ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ : ਬਿਆਸ ਦਰਿਆ ''ਚ ਬਣੇਗਾ 100 ਫੁੱਟ ਲੰਬਾ ਮਾਡਲ

10/15/2019 6:34:46 PM

ਹੁਸ਼ਿਆਰਪੁਰ (ਘੁੰਮਣ)— ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ 'ਚ 'ਮੋਬਾਇਲ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ' ਕਰਵਾਏ ਜਾ ਰਹੇ ਹਨ। ਉਥੇ ਹੀ ਪਹਿਲੀ ਵਾਰ ਬਿਆਸ ਦਰਿਆ 'ਚ ਕਰਵਾਏ ਜਾ ਰਹੇ 'ਫਲੋਟਿੰਗ ਮਲਟੀ-ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਆਕਰਸ਼ਣ ਦਾ ਕੇਂਦਰ ਬਣੇਗਾ। ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ 'ਚ 100 ਫੁੱਟ ਲੰਬੇ, 40 ਫੁੱਟ ਚੌੜੇ ਅਤੇ 24 ਫੁੱਟ ਉੱਚੇ ਮਾਡਲ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜੋ ਪਵਿੱਤਰ ਸਥਾਨ ਦੀ ਝਲਕ ਪੇਸ਼ ਕਰੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਪਿੰਡ ਟੇਰਕਿਆਣਾ ਅਤੇ ਗੰਧੂਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 'ਫਲੋਟਿੰਗ ਮਲਟੀ-ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' 19 ਅਤੇ 20 ਅਕਤੂਬਰ ਨੂੰ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ ਵਿਖੇ ਰੋਜ਼ਾਨਾ ਸ਼ਾਮ 6.45 ਤੋਂ 7.30 ਵਜੇ ਤੱਕ ਅਤੇ 8 ਤੋਂ 8.45 ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਸ਼ੋਅ 45 ਮਿੰਟ ਦਾ ਹੋਵੇਗਾ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੇਰਕਿਆਣਾ ਵਿਖੇ ਦੋ ਦਿਨਾਂ 'ਚ ਨਿਸ਼ਚਿਤ ਸਮੇਂ ਦੌਰਾਨ 4 ਸ਼ੋਅ ਹੋਣਗੇ। ਉਪਰੰਤ ਪਵਿੱਤਰਤਾ ਦੀ ਝਲਕ ਮਾਰਦਾ ਮਾਡਲ ਪਾਣੀ ਰਾਹੀਂ ਹੀ ਪਿੰਡ ਗੰਧੂਵਾਲ ਵਿਖੇ ਪਹੁੰਚੇਗਾ, ਜਿੱਥੇ 23 ਅਤੇ 24 ਅਕਤੂਬਰ ਨੂੰ ਉਕਤ ਸਮੇਂ ਅਨੁਸਾਰ ਹੀ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਕਰਵਾਏ ਜਾ ਰਹੇ ਹਨ।

ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧੁਨਿਕ ਤਕਨੀਕ ਨਾਲ ਲਬਰੇਜ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਅਤੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕ ਰਾਹੀਂ ਰੂਪਮਾਨ ਕਰਨਾ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ, ਜੋ ਸੰਗਤਾਂ ਲਈ ਆਕਰਸ਼ਣ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਸੰਗਤ ਲਈ ਦਰਿਆ ਦੇ ਕਿਨਾਰਿਆਂ 'ਤੇ ਖੁੱਲ੍ਹੀ ਜਗ੍ਹਾ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਗਮ ਵਾਲੀਆਂ ਥਾਵਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਲਾਈਟਿੰਗ ਆਦਿ ਨਾਲ ਸਜਾਇਆ ਵੀ ਜਾ ਰਿਹਾ ਹੈ।

ਉਨ੍ਹਾਂ ਜ਼ਿਲਾ ਪੁਲਸ ਨੂੰ ਨਿਰਦੇਸ਼ ਦਿੱਤੇ ਕਿ ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇ, ਤਾਂ ਜੋ ਜਨਤਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ 'ਫਲੋਟਿੰਗ ਮਲਟੀ-ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' 'ਚ ਸ਼ਿਰਕਤ ਕਰਨ। ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰੋਗਰਾਮ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦੀ ਇਹ ਇਕ ਢੁੱਕਵੀਂ ਪਹਿਲ ਹੈ।


shivani attri

Content Editor

Related News