ਭੂੰਦੜ ਵੱਲੋਂ ਵਲਟੋਹਾ ਨੂੰ 10 ਸਾਲਾਂ ਲਈ ਪਾਰਟੀ ’ਚੋਂ ਨਾ ਕੱਢਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਸਿੱਧੀ ਉਲੰਘਣਾ

Friday, Oct 18, 2024 - 10:52 AM (IST)

ਭੂੰਦੜ ਵੱਲੋਂ ਵਲਟੋਹਾ ਨੂੰ 10 ਸਾਲਾਂ ਲਈ ਪਾਰਟੀ ’ਚੋਂ ਨਾ ਕੱਢਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਸਿੱਧੀ ਉਲੰਘਣਾ

ਜਲੰਧਰ (ਜ. ਬ.)-ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਲਈ ਪਾਰਟੀ ਵਿਚੋਂ ਨਾ ਕੱਢਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਸਿੱਧੀ ਉਲੰਘਣਾ ਹੈ। ਵਲਟੋਹਾ ਵੱਲੋਂ ਇਕੱਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਨਹੀਂ ਧਮਕਾਇਆ ਗਿਆ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਧਮਕਾਇਆ ਗਿਆ ਹੈ। ਸਿੰਘ ਸਾਹਿਬਾਨ ਅਸਤੀਫ਼ੇ ਦੇਣ ਦੀ ਥਾਂ ਗੁਨਾਹਗਾਰ ਲੀਡਰਸ਼ਿਪ ਦਾ ਪਰਦਾਫਾਸ਼ ਕਰਨ ਅਤੇ ਸਿਆਸੀ ਸਜ਼ਾ ਦੇ ਕੇ ਨੁਮਾਇੰਦਾ ਪੰਥਕ ਇਕੱਠ ਸੱਦਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੁੜ-ਸੁਰਜੀਤੀ ਵੱਲ ਵਧਿਆ ਜਾਵੇ।

ਉਕਤ ਵਿਚਾਰ ਉੱਘੇ ਸਿੱਖ ਚਿੰਤਕਾਂ ਗੁਰਤੇਜ ਸਿੰਘ ਆਈ. ਏ. ਐੱਸ., ਪਰਮਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ, ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ ਅਤੇ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਨਾਹਾਂ ਬਾਰੇ ਅਕਾਲ ਤਖ਼ਤ ਸਾਹਿਬ ਤੋਂ ਵ੍ਹਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਪੰਥ ਇਨ੍ਹਾਂ ਗੁਨਾਹਗਾਰਾਂ ਤੋਂ ਸੁਚੇਤ ਰਹਿ ਸਕੇ ਅਤੇ ਇਹ ਪੰਥ ਦਾ ਹੋਰ ਨੁਕਸਾਨ ਨਾ ਕਰ ਸਕਣ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਬਾਦਲਕਿਆਂ ਦਾ ਵਿਰਸਾ ਸਿੰਘ ਵਲਟੋਹਾ ਰਾਹੀਂ ਸਿੰਘ ਸਾਹਿਬਾਨ ਨਾਲ ਧਮਕੀਪੂਰਨ ਗੈਂਗਸਟਰਾਂ ਵਾਲਾ ਵਿਹਾਰ ਸਿੰਘ ਸਾਹਿਬਾਨ ਦੇ ਇਤਿਹਾਸਕ ਕਾਰਜ ਅਤੇ ਨਿਆਂ ਵਿਚ ਰੁਕਾਵਟ ਪਾਉਣ ਵਾਲਾ ਹੈ। ਖਾਲਸਾ ਪੰਥ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਸ ਇਤਿਹਾਸਕ ਕਾਰਜ ਵਿਚ ਜਥੇਦਾਰਾਂ ਦੇ ਹੱਕ ਵਿਚ ਖਲੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਕਤ ਮਾਮਲੇ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਵਲਟੋਹੇ ਨੂੰ ਆਪਣਾ ਛੋਟਾ ਭਰਾ ਦੱਸ ਕੇ ਇਸ ਨਵ-ਸਿਆਸੀ ਗੈਂਗਸਟਰਵਾਦ ਨੂੰ ਉਤਸ਼ਾਹਿਤ ਕੀਤਾ ਹੈ, ਜੋ ਸਿੱਖ ਪੰਥ ਨੂੰ ਸਿਧਾ ਚੈਲੇਂਜ ਹੈ।

ਸਿੱਖ ਚਿੰਤਕਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਗੁਨਾਹ ਸਿਆਸੀ ਹਨ, ਇਸ ਦੀ ਸਜ਼ਾ ਵੀ ਸਿਆਸੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ’ਤੇ ਸਵਾਲ ਉਠਾਏ ਹਨ। 1994 ਅਤੇ 1999 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰਾਂ ਪ੍ਰੋਫ਼ੈਸਰ ਮਨਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ’ਤੇ ਸਵਾਲ ਉਠਾਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧ ਰਹੀ ਇਹ ਭਿਆਨਕ ਬੀਮਾਰੀ, ਸਾਵਧਾਨ ਰਹਿਣ ਲੋਕ, ਮਰੀਜ਼ਾਂ ਦੇ ਵੱਧ ਰਹੇ ਅੰਕੜੇ

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਖੇਮੇ ਵਿਚੋਂ ਕਿਸੇ ਨੇ ਵੀ ਹੁਣ ਤੱਕ ਵਲਟੋਹਾ ਦੇ ਦੋਸ਼ਾਂ ਦਾ ਖੰਡਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦਾ ਸਾਫ਼ ਅਰਥ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਤੇ ਭਰੋਸੇਯੋਗਤਾ ਨੂੰ ਖ਼ਤਮ ਕਰਨ ਵਿਚ ਬਾਦਲ ਕੇ ਫਿਰ ਸਿੱਖ ਵਿਰੋਧੀ ਇਤਿਹਾਸ ਦੁਹਰਾਅ ਰਹੇ ਹਨ। ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 'ਤਨਖ਼ਾਹੀਆ' ਕਰਾਰ ਦਿੱਤੇ ਜਾਣ ਤੋਂ ਬਾਅਦ ‘ਤਨਖਾਹ’ (ਧਾਰਮਿਕ ਸਜ਼ਾ) ਬਾਰੇ ਫ਼ੈਸਲਾ ਸੁਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸੁਖਬੀਰ ਬਾਦਲ ਖ਼ਿਲਾਫ਼ ਉਨ੍ਹਾਂ ਦਾ ਫ਼ੈਸਲਾ ਸਿੱਖ ਪੰਥ ਨੂੰ ਪ੍ਰਵਾਨ ਹੋਵੇ।

ਇਹ ਵੀ ਪੜ੍ਹੋ- ਕੈਨੇਡਾ 'ਚ ਜਨਮ ਦਿਨ ਮਨਾ ਕੇ ਸੁੱਤਾ ਪੰਜਾਬੀ ਨੌਜਵਾਨ ਸਵੇਰੇ ਉੱਠਿਆ ਹੀ ਨਹੀਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News