ਚੋਰਾਂ ਨੇ ਇਕ ਹੀ ਰਾਤ ’ਚ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਸਾਮਾਨ ਲੈ ਕੇ ਫਰਾਰ
Sunday, Aug 08, 2021 - 05:02 PM (IST)
ਹੁਸ਼ਿਆਰਪੁਰ (ਰਾਕੇਸ਼)-ਇਕ ਪਾਸੇ ਪੁਲਸ ਪ੍ਰਸ਼ਾਸਨ ਆਜ਼ਾਦੀ ਦਿਵਸ ਕਰੀਬ ਆਉਣ ’ਤੇ ਚੈਕਿੰਗ ਮੁਹਿੰਮ ਚਲਾ ਰਿਹਾ ਹੈ, ਦੂਜੇ ਪਾਸੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਿਛਲੀ ਰਾਤ ਹੁਸ਼ਿਆਰਪੁਰ ਸਿਵਲ ਹਸਪਤਾਲ ਰੋਡ ਕੱਚੇ ਕਵਾਰਟਰਾਂ ’ਚ ਚੋਰਾਂ ਵੱਲੋਂ 3 ਬੈਟਰੀ ਇਨਵਰਟਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਧੀਮਾਨ ਆਟੋ ਵਕਰਸ ਵਿਚੋਂ ਚੋਰ 8 ਬੈਟਰੀਆਂ ਨਵੀਆਂ, 6 ਇਨਵਰਟਰ ਅਤੇ ਸਕਰੈਪ ਲੈ ਗਏ। ਇਸੇ ਤਰ੍ਹਾਂ ਤਰਸੇਮ ਆਟੋ ਇਲੈਕਟਰਾਨਿਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਨਵਰਟਰ, ਬੈਟਰੀ ਸਮੇਤ ਸਕਰੈਪ ਨਾਲ ਲੈ ਗਏ। ਮੋਹਨ ਇਲੈਕਟਰਾਨਿਕ ਜਲੰਧਰ ਰੋਡ ਤੋਂ ਬੈਟਰੀ ਇਨਵਰਟਰ, ਨਵੀਂ ਬੈਟਰੀ ਅਤੇ ਗਾਹਕਾਂ ਦੀ ਚਾਰਜ ਕਰਨ ਆਈ ਬੈਟਰੀ ਲੈ ਕੇ ਫਰਾਰ ਹੋ ਗਏ। ਧੀਮਾਨ ਆਟੋ ਵਕਰਸ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਚੌਕੀਦਾਰ ਦਾ ਫੋਨ ਆਉਣ ’ਤੇ ਘਟਨਾ ਦਾ ਪਤਾ ਲੱਗਾ।
ਤਰਸੇਮ ਆਟੋ ਇਲੈਕਟਰਾਨਿਕ ਦੇ ਮਾਲਕ ਜਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਧੀਮਾਨ ਆਟੋ ਇਲੈਕਟਰਾਨਿਕ ’ਚ ਚੋਰੀ ਹੋਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਆਏ। ਜਦੋਂ ਵਾਪਸ ਜਾਂਦੇ ਸਮੇਂ ਆਪਣੀ ਦੁਕਾਨ ਵੱਲ ਧਿਆਨ ਦਿੱਤਾ ਤਾਂ ਵੇਖਿਆ ਕਿ ਚੋਰ ਉਨ੍ਹਾਂ ਦੀ ਦੁਕਾਨ ’ਤੇ ਵੀ ਹੱਥ ਸਾਫ਼ ਕਰ ਗਏ ਹਨ। ਇਸੇ ਤਰ੍ਹਾਂ ਮੋਹਨ ਲਾਲ ਐਂਡ ਸੰਜ਼ ਦੀ ਦੁਕਾਨ ਦੇ ਮਾਲਕ ਬ੍ਰਿਜ ਮੋਹਨ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 6 ਵਜੇ ਫੋਨ ਆਇਆ ਕਿ ਚੋਰ ਅੰਦਰੋਂ ਬੈਟਰੀ ਇਨਵਰਟਰ ਚੋਰੀ ਕਰ ਕੇ ਲੈ ਗਏ ਹਨ। ਸੂਚਨਾ ਮਿਲਦੇ ਹੀ ਮੌਕੇ ’ਤੇ ਥਾਣਾ ਮਾਡਲ ਟਾਊਨ ਤੋਂ ਐੱਸ. ਐੱਚ. ਓ. ਕਰਨੈਲ ਸਿੰਘ ਪੁਲਸ ਪਾਰਟੀ ਨਾਲ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ।
ਚੋਰਾਂ ਨੇ ਗਾਰਮੈਂਟਸ ਦੀ ਦੁਕਾਨ ਨੂੰ ਵੀ ਬਣਾਇਆ ਨਿਸ਼ਾਨਾ
ਇਸੇ ਤਰ੍ਹਾਂ ਕਮੇਟੀ ਬਾਜ਼ਾਰ ਵਿਚ ਇਕ ਗਾਰਮੈਂਟਸ ਦੀ ਦੁਕਾਨ ਨੂੰ ਵੀ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦੁਕਾਨ ਦੇ ਮਾਲਕ ਕੈਲਾਸ਼ ਜੈਨ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਪਤਾ ਚਲਦਾ ਹੈ ਕਿ ਚੋਰ ਇਕ ਸਫੈਦ ਰੰਗ ਦੀ ਕਾਰ ਵਿਚ ਆਏ ਅਤੇ ਸ਼ਟਰ ਨੂੰ ਤੋੜ ਕੇ ਗੱਲੇ ਵਿਚ ਰੱਖੇ 100 ਅਤੇ 50 ਦੇ ਨੋਟਾਂ ’ਤੇ ਹੱਥ ਸਾਫ਼ ਕਰ ਗਏ।
ਇਹ ਵੀ ਪੜ੍ਹੋ: ਜਲੰਧਰ: ਗਰਭਵਤੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ
ਕਰਿਆਨੇ ਦੀ ਦੁਕਾਨ ’ਤੇ ਵੀ ਕੀਤਾ ਹੱਥ ਸਾਫ਼
ਇਸੇ ਤਰ੍ਹਾਂ ਗਊਸ਼ਾਲਾ ਬਾਜ਼ਾਰ ਵਿਚ ਵੀ ਚੋਰਾਂ ਨੇ ਇਕ ਦੁਕਾਨ ਟੇਕ ਚੰਦ ਮਹੇਸ਼ ਚੰਦ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਮਾਲਕ ਵਿਕਾਸ ਗੁਪਤਾ ਨੇ ਦੱਸਿਆ ਕਿ ਚੋਰ 25 ਹਜ਼ਾਰ ਰੁਪਏ ਦੀ ਨਕਦੀ ਅਤੇ 1 ਲੱਖ ਰੁਪਏ ਦਾ ਕਰਿਆਨੇ ਦਾ ਸਾਮਾਨ ਲੈ ਗਏ।
ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਜ਼ਰੂਰੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ