ਕਮਿਊਨਿਟੀ ਹਾਲ ਬਣਾਉਣ ਦੀ ਆੜ ’ਚ 60 ਲੱਖ ਦੀਆਂ ਸਰਕਾਰੀ ਗ੍ਰਾਂਟਾਂ ਦਾ ਗਬਨ ਕਰਨ ਦੇ ਮਾਮਲੇ ’ਚ ਬਣਾਈ SIT

08/14/2022 3:05:23 PM

ਜਲੰਧਰ (ਵਰੁਣ)– ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਕਮਿਊਨਿਟੀ ਹਾਲ ਬਣਾਉਣ ਦੀ ਆੜ ਵਿਚ ਸਰਕਾਰੀ ਗ੍ਰਾਂਟ ਨੂੰ ਲੈ ਕੇ ਗਬਨ ਕਰਨ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਐੱਸ. ਆਈ. ਟੀ. ਬਣਾ ਦਿੱਤੀ ਹੈ। ਐੱਸ. ਆਈ. ਟੀ. ਡੀ. ਸੀ. ਪੀ. ਜਗਮੋਹਨ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਹੈ। ਏ. ਸੀ. ਪੀ. ਨਾਰਥ ਅਤੇ ਥਾਣਾ ਨੰਬਰ 8 ਦੇ ਇੰਚਾਰਜ ਸ਼ਾਮਲ ਹਨ। ਹੁਣ ਐੱਸ. ਆਈ. ਟੀ. ਇਸ ਮਾਮਲੇ ਨੂੰ ਲੈ ਕੇ ਜਲਦ ਵੱਡੀ ਕਾਰਵਾਈ ਕਰ ਸਕਦੀ ਹੈ।

ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਕੇਸ ’ਚ ਡੀ. ਸੀ. ਆਫਿਸ ਤੋਂ ਇਨਕੁਆਰੀ ਉਪਰੰਤ 6 ਐੱਫ਼. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਹੁਣ ਇਸ ਮਾਮਲੇ ਵਿਚ ਜਾਂਚ ਦੀ ਲੋੜ ਨਹੀਂ ਹੈ, ਜਿਸ ਕਰਕੇ ਸਿੱਧੇ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਦੀ ਭਾਲ ਵਿਚ ਰੇਡ ਕੀਤੀ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਮੁੱਖ ਮੁਲਜ਼ਮ ਇਨਕੁਆਰੀ ਦੇ ਦੌਰਾਨ ਹੀ ਸ਼ਹਿਰ ਛੱਡ ਕੇ ਅੰਡਰਗਰਾਊਂਡ ਹੋ ਗਏ ਸਨ ਅਤੇ ਫਿਰ ਉਨ੍ਹਾਂ ਆਪਣੇ ਮੋਬਾਇਲ ਵੀ ਬੰਦ ਕਰ ਲਏ ਸਨ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਸਾਰੇ ਦਸਤਾਵੇਜ਼ ਅਤੇ ਮੁਲਜ਼ਮਾਂ ਦੀ ਬੈਂਕ ਸਟੇਟਮੈਂਟ ਆਦਿ ਚੈੱਕ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਲ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਉਥੇ ਹੀ, ਕੁਝ ਕਥਿਤ ਮੁਲਜ਼ਮਾਂ ਨੇ ਮਾਣਯੋਗ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਕੀਤੀ ਹੈ, ਜਿਨ੍ਹਾਂ ਵਿਚ ਕੌਂਸਲਰ ਸੁਸ਼ੀਲ ਕਾਲੀਆ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇੰਡਸਟਰੀਅਲ ਏਰੀਆ ਵੈੱਲਫੇਅਰ ਐਂਡ ਡਿਵੈੱਲਪਮੈਂਟ ਸੋਸਾਇਟੀ, ਇੰਡਸਟਰੀਅਲ ਏਰੀਆ ਸੋਸ਼ਲ ਵੈੱਲਫੇਅਰ ਸੋਸਾਇਟੀ, ਸੋਢਲ ਨਗਰ ਮੁਹੱਲਾ ਵੈੱਲਫੇਅਰ ਸੋਸਾਇਟੀ, ਭਾਈ ਲਾਲੋ ਵੈੱਲਫੇਅਰ ਸੋਸਾਇਟੀ ਸ਼ਿਵ ਨਗਰ, ਸ਼ਹੀਦ ਭਗਤ ਸਿੰਘ ਹਾਊਸਿੰਗ ਵੈੱਲਫੇਅਰ ਸੋਸਾਇਟੀ ਅਤੇ ਸ਼ਿਵ ਨਗਰ ਯੂਥ ਵੈੱਲਫੇਅਰ ਸੋਸਾਇਟੀ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਕਮਿਊਨਿਟੀ ਹਾਲ ਬਣਾਉਣ ਲਈ 10-10 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਲਈ ਸੀ ਪਰ ਉਨ੍ਹਾਂ ਗ੍ਰਾਂਟਾਂ ਦੀ ਕਮਿਊਨਿਟੀ ਹਾਲ ਨਾ ਬਣਾ ਕੇ ਨਿੱਜੀ ਵਰਤੋਂ ਕੀਤੀ ਗਈ।

ਇਸ ਗਬਨ ਦਾ ਖ਼ੁਲਾਸਾ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਕੀਤਾ ਸੀ, ਜਿਸ ਦੀ ਜਾਂਚ ਏ. ਡੀ. ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਕੀਤੀ ਅਤੇ ਇਨ੍ਹਾਂ ਸਾਰੀਆਂ 6 ਸੋਸਾਇਟੀਆਂ ਦੇ ਮੈਂਬਰਾਂ ਖ਼ਿਲਾਫ ਥਾਣਾ ਨੰਬਰ 8 ਵਿਚ ਕੇਸ ਦਰਜ ਕੀਤੇ ਗਏ ਸਨ। ਮੁਲਜ਼ਮਾਂ ਨੇ ਜਾਂਚ ਲਈ ਗਈਆਂ ਟੀਮਾਂ ਨੂੰ ਪੁਰਾਣੀਆਂ ਬਿਲਡਿੰਗਾਂ ਵਿਖਾ ਕੇ ਗੁੰਮਰਾਹ ਕੀਤਾ ਸੀ, ਜਦੋਂ ਕਿ ਕੌਂਸਲਰ ਸੁਸ਼ੀਲ ਕਾਲੀਆ ਨੇ ਲੋਕਾਂ ਵੱਲੋਂ ਇਕੱਠੇ ਕੀਤੇ ਪੈਸਿਆਂ ਨਾਲ ਬਣ ਰਹੇ ਕਮਿਊਨਿਟੀ ਹਾਲ ’ਤੇ ਗ੍ਰਾਂਟ ਦਾ ਪੈਸਾ ਲੱਗਿਆ ਸ਼ੋਅ ਕੀਤਾ, ਜਿਸ ਦਾ ਸਥਾਨਕ ਲੋਕਾਂ ਨੇ ਹੀ ਖ਼ੁਲਾਸਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ

ਪੁਲਸ ਨੇ ਇਨ੍ਹਾਂ 6 ਐੱਫ. ਆਈ. ਆਰਜ਼ ਵਿਚ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ, ਉਨ੍ਹਾਂ ਦੇ ਪਿਤਾ ਰਾਮ ਲਾਲ, ਬੇਟੇ ਅੰਸ਼ੁਮਨ ਕਾਲੀਆ, ਕੌਂਸਲਰ ਦੀਪਕ ਸ਼ਾਰਦਾ ਦੇ ਪਿਤਾ ਰਮੇਸ਼ ਸ਼ਾਰਦਾ, ਲਕਸ਼ਯ ਸ਼ਰਮਾ ਪੁੱਤਰ ਨਵੀਨ ਸ਼ਰਮਾ ਨਿਵਾਸੀ ਇੰਡਸਟਰੀਅਲ ਏਰੀਆ, ਅਨਮੋਲ ਕਾਲੀਆ ਪੁੱਤਰ ਰਾਜੇਸ਼ ਕਾਲੀਆ ਨਿਵਾਸੀ ਸ਼ਿਵ ਨਗਰ, ਪ੍ਰਿੰਸ ਸ਼ਾਰਦਾ ਪੁੱਤਰ ਅਨਿਲ ਸ਼ਾਰਦਾ ਨਿਵਾਸੀ ਸ਼ਿਵ ਨਗਰ, ਸੂਰਜ ਕਾਲੀਆ ਪੁੱਤਰ ਰਾਜ ਕੁਮਾਰ ਨਿਵਾਸੀ ਸ਼ਿਵ ਨਗਰ, ਜੀਵਨ ਕੁਮਾਰ ਪੁੱਤਰ ਤਿਲਕ ਰਾਜ ਨਿਵਾਸੀ ਸ਼ਿਵ ਨਗਰ, ਦੀਪਾਂਸ਼ੂ ਕਪੂਰ ਪੁੱਤਰ ਰਾਕੇਸ਼ ਕਪੂਰ ਨਿਵਾਸੀ ਸ਼ਿਵ ਨਗਰ, ਵਿਨੋਦ ਸ਼ਰਮਾ, ਰਾਜੇਸ਼ ਅਰੋੜਾ, ਕੇਸਰ ਸਿੰਘ ਜਨਰਲ ਸੈਕਟਰੀ, ਰਾਜਿੰਦਰ ਸਿੰਘ ਕੈਸ਼ੀਅਰ, ਨਿਸ਼ਾਨ ਸਿੰਘ, ਸ਼ੁਭਮ ਸ਼ਰਮਾ, ਮੋਹਿਤ ਸੇਠੀ, ਸਾਹਿਲ, ਪਵਨ ਕੁਮਾਰ, ਵਿਨੋਦ ਕੁਮਾਰ, ਗੌਰਵ ਕੁਮਾਰ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਸੰਨੀ ਮਰਵਾਹਾ, ਦੀਪ ਕੁਮਾਰ, ਅਤੁਲ, ਤੀਰਥ ਸਿੰਘ ਅਤੇ ਕੁਲਦੀਪ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ। ਕੌਂਸਲਰ ਪੁੱਤਰ ਅੰਸ਼ੁਮਨ ਦਾ ਨਾਂ 3 ਐੱਫ਼. ਆਈ. ਆਰਜ਼ ਵਿਚ ਨਾਮਜ਼ਦ ਹੈ।

ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News