ਸਮੱਗਲਰ ਸੋਨੂੰ ਟੈਂਕਰ 343 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ, ਸਾਥੀ ਵੀ ਚੜ੍ਹਿਆ ਪੁਲਸ ਦੇ ਹੱਥੇ
Tuesday, Jun 13, 2023 - 10:00 PM (IST)
ਜਲੰਧਰ (ਬ੍ਰਿਊਰੋ) : ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ’ਚ ਵੇਚਣ ਵਾਲੇ ਵੱਡੇ ਸ਼ਰਾਬ ਸਮੱਗਲਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਖਾਸਮ-ਖਾਸ ਵਿਅਕਤੀ ਸਮੇਤ ਉਸਦੇ ਕਰਿੰਦੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਸ਼ੀਰਪੁਰਾ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਉਰਫ਼ ਸੋਨੂੰ ਟੈਂਕਰ ਅਤੇ ਰਾਮਾ ਮੰਡੀ ਨਿਵਾਸੀ ਤਰਲੋਕ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 343 ਪੇਟੀਆਂ ਸ਼ਰਾਬ (ਜਿਸ ਵਿਚ 15 ਪੇਟੀਆਂ ਪੰਜਾਬ ਮਾਰਕਾ ਅਤੇ 328 ਪੇਟੀਆਂ ਚੰਡੀਗੜ੍ਹ ਮਾਰਕਾ) ਬਰਾਮਦ ਕੀਤੀ ਗਈ ਹੈ। ਏ. ਡੀ. ਸੀ. ਪੀ. ਆਦਿੱਤਿਆ ਕੁਮਾਰ ਨੇ ਦੱਸਿਆ ਕਿ ਏ. ਸੀ. ਪੀ. ਮਾਡਲ ਟਾਊਨ ਗੁਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਇਲਾਕੇ ਵਿਚ ਸ਼ਰਾਬ ਵੇਚਣ ਲਈ ਸਮੱਗਲਰ ਆ ਰਿਹਾ ਹੈ, ਜਿਸ ’ਤੇ ਥਾਣਾ ਮਾਡਲ ਟਾਊਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੈਨਬ੍ਰੋ ਚੌਕ ਨੇੜੇ ਰੇਡ ਕੀਤੀ ਤਾਂ ਮੌਕੇ ਤੋਂ ਚਿੱਟੇ ਰੰਗ ਦਾ ਸਵਿਫਟ ਕਾਰ ਦੀ ਤਲਾਸ਼ੀ ਦੌਰਾਨ 15 ਪੇਟੀਆਂ ਸ਼ਰਾਬ ਪੰਜਾਬ ਮਾਰਕਾ ਬਰਾਮਦ ਹੋਈ। ਪੁਲਸ ਨੇ ਮੌਕੇ ’ਤੇ ਕਾਰ ਸਵਾਰ ਬਸ਼ੀਰਪੁਰਾ ਨਿਵਾਸੀ ਜਤਿੰਦਰ ਕੁਮਾਰ ਉਰਫ ਸੋਨੂੰ ਟੈਂਕਰ ਅਤੇ ਤਰਲੋਕ ਸਿੰਘ ਨਿਵਾਸੀ ਰਾਮਾ ਮੰਡੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਜਤਿੰਦਰ ਕੁਮਾਰ ਸੋਨੂੰ ਦੇ ਲੱਧੇਵਾਲੀ ਸਥਿਤ ਸ਼ਰਾਬ ਦੇ ਡੰਪ ਵਿਚੋਂ 328 ਪੇਟੀਆਂ ਹੋਰ ਸ਼ਰਾਬ ਬਰਾਮਦ ਕੀਤੀ। ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸੋਨੂੰ ਟੈਂਕਰ ਨੇ ਉਕਤ ਸ਼ਰਾਬ ਨੂੰ ਸਪਲਾਈ ਕਰਨ ਲਈ ਕਈ ਕਰਿੰਦੇ ਰੱਖੇ ਹੋਏ ਸਨ, ਜਿਨ੍ਹਾਂ ਬਾਰੇ ਪੁਲਸ ਨੇ ਸਾਰਾ ਬਿਓਰਾ ਤਿਆਰ ਕਰ ਲਿਆ ਹੈ। ਉਥੇ ਹੀ, ਦੂਜੇ ਪਾਸੇ ਉਸਦੇ ਹੋਰ ਕਰਿੰਦਿਆਂ ਨੂੰ ਕਾਬੂ ਕਰਨ ਲਈ ਵੀ ਟਰੈਪ ਲਾ ਦਿੱਤੇ ਹਨ।
ਕਦੀ ਸਾਬਕਾ ਕਾਂਗਰਸੀ ਵਿਧਾਇਕ ਦਾ ਖਾਸਮ-ਖਾਸ ਰਿਹੈ ਸੋਨੂੰ ਟੈਂਕਰ
ਦੱਸਣਯੋਗ ਹੈ ਕਿ ਸੋਨੂੰ ਟੈਂਕਰ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਾ ਖਾਸਮ-ਖਾਸ ਹੁੰਦਾ ਸੀ। ਚੋਣਾਂ ਦੇ ਸਮੇਂ ਵੋਟਾਂ ਦੀ ਰਾਜਨੀਤੀ ਅਤੇ ਜੋੜ-ਤੋੜ ਕਰਨ ਲਈ ਮਸ਼ਹੂਰ ਸੋਨੂੰ ਟੈਂਕਰ ਸਾਬਕਾ ਵਿਧਾਇਕ ਦੀ ਕਾਫੀ ਮਦਦ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਸੋਨੂੰ ਟੈਂਕਰ ਸਾਬਕਾ ਵਿਧਾਇਕ ਦੇ ਇੰਨਾ ਨੇੜੇ ਸੀ ਕਿ ਰਾਮਾ ਮੰਡੀ ਇਲਾਕੇ ਵਿਚ ਆਉਣ ਵਾਲਾ ਹਰ ਪੁਲਸ ਅਫਸਰ ਪਹਿਲਾਂ ਸੋਨੂੰ ਨਾਲ ਸੰਪਰਕ ਕਰਦਾ ਸੀ ਪਰ ਸਾਲ 2022 ਦੀਆਂ ਚੋਣਾਂ ਦੌਰਾਨ ਸੋਨੂੰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਉਸਦੇ ਗ੍ਰਿਫ਼ਤਾਰ ਹੋਣ ਦੀ ਖਬਰ ਸੁਣਦੇ ਹੀ ਸਾਬਕਾ ਕਾਂਗਰਸੀ ਵਿਧਾਇਕ ਨੇ ਪੁਲਸ ਨੂੰ ਫੋਨ ਕਰ ਕੇ ਤੁਰੰਤ ਕੇਸ ਦਰਜ ਕਰਨ ਲਈ ਕਿਹਾ।
‘ਆਪ’ ਆਗੂ ਨੇ ਸੋਨੂੰ ਦੇ ਹੱਕ ’ਚ ਕੀਤੀ ਸਿਫਾਰਸ਼
ਉਥੇ ਹੀ, ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਇਕ ਆਗੂ, ਜੋ ਕਿ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਨੇ ਜਤਿੰਦਰ ਸੋਨੂੰ ਦੇ ਹੱਕ ਵਿਚ ਪੁਲਸ ਅਧਿਕਾਰੀਆਂ ਨੂੰ ਫੋਨ ਵੀ ਕੀਤਾ ਸੀ ਤਾਂ ਕਿ ਮਾਮਲੇ ਨੂੰ ਰਫਾ-ਦਫਾ ਕੀਤਾ ਜਾ ਸਕੇ ਪਰ ਸੋਨੂੰ ਦੇ ਫੜੇ ਜਾਣ ਦੀ ਖਬਰ ਜਿਉਂ ਹੀ ਮੀਡੀਆ ਵਿਚ ਫੈਲੀ ਤਾਂ ਪੁਲਸ ਨੂੰ ਦਬਾਅ ਵਿਚ ਆ ਕੇ ਕੇਸ ਦਰਜ ਕਰਨਾ ਪਿਆ। ਇਸ ਸਬੰਧੀ ਉੱਚ ਪੁਲਸ ਅਧਿਕਾਰੀਆਂ ਨੇ ‘ਆਪ’ ਆਗੂ ਦੀ ਇਕ ਨਹੀਂ ਸੁਣੀ ਅਤੇ ਤੁਰੰਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ।
600 ਪੇਟੀਆਂ ਸ਼ਰਾਬ ਫੜੇ ਜਾਣ ਦੀ ਚਰਚਾ
ਦੂਜੇ ਪਾਸੇ ਸ਼ਹਿਰ ਵਿਚ ਚਰਚਾ ਹੈ ਕਿ ਪੁਲਸ ਨੇ ਲੱਧੇਵਾਲੀ ਸਥਿਤ ਰੇਡ ਦੌਰਾਨ 600 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਫੜੀ ਹੈ ਪਰ ਪਤਾ ਨਹੀਂ ਕਿਸ ਕਾਰਨ ਕਰ ਕੇ ਪੁਲਸ ਵੱਲੋਂ ਰਿਕਵਰੀ ਦਿਖਾਉਣ ਵਿਚ ਇੰਨੀ ਘੱਟ ਗਿਣਤੀ ਕੀਤੀ ਗਈ। ਹੁਣ ਦੇਖਣਾ ਇਹ ਹੈ ਕਿ ਕੀ ਉੱਚ ਅਧਿਕਾਰੀ ਇਸ ਸਬੰਧੀ ਜਾਂਚ ਕਰਦੇ ਹਨ ਕਿ ਨਹੀਂ ਜਾਂ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ।