15 ਸਾਲ ਪਹਿਲਾਂ ਹੋਏ ਬਰਲਟਨ ਪਾਰਕ ’ਚ ਸਪੋਰਟਸ ਹੱਬ ਦੇ ਉਦਘਾਟਨ ਮਗਰੋਂ ਕਾਗਜ਼ ਹੀ ਕਾਲੇ ਕਰਦੇ ਰਹੇ ਅਫ਼ਸਰ

05/22/2023 1:34:10 PM

ਜਲੰਧਰ (ਖੁਰਾਣਾ)–ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਅੱਜ ਤੋਂ 15 ਸਾਲ ਪਹਿਲਾਂ 2008 ਵਿਚ ਜਲੰਧਰ ਦੇ ਇਤਿਹਾਸਕ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਸੀ ਅਤੇ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਨੇ ਇਸ ਪ੍ਰਸਤਾਵ ’ਤੇ ਮੋਹਰ ਲਾ ਕੇ ਪ੍ਰਾਜੈਕਟ ’ਤੇ ਕੰਮ ਵੀ ਸ਼ੁਰੂ ਕਰਵਾ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਆਪਸੀ ਰੰਜਿਸ਼ ਕਾਰਨ ਇਸ ਪ੍ਰਾਜੈਕਟ ਨੂੰ ਸ਼ੁਰੂਆਤੀ ਦੌਰ ਵਿਚ ਹੀ ਗ੍ਰਹਿਣ ਲੱਗ ਗਿਆ ਸੀ, ਜਿਸ ਦਾ ਪ੍ਰਛਾਵਾਂ ਅੱਜ 15 ਸਾਲ ਬਾਅਦ ਵੀ ਕਾਇਮ ਹੈ। ਅੱਜ ਜਿਸ ਤਰ੍ਹਾਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਕੰਮ ਸ਼ੁਰੂ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ, ਇਹ ਸਥਿਤੀ ਪੰਜਾਬ ਦੀ ਸਮੁੱਚੀ ਅਫ਼ਸਰਸ਼ਾਹੀ ਲਈ ਇਕ ਕਲੰਕ ਦੇ ਸਮਾਨ ਹੈ, ਜਿਹੜੀ 15 ਸਾਲਾਂ ਵਿਚ ਇਕ ਪ੍ਰਾਜੈਕਟ ਨੂੰ ਪੂਰਾ ਤਾਂ ਕੀ ਕਰਨਾ ਸੀ, ਉਸ ’ਤੇ ਇਕ ਇੱਟ ਤਕ ਨਹੀਂ ਲੁਆ ਸਕੀ।
ਪ੍ਰਾਜੈਕਟ ਵੀ ਅਜਿਹਾ ਸੀ, ਜਿਸ ਨੇ ਸ਼ਹਿਰ ਦੀ ਨੁਹਾਰ ਹੀ ਬਦਲ ਕੇ ਰੱਖ ਦੇਣੀ ਸੀ। ਇਸ ਨਾਲ ਖੇਡ ਨਗਰੀ ਦੇ ਰੂਪ ਵਿਚ ਜਾਣੇ ਜਾਂਦੇ ਜਲੰਧਰ ਦੀ ਸਪੋਰਟਸ ਇੰਡਸਟਰੀ ਨੂੰ ਵੀ ਬੂਮ ਮਿਲਦਾ, ਅਰਥਵਿਵਸਥਾ ਵਿਚ ਵੀ ਸੁਧਾਰ ਆਉਂਦਾ, ਖਿਡਾਰੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੀ ਸਹੂਲਤ ਮਿਲਦੀ ਅਤੇ ਲੋਕਾਂ ਨੂੰ ਵੀ ਕ੍ਰਿਕਟ ਮੈਚ ਦੇਖਣ ਲਈ ਮੋਹਾਲੀ, ਧਰਮਸ਼ਾਲਾ ਜਾਂ ਹੋਰ ਥਾਵਾਂ ’ਤੇ ਨਾ ਜਾਣਾ ਪੈਂਦਾ।

ਅਫ਼ਸਰਾਂ ਨੇ ਟੈਂਡਰਾਂ ਅਤੇ ਸਰਵੇ ’ਤੇ ਹੀ ਫੂਕ ਦਿੱਤੇ ਕਰੋੜਾਂ ਰੁਪਏ
ਪੰਜਾਬ ਦੀ ਅਫ਼ਸਰਸ਼ਾਹੀ ਲਈ ਮਸ਼ਹੂਰ ਹੈ ਇਸਦੇ ਅਫਸਰ ਐਸਟੀਮੇਟ ਬਣਾਉਣ ਅਤੇ ਟੈਂਡਰ ਲਾਉਣ ਅਤੇ ਉਸਨੂੰ ਅਲਾਟ ਕਰਨ ਤਕ ਤਾਂ ਦਿਲਚਸਪੀ ਲੈ ਲੈਂਦੇ ਹਨ, ਫਿਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਲੈਵਲ ’ਤੇ ਆ ਕੇ ਅਫਸਰਸ਼ਾਹੀ ਥੱਕ ਜਾਂਦੀ ਹੈ ਜਾਂ ਠੇਕੇਦਾਰ ਉਸ ’ਤੇ ਹਾਵੀ ਹੋ ਜਾਂਦੇ ਹਨ, ਜਿਸ ਕਾਰਨ ਵਧੇਰੇ ਪ੍ਰਾਜੈਕਟ ਤਾਂ ਸ਼ੁਰੂ ਹੀ ਨਹੀਂ ਹੋ ਪਾਉਂਦੇ। ਜਿਹੜੇ ਸ਼ੁਰੂ ਹੋ ਵੀ ਜਾਂਦੇ ਹਨ, ਅੰਜਾਮ ਤੱਕ ਨਹੀਂ ਪਹੁੰਚਦੇ ਅਤੇ ਲਟਕਦੇ-ਲਟਕਦੇ ਲੱਖਾਂ ਲੋਕਾਂ ਦੀ ਮੁਸੀਬਤ ਦਾ ਕਾਰਨ ਬਣਦੇ ਰਹਿੰਦੇ ਹਨ।

ਇਹ ਵੀ ਪੜ੍ਹੋ -ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ
ਜਲੰਧਰ ’ਚ ਅਜਿਹੀਆਂ ਕਈ ਉਦਾਹਰਣਾਂ ਗਿਣਾਈਆਂ ਜਾ ਸਕਦੀਆਂ ਹਨ, ਜਿਥੇ ਛੋਟੇ-ਛੋਟੇ ਪ੍ਰਾਜੈਕਟ ਕਈ-ਕਈ ਸਾਲ ਲਟਕਦੇ ਰਹੇ। ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਅਫਸਰਾਂ ਨੇ ਇਸ ਦੇ ਨਿਰਮਾਣ ਲਈ ਕਈ ਟੈਂਡਰ ਲਾਏ, ਜਿਨ੍ਹਾਂ ’ਤੇ ਲੱਖਾਂ-ਕਰੋੜਾਂ ਦਾ ਖਰਚ ਆਇਆ, ਡੀ. ਪੀ. ਆਰ. ਬਣਾਉਣ ਲਈ ਕਈ ਵਾਰ ਸਰਵੇ ਹੋਏ, ਜਿਸ ਦੀ ਫੀਸ ਕਰੋੜਾਂ ਵਿਚ ਅਦਾ ਕੀਤੀ ਗਈ, ਡਿਜ਼ਾਈਨਿੰਗ ਆਦਿ ਲਈ ਵੀ ਲੱਖਾਂ ਰੁਪਏ ਅਦਾ ਕੀਤੇ ਗਏ ਅਤੇ ਫਾਈਲਾਂ ਦਾ ਪੇਟ ਭਰਨ ਲਈ ਅਫ਼ਸਰਾਂ ਨੇ ਆਪਣੇ ਕੀਮਤੀ ਸਮੇਂ ਨੂੰ ਜਿੰਨਾ ਖਰਾਬ ਕੀਤਾ, ਉਸਦੀ ਕੁੱਲ ਲਾਗਤ ਲਾਈ ਜਾਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਇਕ ਵਧੀਆ ਸਟੇਡੀਅਮ ਦਾ ਨਿਰਮਾਣ ਤਾਂ ਇਸੇ ਲਾਗਤ ਨਾਲ ਹੋ ਸਕਦਾ ਸੀ।

ਸਮਾਰਟ ਸਿਟੀ ’ਚ ਪੈਸਿਆਂ ਦੀ ਨਹੀਂ, ਵਿਜ਼ਨ ਦੀ ਕਮੀ ਰਹੀ
ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸਿਟੀ ਮਿਸ਼ਨ ਐਲਾਨ ਕੇ ਜਲੰਧਰ ਦਾ ਨਾਂ ਉਸ ਸੂਚੀ ਵਿਚ ਸ਼ਾਮਲ ਕੀਤਾ ਤਾਂ ਕਰੋੜਾਂ ਰੁਪਿਆ ਗ੍ਰਾਂਟ ਵਜੋਂ ਜਲੰਧਰ ਭੇਜਿਆ ਗਿਆ। ਸਮਾਰਟ ਸਿਟੀ ਜਲੰਧਰ ਕੋਲ ਇਨ੍ਹਾਂ 7 ਸਾਲਾਂ ਦੌਰਾਨ ਪੈਸਿਆਂ ਦੀ ਕੋਈ ਕਮੀ ਨਹੀਂ ਰਹੀ ਪਰ ਅਫਸਰਸ਼ਾਹੀ ਦਾ ਵਿਜ਼ਨ ਗਾਇਬ ਰਿਹਾ, ਜਿਸ ਕਾਰਨ ਸਪੋਰਟਸ ਹੱਬ ਵਰਗਾ ਛੋਟਾ ਜਿਹਾ ਪ੍ਰਾਜੈਕਟ ਵੀ ਸ਼ੁਰੂ ਹੀ ਨਹੀਂ ਹੋ ਸਕਿਆ। ਸਮਾਰਟ ਸਿਟੀ ਦੇ ਸੀ. ਈ. ਓ. ਵਜੋਂ ਅੱਧੀ ਦਰਜਨ ਤੋਂ ਵੱਧ ਆਈ. ਏ. ਐੱਸ. ਅਧਿਕਾਰੀ ਆਏ ਪਰ ਕਿਸੇ ਕੋਲੋਂ ਵੀ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਜਿਹੜੇ ਅਫ਼ਸਰਾਂ ਦੇ ਬੈਂਕ ਖਾਤਿਆਂ ’ਚ ਤਨਖਾਹ ਦੇ ਰੂਪ ਵਿਚ ਲੱਖਾਂ ਰੁਪਏ ਪਹਿਲੀ ਤਰੀਕ ਨੂੰ ਪਹੁੰਚ ਜਾਂਦੇ ਹਨ, ਉਹ ਅਫਸਰ ਵੀ ਸਪੋਰਟਸ ਹੱਬ ਬਾਰੇ ਫੈਸਲੇ ਫਾਈਲਾਂ ਵਿਚ ਹੀ ਲੈਂਦੇ ਰਹੇ ਅਤੇ ਜ਼ਮੀਨੀ ਪੱਧਰ ’ਤੇ ਉਤਰ ਕੇ ਕਿਸੇ ਅਫਸਰ ਨੇ ਕੰਮ ਨਹੀਂ ਕੀਤਾ।

ਇਹ ਵੀ ਪੜ੍ਹੋ - ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਰਤਾਰਪੁਰ ਜੰਗ-ਏ-ਅਜ਼ਾਦੀ ਨੇੜੇ ਪ੍ਰਾਈਵੇਟ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ

‘ਆਪ’ ਸਰਕਾਰ ਤੋਂ ਵੀ ਲੋਕਾਂ ਨੇ ਲਾਈਆਂ ਸਨ ਉਮੀਦਾਂ
ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ, ਜਿਨ੍ਹਾਂ ਕੋਲੋਂ 10 ਸਾਲਾਂ ਵਿਚ ਕੁਝ ਨਹੀਂ ਹੋ ਸਕਿਆ। ਅਗਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਪਰ ਉਸ ਦੌਰਾਨ ਵੀ ਅਫ਼ਸਰਸ਼ਾਹੀ ਹਾਵੀ ਰਹੀ ਅਤੇ ਕਾਂਗਰਸ ਦੇ ਆਗੂ ਇਸ ਪ੍ਰਾਜੈਕਟ ਨੂੰ ਸ਼ੁਰੂ ਨਹੀਂ ਕਰਵਾ ਸਕੇ। ਕਾਂਗਰਸ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਇਸ ਮਹੱਤਵਪੂਰਨ ਪ੍ਰਾਜੈਕਟ ਵੱਲ ਧਿਆਨ ਦੇਣਗੇ ਪਰ ‘ਆਪ’ ਦੇ ਦੋਵਾਂ ਵਿਧਾਇਕਾਂ ਅਤੇ ਦੋਵਾਂ ਹਲਕਾ ਇੰਚਾਰਜਾਂ ਨੇ ਇਸ ਪ੍ਰਾਜੈਕਟ ਵਿਚ ਦਿਲਚਸਪੀ ਨਹੀਂ ਲਈ। ਨਤੀਜਾ ਇਹ ਹੋਇਆ ਕਿ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਵੀ ‘ਆਪ’ ਸਰਕਾਰ ਕੋਲੋਂ ਕੁਝ ਨਹੀਂ ਹੋਇਆ। ਹੁਣ ਵੀ ਜੇਕਰ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਪ੍ਰਾਜੈਕਟ ਵੱਲ ਧਿਆਨ ਨਾ ਦਿੱਤਾ ਤਾਂ ਲੱਖਾਂ ਜਲੰਧਰ ਨਿਵਾਸੀਆਂ ਦੀਆਂ ਆਸਾਂ ਧੁੰਦਲੀਆਂ ਹੋ ਸਕਦੀਆਂ ਹਨ, ਜਿਹੜੇ ਇਸ ਪੂਰੇ ਇਲਾਕੇ ਨੂੰ ਵਿਕਸਿਤ ਵੇਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ - ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News