ਸੋਢਲ ਰੋਡ ਦੇ ਸਟਰਾਮ ਵਾਟਰ ਸੀਵਰ ਪ੍ਰਾਜੈਕਟ 'ਚ ਆਈ ਵੱਡੀ ਰੁਕਾਵਟ

10/07/2019 5:49:46 PM

ਜਲੰਧਰ (ਖੁਰਾਣਾ)— ਸੋਢਲ ਰੋਡ 'ਤੇ ਮੀਂਹ ਦਾ ਪਾਣੀ ਇਕੱਠਾ ਹੋਣ ਦੀ ਸਮੱਸਿਆ ਸਾਲਾਂ ਤੋਂ ਹੈ, ਜਿਸ ਨਾਲ ਆਲੇ-ਦੁਆਲੇ ਦੇ ਕਈ ਮੁਹੱਲੇ ਜੂਝ ਰਹੇ ਹਨ। ਇਸ ਖੇਤਰ ਦੇ ਵਾਸੀਆਂ ਨੂੰ ਸਮੱਸਿਆ ਦੇ ਹੱਲ ਲਈ ਹੋਰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਮੌਜੂਦਾ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਸੋਢਲ ਰੋਡ ਦੀ ਮੀਂਹ ਦੇ ਪਾਣੀ ਦੀ ਸੀਵਰ ਸਮੱਸਿਆ ਹੱਲ ਕਰਨ ਲਈ ਕੇਂਦਰ ਸਰਕਾਰ ਦੀ ਅਮਰੁਤ ਯੋਜਨਾ ਤਹਿਤ 5.12 ਕਰੋੜ ਰੁਪਏ ਦਾ ਜੋ ਪ੍ਰਾਜੈਕਟ ਪਾਸ ਕਰਵਾਇਆ ਹੈ ਉਹ ਕਾਨੂੰਨੀ ਸ਼ਿਕੰਜੇ 'ਚ ਫਸਦਾ ਨਜ਼ਰ ਆ ਰਿਹਾ ਹੈ।

ਇਸ ਪ੍ਰਾਜੈਕਟ ਤਹਿਤ ਜਿਥੇ ਸੀਵਰੇਜ ਡਿਸਪੋਜ਼ਲ ਬਣਾਇਆ ਜਾਣਾ ਵਿਚਾਰ ਅਧੀਨ ਹੈ, ਉਸ ਜ਼ਮੀਨ ਨੂੰ ਲੈ ਕੇ ਚੱਲ ਰਹੇ ਅਦਾਲਤੀ ਕੇਸ ਦੇ ਮੱਦੇਨਜ਼ਰ ਐਡਵੋਕੇਟ ਡੀ. ਕੇ. ਭੱਟੀ ਨੇ ਕੰਟੈਂਪਟ ਆਫ ਕੋਰਟ ਦਾ ਕੇਸ ਦਰਜ ਕਰਨ ਲਈ ਲੀਗਲ ਨੋਟਿਸ ਭੇਜੇ ਹਨ। ਲੀਗਲ ਨੋਟਿਸਾਂ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, ਨਿਗਮ ਕਮਿਸ਼ਨਰ, ਐੱਚ. ਐੱਸ. ਓ. ਡਿਵੀਜ਼ਨ ਨੰ. 1, ਵਿਧਾਇਕ ਨਾਰਥ ਬਾਵਾ ਹੈਨਰੀ, ਡਾਇਰੈਕਟਰ ਅਤੇ ਸੈਕਟਰੀ ਇੰਡਸਟਰੀਜ਼ ਵਿਭਾਗ ਨੂੰ ਪਾਰਟੀ ਬਣਾਇਆ ਗਿਆ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਨਵੇਂ ਬਣ ਰਹੇ ਪ੍ਰਾਜੈਕਟ ਦੇ ਤਹਿਤ ਪੁਲਸ ਡਿਵੀਜ਼ਨ ਨੰ. 1 ਦੇ ਕੋਲ ਖਾਲੀ ਜਗ੍ਹਾ 'ਤੇ ਸੀਵਰੇਜ ਡਿਸਪੋਜ਼ਲ ਪਲਾਂਟ ਬਣਨ ਜਾ ਰਿਹਾ ਹੈ, ਜਦਕਿ ਉਹ ਜਗ੍ਹਾ ਇੰਡਸਟਰੀ ਡਿਪਾਰਟਮੈਂਟ ਨੇ ਗ੍ਰੀਨ ਬੈਲਟ ਲਈ ਛੱਡੀ ਹੈ। ਕਾਨੂੰਨਨ ਗਰੀਨ ਬੈਲਟ ਲਈ ਛੱਡੀ ਗਈ ਜਗ੍ਹਾ ਨੂੰ ਕਿਸੇ ਹੋਰ ਕੰਮ ਲਈ ਵਰਤੋਂ ਵਿਚ ਨਹੀਂ ਲਿਆਇਆ ਜਾ ਸਕਦਾ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਸਬੰਧੀ ਕੇਸ ਵੀ ਅਦਾਲਤ 'ਚ ਚੱਲ ਰਿਹਾ ਹੈ। ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਇੱਥੇ ਜੇਕਰ ਸੀਵਰੇਜ ਡਿਸਪੋਜ਼ਲ ਬਣਾਇਆ ਜਾਂਦਾ ਹੈ ਤਾਂ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ।

ਪ੍ਰਾਜੈਕਟ ਜਲਦੀ ਪੂਰਾ ਹੋਵੇ, ਭਾਵੇਂ ਕਿਤੇ ਵੀ ਬਣੇ, ਕੋਈ ਵੀ ਬਣਾਏ : ਭੰਡਾਰੀ
ਦਰਅਸਲ ਸੋਢਲ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦਾ ਡ੍ਰੀਮ ਪ੍ਰਾਜੈਕਟ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੀ. ਆਈ. ਡੀ. ਬੀ. ਰਾਹੀਂ 4.91 ਕਰੋੜ ਰੁਪਏ ਦਾ 1 ਪ੍ਰਾਜੈਕਟ ਤਿਆਰ ਕਰਵਾਇਆ ਸੀ, ਜਿਸ ਦਾ ਵਰਕ ਆਰਡਰ 4 ਅਗਸਤ 2016 ਨੂੰ ਰਾਜੀਵ ਕੰਸਟ੍ਰਕਸ਼ਨ ਕੰਪਨੀ ਦੇ ਨਾਂ ਹੋ ਗਿਆ ਸੀ ਅਤੇ ਠੇਕੇਦਾਰ ਨੇ ਸਾਈਟ 'ਤੇ ਸਾਮਾਨ ਰੱਖਣ ਤੋਂ ਬਾਅਦ ਅਜੇ ਕੰਮ ਸ਼ੁਰੂ ਹੀ ਕਰਨਾ ਸੀ ਕਿ ਇਸ ਦੌਰਾਨ ਸਰਕਾਰ ਬਦਲ ਗਈ। ਬਾਅਦ 'ਚ ਆਈ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ 'ਚ ਕਮੀਆਂ ਦੱਸ ਕੇ ਅਤੇ ਇਸ ਨੂੰ ਮਹਿੰਗਾ ਕਹਿ ਕੇ ਪ੍ਰਾਜੈਕਟ ਰੁਕਵਾ ਦਿੱਤਾ, ਜੋ ਬਾਅਦ 'ਚ ਅਮਰੁਤ ਯੋਜਨਾ ਤਹਿਤ ਇਸ ਤੋਂ ਵੀ ਵੱਧ ਰਾਸ਼ੀ ਦਾ ਬਣਾਇਆ ਗਿਆ। ਨਵੇਂ ਬਣੇ ਪ੍ਰਾਜੈਕਟ 'ਚ ਕਾਨੂੰਨੀ ਰੁਕਾਵਟ ਸਬੰਧੀ ਜਦੋਂ ਕੇ. ਡੀ. ਭੰਡਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਪ੍ਰਾਜੈਕਟ 'ਤੇ ਮਿਹਨਤ ਕੀਤੀ ਹੈ। ਇਹ ਪ੍ਰਾਜੈਕਟ ਹਰ ਹਾਲ 'ਚ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈ, ਭਾਵੇਂ ਕਿਸੇ ਵੀ ਜਗ੍ਹਾ 'ਤੇ ਬਣੇ ਅਤੇ ਕੋਈ ਵੀ ਬਣਾਏ, ਲੋਕਾਂ ਨੂੰ ਜਲਦੀ ਰਾਹਤ ਮਿਲਣੀ ਚਾਹੀਦੀ ਹੈ। ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਕਾਰਾਤਮਕ ਰਾਜਨੀਤੀ ਕੀਤੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਪ੍ਰਾਜੈਕਟ 'ਚ ਕੋਈ ਰੁਕਾਵਟ ਆਵੇ।

ਗਰੀਨ ਬੈਲਟਾਂ ਵੀ ਰਹਿਣ, ਪ੍ਰਾਜੈਕਟ ਵੀ ਬਣੇ : ਸੁਸ਼ੀਲ
ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ ਨੇ ਇੰਡਸਟਰੀਅਲ ਏਰੀਆ 'ਚ ਪੁਲਸ ਡਿਵੀਜ਼ਨ ਨੰ.-1 ਦੇ ਸਾਹਮਣੇ ਇਸ ਪ੍ਰਾਜੈਕਟ ਲਈ ਫਾਈਨਲ ਕੀਤੀ ਗਈ ਜਗ੍ਹਾ ਦਾ ਮੌਕਾ ਦਿਖਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਪੱਖ 'ਚ ਹੈ ਕਿ ਵਾਤਾਵਰਣ ਦੇ ਮੱਦੇਨਜ਼ਰ ਸ਼ਹਿਰ ਦੀਆਂ ਗਰੀਨ ਬੈਲਟਾਂ ਵੀ ਸੁਰੱਖਿਅਤ ਰਹਿਣ ਅਤੇ ਸੋਢਲ ਰੋਡ ਸਟਾਰਮ ਵਾਟਰ ਪ੍ਰਾਜੈਕਟ ਵੀ ਜਲਦੀ ਪੂਰਾ ਹੋਵੇ। ਕੌਂਸਲਰ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਜੋ ਪ੍ਰਾਜੈਕਟ ਬਣਵਾਇਆ ਸੀ, ਉਹ ਬਿਲਕੁੱਲ ਠੀਕ ਸੀ ਕਿਉਂਕਿ ਸੀਵਰੇਜ ਡਿਸਪੋਜ਼ਲ ਲਈ ਕਾਲਾਸੰਘਿਆਂ ਡਰੇਨ ਨੇੜੇ 15 ਮਰਲਾ ਜ਼ਮੀਨ ਐਕਵਾਇਰ ਵੀ ਕਰ ਲਈ ਗਈ ਸੀ ਅਤੇ ਉੱਥੇ ਜਨਰੇਟਰ ਆਦਿ ਦਾ ਪ੍ਰਬੰਧ ਵੀ ਪ੍ਰਾਜੈਕਟ 'ਚ ਸ਼ਾਮਲ ਸੀ। ਇਹ ਜ਼ਮੀਨ ਰੇਲਵੇ ਲਾਈਨਾਂ ਕੋਲ ਸੀ, ਇਸ ਲਈ ਕਿਸੇ ਨੂੰ ਅਸੁਵਿਧਾ ਨਹੀਂ ਹੋਣੀ ਸੀ ਪਰ ਰਾਜਨੀਤੀ ਕਾਰਨ ਪ੍ਰਾਜੈਕਟ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਹਿੱਤ 'ਚ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਪੂਰਾ ਹੋਣਾ ਚਾਹੀਦਾ ਹੈ।


shivani attri

Content Editor

Related News