾਂ ਨੂੰ ਸਪਸ਼ਟ ਸ਼ਬਦਾਂ ’ਚ ਤਾੜਨਾ ਕੀਤੀ ਗਈ।
ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ ! ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ...
ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਇਸ ਦੌਰਾਨ ਕਿਹਾ ਕਿ ਚਾਈਨਾ ਡੋਰ ਜਾਨਲੇਵਾ ਹੋਣ ਦੇ ਬਾਵਜੂਦ ਇਸ ਦੀ ਵਿੱਕਰੀ ਹੋਣਾ ਕਾਫ਼ੀ ਸਵਾਲ ਖੜ੍ਹੇ ਕਰਦਾ ਹੈ, ਜਿਸ ਨਾਲ ਆਮ ਜਨਤਾ ’ਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਚਾਈਨਾ ਡੋਰ ਦੇ ਬਹੁਤ ਮਾੜੇ ਪ੍ਰਭਾਵ ਹਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਲੋਕਾਂ ਦੇ ਹੱਥ ਅਤੇ ਗਲੇ ਆਦਿ ਕੱਟੇ ਜਾਂਦੇ ਹਨ ਇਸ ਤੋਂ ਇਲਾਵਾ ਬੇਜੁਬਾਨ ਪੰਛੀ ਵੀ ਇਸਦੀ ਲਪੇਟ ’ਚ ਆ ਕੇ ਜਾਨ ਗੁਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਪ੍ਰਸ਼ਾਸਨ ਦੁਆਰਾ ਲੋਹੜੀ ਮੌਕੇ ਚਾਈਨਾ ਡੋਰ ਦੀ ਵਿੱਕਰੀ ਤੇ ਇਸਤੇਮਾਲ ਨੂੰ ਰੋਕਣ ਲਈ 15 ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਚੈਕਿੰਗ ਕੀਤੀ ਗਈ ਅਤੇ ਹੁਣ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਨੇੜੇ ਆ ਚੁੱਕਾ ਹੈ ਇਸ ਲਈ ਪੁਲਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਪੁਲਸ ਮੁਲਾਜ਼ਮਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ
ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਵਿੱਕਰੀ ਦਾ ਮਾਮਲਾ ਸਾਹਮਣੇ ਆਉਣ ’ਤੇ ਕਿਸੇ ਵੀ ਦੁਕਾਨਦਾਰ ਨੂੰ ਬਖ਼ਸ਼ਿਆ ਨਹੀ ਜਾਵੇਗਾ ਅਤੇ ਮੌਕੇ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੁਆਰਾ ਚਾਈਨਾ ਡੋਰ ਦੇ ਇਸਤੇਮਾਲ ਬਾਰੇ ਮਾਪਿਆਂ ਨੂੰ ਜਾਗਰੂਕ ਹੋਣਾ ਚਾਹੀਦਾ। ਐੱਸ. ਐੱਸ. ਪੀ. ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦੇ ਕਿਹਾ ਕਿ ਚਾਇਨਾ ਡੋਰ ਦੀ ਵਿੱਕਰੀ ਬਿਲਕੁਲ ਬਰਦਾਸ਼ਤ ਨਹੀ ਕੀਤੀ ਜਾਵੇਗੀ ਜਿਸ ਦੇ ਬਾਰੇ ’ਚ ਜ਼ਿਲਾ ਪ੍ਰਸ਼ਾਸਨ ਦੁਆਰਾ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਦੁਆਰਾ ਹੁਣ ਚੈਕਿੰਗ ਵਧਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਚਾਈਨਾ ਡੋਰ ਦੀ ਵਿੱਕਰੀ ਤੇ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨ। ਛਾਪੇਮਾਰੀ ਦੌਰਾਨ ਐੱਸ. ਐੱਸ. ਪੀ, ਗੁਲਨੀਤ ਸਿੰਘ ਖੁਰਾਣਾ, ਡਿਪਟੀ ਸੁਪਰਡੈਂਟ ਰਾਜਪਾਲ ਸਿੰਘ, ਐੱਸ. ਐੱਚ. ਓ. ਪਵਨ ਕੁਮਾਰ ਪੁਲਸ ਟੀਮਾਂ ’ਚ ਸ਼ਾਮਲ ਸਨ।
ਇਹ ਵੀ ਪੜ੍ਹੋ : ਹਾਈ ਅਲਰਟ ਦਰਮਿਆਨ ਪੰਜਾਬ ਦੇ ਇਸ ਇਲਾਕੇ ਵਿਚੋਂ ਡਰੋਨ ਬਰਾਮਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e