ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੋਈ ਇਹ ਕਾਲੋਨੀ, ਟੂਟੀਆਂ ''ਚੋਂ ਆ ਰਿਹਾ ਸੀਵਰੇਜ ਵਾਲਾ ਪਾਣੀ

01/07/2020 12:59:19 PM

ਜਲੰਧਰ (ਖੁਰਾਣਾ)— ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਨ੍ਹਾਂ ਨੂੰ ਅੱਜ ਵੀ ਪੂਰੇ ਵਿਸ਼ਵ 'ਚ 'ਆਇਰਨ ਲੇਡੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਾਂਗਰਸ ਪਾਰਟੀ 'ਚ ਤਾਂ ਅੱਜ ਵੀ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਦੇ ਨਾਂ 'ਤੇ ਬਣੀ ਇੰਦਰਾ ਕਾਲੋਨੀ (ਜੋ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਹੈ) ਪਿਛਲੇ ਕਾਫੀ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੀ ਹੈ। ਕਈ ਵਾਰ ਇਹ ਚਰਚਾ ਵੀ ਉੱਠਦੀ ਹੈ ਕਿ ਸੂਬੇ ਅਤੇ ਸ਼ਹਿਰ 'ਚ ਇਹ ਕਿਹੋ ਜਿਹੀ ਕਾਂਗਰਸ ਸਰਕਾਰ ਹੈ ਜੋ ਆਪਣੀ ਹੀ ਸਰਬਉਚ ਆਗੂ ਰਹੀ ਸਵ. ਇੰਦਰਾ ਗਾਂਧੀ ਦੇ ਨਾਂ 'ਤੇ ਬਣੀ ਇਸ ਕਾਲੋਨੀ ਦੀ ਦਸ਼ਾ ਸੁਧਾਰਣ ਵੱਲ ਧਿਆਨ ਨਹੀਂ ਦੇ ਰਹੀ।

ਇੰਦਰਾ ਗਾਂਧੀ ਕਾਲੋਨੀ ਦੀ ਗੱਲ ਕਰੀਏ ਤਾਂ ਭਾਵੇਂ ਇਹ ਨਾਜਾਇਜ਼ ਕਾਲੋਨੀ ਹੈ ਪਰ ਸੈਂਕੜੇ ਲੋਕ ਇਸ 'ਚ ਵਸੇ ਹੋਏ ਹਨ। ਇਹ ਲੋਕ ਹਰ ਚੋਣਾਂ 'ਚ ਵੋਟ ਵੀ ਦਿੰਦੇ ਹਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਪਾਤਰ ਵੀ ਹਨ ਪਰ ਫਿਰ ਵੀ ਉਨ੍ਹਾਂ ਨੂੰ ਨਰਕ ਜਿਹੇ ਮਾਹੌਲ 'ਚ ਰਹਿਣਾ ਪੈ ਰਿਹਾ ਹੈ। ਇਸ ਕਾਲੋਨੀ ਦੀਆਂ ਸਾਰੀਆਂ ਸੜਕਾਂ ਅਕਸਰ ਗੰਦੇ ਪਾਣੀ 'ਚ ਡੁੱਬੀਆਂ ਨਜ਼ਰ ਆਉਂਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ। ਹੁਣ ਤਾਂ ਇੰਦਰਾ ਕਾਲੋਨੀ 'ਚ ਲੱਗੀਆਂ ਟੂਟੀਆਂ 'ਚੋਂ ਵੀ ਸੀਵਰੇਜ ਵਾਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪੀਲੀਆ, ਵਾਇਰਲ, ਇਨਫੈਕਸ਼ਨ ਅਤੇ ਚਮੜੀ ਨਾਲ ਸਬੰਧਤ ਬੀਮਾਰੀਆਂ ਹੋ ਰਹੀਆਂ ਹਨ। ਕਈ ਵਾਰ ਪੂਰਾ ਇਲਾਕਾ ਪੀਲੀਆ ਦੀ ਲਪੇਟ 'ਚ ਆ ਚੁੱਕਾ ਹੈ।

ਕਾਲੋਨੀ ਵਾਸੀਆਂ ਦੀ ਮੰਗ ਹੈ ਕਿ ਸੂਬੇ ਤੇ ਨਗਰ ਨਿਗਮ 'ਚ ਬੈਠੀ ਕਾਂਗਰਸੀ ਲੀਡਰਸ਼ਿਪ ਉਨ੍ਹਾਂ ਦੀਆਂ ਸਮੱਿਸਆਵਾਂ ਨੂੰ ਦੁਰ ਕਰ ਕੇ ਸਾਫ ਸੁਥਰਾ ਮਾਹੌਲ ਉਪਲਬਧ ਕਰਵਾਏ ਤਾਂ ਜੋ ਸਵ. ਇੰਦਰਾ ਗਾਂਧੀ ਦੇ ਨਾਂ 'ਤੇ ਬਣੀ ਇਸ ਕਾਲੋਨੀ ਦੇ ਵਸਨੀਕਾਂ ਨੂੰ ਨਰਕ ਤੋਂ ਮੁਕਤੀ ਮਿਲ ਸਕੇ।

PunjabKesari

ਵਿਕਾਸਪੁਰੀ ਪਲਾਂਟ ਕੋਲ ਬਣ ਰਿਹਾ ਪਾਰਕ ਕੀ ਨਿਗਮ ਇਸ ਨੂੰ ਸੰਭਾਲ ਸਕੇਗਾ?
ਇਕ ਪਾਸੇ ਜਿੱਥੇ ਵਿਕਾਸਪੁਰੀ ਅਤੇ ਹੋਰ ਰਿਹਾਇਸ਼ੀ ਕਾਲੋਨੀਆਂ ਦੇ ਵਸਨੀਕ ਕੇ . ਐੱਮ. ਵੀ. ਦੀ ਮੇਨ ਰੋਡ 'ਤੇ ਵਿਕਾਸਪੁਰੀ ਦੇ ਬਾਹਰ ਬਣ ਰਹੇ ਕੂੜੇ ਦੇ ਪਲਾਂਟ ਨੂੰ ਲੈ ਕੇ ਰੋਹ ਵਿਚ ਹਨ ਅਤੇ ਹਾਈ ਕੋਰਟ ਜਾਣ ਦਾ ਮਨ ਬਣਾ ਰਹੇ ਹਨ, ਉਥੇ ਨਗਰ ਨਿਗਮ ਨੇ ਪਲਾਂਟ ਦੇ ਕੋਲ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਇਲਾਕੇ ਦਾ ਸੁੰਦਰੀਕਰਨ ਵੀ ਹੋ ਸਕੇ। ਰਿਹਾਇਸ਼ੀ ਕਾਲੋਨੀਆਂ ਦੇ ਵਾਸੀ ਅਜੇ ਵੀ ਸ਼ੱਕ ਪ੍ਰਗਟ ਕਰ ਰਹੇ ਹਨ ਕਿ ਕੀ ਨਗਰ ਨਿਗਮ ਇਸ ਪਾਰਕ ਨੂੰ ਸੰਭਾਲ ਸਕੇਗਾ ਕਿਉਂਕਿ ਸ਼ਹਿਰ ਦੇ ਸੈਂਕੜੇ ਪਾਰਕ ਪਹਿਲਾਂ ਹੀ ਖਸਤਾ ਹਾਲਤ ਵਿਚ ਹਨ।

ਸੈਗਰੀਗੇਟ ਹੋ ਕੇ ਆ ਰਿਹਾ ਕੂੜਾ
ਇਸ ਦੌਰਾਨ ਕੌਂਸਲਰ ਅਵਤਾਰ ਅਤੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਨੇ ਦੱਸਿਆ ਕਿ ਵਾਰਡ ਨੰ. 60 'ਚ ਮੋਟੀਵੇਟਰਾਂ ਵੱਲੋਂ ਚਲਾਈ ਗਈ ਮੁਹਿੰਮ ਦੇ ਨਤੀਜੇ ਵਲੋਂ ਲੋਕ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਦੇ ਰਹੇ ਹਨ ਤੇ ਪਲਾਂਟ ਵਿਚ ਜ਼ਿਆਦਾਤਰ ਕੂੜਾ ਸੈਗਰੀਗੇਟ ਹੋ ਕੇ ਆ ਰਿਹਾ ਹੈ। ਗਿੱਲੇ ਕੂੜੇ ਨੂੰ ਫੋਲੜੀਵਾਲ ਵਿਚ ਲੱਗੇ ਪਲਾਂਟ 'ਚ ਖਾਦ ਬਣਾਉਣ ਲਈ ਭੇਜਿਆ ਜਾ ਰਿਹਾ ਹੈ। ਅਸ਼ੋਕ ਭੀਲ ਨੇ ਦੱਸਿਆ ਕਿ ਵਿਕਾਸਪੁਰੀ ਡੰਪ ਦੀ ਸਫਾਈ ਹਰ ਰੋਜ਼ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ।


shivani attri

Content Editor

Related News