ਸ੍ਰੀ ਗੁਰੂ ਰਵਿਦਾਸ ਟਰੱਸਟ ਬੰਗਾ ਤੇ ਹੋਰ ਜਥੇਬੰਦੀਅਾਂ ਵੱਲੋਂ ਰੋਸ ਮਾਰਚ

Saturday, Sep 08, 2018 - 01:33 AM (IST)

ਸ੍ਰੀ ਗੁਰੂ ਰਵਿਦਾਸ ਟਰੱਸਟ ਬੰਗਾ ਤੇ ਹੋਰ ਜਥੇਬੰਦੀਅਾਂ ਵੱਲੋਂ ਰੋਸ ਮਾਰਚ

ਬੰਗਾ, (ਚਮਨ ਲਾਲ/ਰਾਕੇਸ਼/ਮੂੰਗਾ/ਪੂਜਾ)- ਸ਼ਹਿਰ ਵਿਚ ਅੱਜ ਮਾਹੌਲ ਉਸ ਵੇਲੇ ਗਰਮਾ ਗਿਆ, ਜਦੋਂ ਲੋਕਾਂ ਨੇ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਐੱਸ. ਜੀ. ਪੀ. ਸੀ. ਦੇ ਸਾਬਕਾ ਸਕੱਤਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਸੁਖਦੇਵ ਸਿੰਘ ਭੋਰ ਖਿਲਾਫ  ਮੋਰਚਾ ਖੋਲ੍ਹਿਆ ਅਤੇ ਰੋਸ ਮਾਰਚ ਕੀਤਾ। 
ਇਸ ਬਾਰੇ ਪਤਾ ਲੱਗਦੇ ਹੀ ਡਿਪਟੀ ਕਮੀਸ਼ਨਰ ਵਿਨੈ ਬਬਲਾਨੀ, ਡੀ. ਆਈ. ਜੀ. ਰਣਬੀਰ ਸਿੰਘ ਖੱਟਡ਼ਾ, ਪੁਲਸ ਮੁਖੀ ਦੀਪਕ ਹਿਲੋਰੀ, ਐੱਸ. ਪੀ. ਡੀ. ਬਲਰਾਜ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਮੌਕੇ ਸ੍ਰੀ ਰਵਿਦਾਸ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਬਲਜੀਤ ਰਾਏ, ਜਲੰਧਰ ਤੋਂ ਪੁੱਜੇ ਸਾਬਕਾ ਪ੍ਰਿੰਸੀਪਲ ਸਤਪਾਲ ਜੱਸੀ, ਮਨੋਹਰ ਲਾਲ ਬਸਪਾ ਆਗੂ, ਲਾਲੀ ਬਹਿਰਾਮ, ਬਚਿੱਤਰ ਪਾਲ, ਰਜਨੀ ਠੱਕਰਵਾਲ, ਸੰਤ ਕੁਲੰਵਤ ਰਾਮ ਭਰੋ ਮਜਾਰਾ ਤੇ ਹੋਰ ਰਵਿਦਾਸ ਸੰਤ ਸੰਪਰਦਾਇਕ ਦੇ ਲੋਕਾਂ ਦੀ ਅਗਵਾਈ ਵਿਚ ਪੁਲਸ  ਅਧਿਕਾਰੀਅਾਂ ਨੂੰ ਸੁਖਦੇਵ ਸਿੰਘ ਭੋਰ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ। ਅਧਿਕਾਰੀਅਾਂ ਨੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਰਹਿਣ ਦੀ ਅਪੀਲ ਕੀਤੀ।  ਉਧਰ, ਸ਼ਾਮ ਨੂੰ ਪੁਲਸ ਨੇ ਮੋਹਾਲੀ ਨੇੜਿਓਂ  ਭੋਰ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਰਵਾਈ ਆਰੰਭ ਦਿੱਤੀ ਹੈ।  
ਜਥੇਦਾਰ ਭੌਰ ਵਿਰੁੱਧ ਮਾਮਲਾ ਦਰਜ
 ਬੰਗਾ,  (ਭਟੋਆ)- ਸੋਸ਼ਲ ਮੀਡੀਆ ’ਤੇ  ਸੰਤ ਰਾਮਾਨੰਦ ਵਿਰੁੱਧ ਕਥਿਤ ਤੌਰ ’ਤੇ ਵਰਤੀ ਮਾਡ਼ੀ ਸ਼ਬਦਾਵਲੀ ਵਾਲੀ ਵੀਡੀਓ ਦੇ ਰੋਸ ’ਚ ਕੁਝ ਵਿਅਕਤੀਆਂ ਵੱਲੋਂ ਥਾਣਾ ਸਿਟੀ ਬੰਗਾ ’ਚ ਅੱਜ ਜਥੇਦਾਰ ਸੁਖਦੇਵ ਸਿੰਘ ਭੌਰ ਵਿਰੁੱਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ। ਦਰਜ ਕੀਤੇ ਗਏ ਮਾਮਲੇ ਸਬੰਧੀ  ਸੱਤਪਾਲ ਸਾਹਲੋਂ ਅਤੇ ਪ੍ਰਿਆ ਬੰਗਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਭੌਰ ਨੇ ਕੌਮ ਦੇ ਸ਼ਹੀਦ ਸੰਤ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾਂ ਬਾਰੇ ਬਹੁਤ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਿਸ ਨਾਲ ਸਾਡੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਗੰਭੀਰ ਦੋਸ਼ ਲਾਏ। ਇਸ ਸਬੰਧੀ ਬੰਗਾ ਦੇ ਡੀ. ਐੱਸ. ਪੀ. ਦੀਪਿਕਾ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ  ਦਰਖਾਸਤਾਂ ਦੇ ਅਾਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। 
 


Related News