ਅਕਸਰ ਸ਼ਸ਼ੀ ਸ਼ਰਮਾ ਨੂੰ ਬਚਾਉਂਦੀ ਆਈ ਹੈ ਜਲੰਧਰ ਪੁਲਸ
Thursday, Dec 13, 2018 - 02:41 PM (IST)
ਜਲੰਧਰ (ਵਰੁਣ)— ਸ਼ਸ਼ੀ ਸ਼ਰਮਾ ਖਿਲਾਫ 1989 ਤੋਂ ਲੈ ਕੇ 2009 ਤੱਕ 26 ਕੇਸ ਦਰਜ ਹੋਏ ਸਨ ਪਰ ਇਸ ਦੇ ਬਾਵਜੂਦ ਜਲੰਧਰ ਪੁਲਸ ਨੇ ਸ਼ਸ਼ੀ ਖਿਲਾਫ 110 ਦਾ ਕਲੰਦਰਾ ਤਿਆਰ ਨਹੀਂ ਕੀਤਾ ਸੀ। ਪੁਲਸ ਦੇ ਕੁਝ ਅਧਿਕਾਰੀਆਂ ਨਾਲ ਸ਼ਸ਼ੀ ਦੀ ਸੈਟਿੰਗ ਹੋਣ ਕਾਰਨ ਜਲੰਧਰ ਪੁਲਸ ਸ਼ੁਰੂ ਤੋਂ ਹੀ ਸ਼ਸ਼ੀ ਸ਼ਰਮਾ ਨੂੰ ਬਚਾਉਂਦੀ ਆਈ ਹੈ। ਸ਼ਸ਼ੀ ਸ਼ਰਮਾ ਖਿਲਾਫ ਜ਼ਿਆਦਾਤਰ ਕੇਸ ਥਾਣਾ ਨੰਬਰ 4 ਅਤੇ ਥਾਣਾ 6 'ਚ ਹੀ ਦਰਜ ਹੋਏ ਹਨ। 25.9.2003 ਨੂੰ ਸ਼ਸ਼ੀ ਸ਼ਰਮਾ ਖਿਲਾਫ ਹਿਮਾਚਲ ਪ੍ਰਦੇਸ਼ ਦੇ ਥਾਣਾ ਬਿਲਾਸਪੁਰ 'ਚ ਵੀ ਕੁੱਟਮਾਰ ਕਰਨ, ਧਮਕਾਉਣ ਅਤੇ ਤੋੜ-ਭੰਨ ਦਾ ਕੇਸ ਦਰਜ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਸ਼ਸ਼ੀ ਖਿਲਾਫ ਇੰਨੇ ਕੇਸ ਦਰਜ ਹੋਣ ਤੋਂ ਬਾਅਦ ਵੀ ਪੁਲਸ ਨੇ ਉਸ 'ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ। ਅਜੇ ਵੀ ਕਈ ਅਜਿਹੀਆਂ ਸ਼ਿਕਾਇਤਾਂ ਹਨ ਜੋ ਪੁਲਸ ਅਧਿਕਾਰੀਆਂ ਦੇ ਦਫਤਰਾਂ 'ਚ ਧੂੜ ਫੱਕ ਰਹੀਆਂ ਹਨ। ਸ਼ਸ਼ੀ ਹੀ ਨਹੀਂ, ਸਗੋਂ ਉਸ ਦੇ ਕਰੀਬੀਆਂ 'ਤੇ ਕਾਰਵਾਈ ਤੋਂ ਵੀ ਪੁਲਸ ਡਰਦੀ ਰਹੀ ਹੈ। ਅੱਜ ਤੱਕ ਸ਼ਸ਼ੀ ਦੇ ਕਰੀਬੀਆਂ ਖਿਲਾਫ ਕਈ ਸ਼ਿਕਾਇਤਾਂ ਪੈਂਡਿੰਗ ਹਨ।
ਸ਼ਿਵ ਸ਼ਰਮਾ ਦੀ ਜਾਂਚ ਵੀ ਅਟਕੀ
ਏ. ਸੀ. ਮਾਰਕੀਟ 'ਚ ਚੱਲ ਰਹੇ ਜੂਏ ਦੇ ਅੱਡੇ 'ਤੇ ਹਮਲੇ ਦੀ ਜਾਂਚ ਵਿਚ ਸ਼ਸ਼ੀ ਸ਼ਰਮਾ ਦੇ ਭਰਾ ਸ਼ਿਵ ਸ਼ਰਮਾ ਦਾ ਨਾਂ ਆਉਣ ਤੋਂ ਬਾਅਦ ਪੁਲਸ ਦੀ ਜਾਂਚ ਵਿਚੇ ਹੀ ਅਟਕ ਗਈ ਹੈ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਸ ਕਲੀਅਰ ਨਹੀਂ ਕਰ ਸਕੀ ਕਿ ਸ਼ਿਵ ਸ਼ਰਮਾ ਨੇ ਜੂਏ ਦੇ ਅੱਡੇ ਨੂੰ ਪੈਸੇ ਫਾਇਨਾਂਸ ਕੀਤੇ ਸਨ ਜਾਂ ਨਹੀਂ। ਜੂਆ ਖੇਡਣ ਵਾਲੇ ਨੌਜਵਾਨ ਡੀ ਸੀ ਨੇ ਆਪਣੇ ਬਿਆਨਾਂ ਵਿਚ ਖੁਲਾਸਾ ਕੀਤਾ ਸੀ ਕਿ ਸ਼ਿਵ ਸ਼ਰਮਾ ਨੇ ਜੂਏ ਦੇ ਅੱਡੇ ਨੂੰ ਪੈਸੇ ਫਾਇਨਾਂਸ ਕੀਤੇ ਸਨ। ਥਾਣਾ ਨੰਬਰ 4 ਦੇ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਸ਼ਰਮਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਸਾਬਿਤ ਹੋ ਜਾਵੇਗਾ ਕਿ ਸ਼ਿਵ ਸ਼ਰਮਾ ਨੇ ਪੈਸੇ ਫਾਇਨਾਂਸ ਕੀਤੇ ਸਨ ਜਾਂ ਨਹੀਂ।
ਬੌਬੀ ਕੁੱਦਾ, ਨਰੇਸ਼ ਦੇਵਗਨ ਅਤੇ ਕੁੱਕਾ ਮਹਾਜਨ ਨੂੰ ਫੜਨ 'ਚ ਫੇਲ ਸਾਬਤ ਹੋ ਰਹੀ ਪੁਲਸ
ਪੁਲਸ ਸ਼ਸ਼ੀ ਦੇ ਚਹੇਤਿਆਂ ਨੂੰ ਫੜਨ ਵਿਚ ਵੀ ਫੇਲ ਸਾਬਿਤ ਹੋਈ ਹੈ। ਏ. ਸੀ. ਮਾਰਕੀਟ 'ਚ ਜੂਏ ਦੇ ਅੱਡੇ 'ਤੇ ਹੋਏ ਅਟੈਕ ਦੇ ਕੇਸ ਵਿਚ ਨਾਮਜ਼ਦ ਕੀਤੇ ਮਨਜੀਤ ਸਿੰਘ ਉਰਫ ਬੌਬੀ ਕੁੱਦਾ ਪੁੱਤਰ ਅਮਰਜੀਤ ਸਿੰਘ ਵਾਸੀ ਪੈਰਾਡਾਈਸ ਅਪਾਰਟਮੈਂਟ, ਨਰੇਸ਼ ਦੇਵਗਨ ਉਰਫ ਸ਼ੈਂਕੀ ਪੁੱਤਰ ਰਮੇਸ਼ ਕੁਮਾਰ ਵਾਸੀ ਜਸਵੰਤ ਨਗਰ ਅਤੇ ਵਿਵੇਕ ਮਹਾਜਨ ਉਰਫ ਕੁੱਕਾ ਮਹਾਜਨ ਨੂੰ ਅਜੇ ਵੀ ਫੜ ਨਹੀਂ ਸਕੀ। ਨਾਮਜ਼ਦ ਵਿਅਕਤੀਆੰ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਉਹ ਰੱਦ ਹੋ ਗਈ ਸੀ। ਦੱਸਣਯੋਗ ਹੈ ਕਿ ਬੌਬੀ ਕੁੱਦਾ ਖਿਲਾਫ ਥਾਣਾ ਨੰਬਰ 4, ਬਸਤੀ ਬਾਵਾ ਖੇਲ ਅਤੇ ਥਾਣਾ 2 ਵਿਚ ਕੇਸ ਦਰਜ ਹੋ ਚੁੱਕੇ ਹਨ, ਜਦੋਂਕਿ ਨਰੇਸ਼ ਦੇਵਗਨ ਉਰਫ ਸ਼ੈਂਕੀ 'ਤੇ 3 ਕੇਸ ਦਰਜ ਹਨ। ਸਬ-ਇੰਸਪੈਕਟਰ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਮੁਲਜ਼ਮਾਂ ਨੂੰ ਵੀ ਅਰੈਸਟ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਜਿਸ ਦਫਤਰ ਵਿਚ ਜੂਆ ਖੇਡਿਆ ਜਾ ਰਿਹਾ ਸੀ, ਉਹ ਬੌਬੀ ਕੁੱਦਾ ਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਇਸ ਗੱਲ ਦੀ ਜਾਂਚ ਕਰਨੀ ਜ਼ਰੂਰੀ ਨਹੀਂ ਸਮਝੀ ਸੀ ਕਿ ਜੋ ਦਫਤਰ ਬੌਬੀ ਕੁੱਦਾ ਦਾ ਦੱਸਿਆ ਜਾ ਰਿਹਾ ਹੈ, ਉਹ ਉਸ ਕੋਲ ਕਿਸ ਤਰ੍ਹਾਂ ਆਇਆ।
ਸੋਨੂੰ ਪਹਿਲਵਾਨ ਨੂੰ ਭੇਜਿਆ ਜੇਲ
ਸ਼ਸ਼ੀ ਸ਼ਰਮਾ 'ਤੇ ਹਮਲਾ ਕਰਨ ਦੇ ਦੋਸ਼ 'ਚ ਕਾਬੂ ਰਾਜ ਨਗਰ ਵਾਸੀ ਸੋਨੂੰ ਪਹਿਲਵਾਨ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ। ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੋਨੂੰ ਤੋਂ ਪੁੱਛਗਿੱਛ ਤੋਂ ਬਾਅਦ ਉਸ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਫਰਾਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।