SDM ਹੁਸ਼ਿਆਰਪੁਰ ਤੇ ਕਮਿਸ਼ਨਰ ਨਗਰ ਨਿਗਮ ਨੇ ਕੋਰੋਨਾ ''ਤੇ ਪਾਈ ਫਤਿਹ : ਡਿਪਟੀ ਕਮਿਸ਼ਨਰ

Sunday, Jul 26, 2020 - 08:44 PM (IST)

ਹੁਸ਼ਿਆਰਪੁਰ- ਜ਼ਿਲ੍ਹੇ ਦੇ 2 ਪੀ.ਸੀ.ਐਸ. ਅਧਿਕਾਰੀਆਂ ਨੇ ਕੋਰੋਨਾ ਵਾਇਰਸ 'ਤੇ ਫਤਿਹ ਪਾਉਂਦੇ ਹੋਏ ਆਪਣਾ ਕੁਆਰਨਟੀਨ ਸਮਾਂ ਪੂਰਾ ਕਰ ਲਿਆ ਹੈ ਅਤੇ ਸੋਮਵਾਰ ਨੂੰ ਉਹ ਆਪਣੀ ਡਿਊਟੀ ਸੰਭਾਲ ਰਹੇ ਹਨ। ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਮਹਾਜਨ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਬਲਵੀਰ ਰਾਜ ਸਿੰਘ ਦਾ ਪਿਛਲੇ ਦਿਨ ਕੋਰੋਨਾ ਟੈਸਟ ਪੋਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਹੀ ਦੋਵੇਂ ਅਧਿਕਾਰੀ ਕੁਆਰਨਟੀਨ ਸਨ। ਕੁਆਰਨਟੀਨ ਸਮਾਂ ਪੂਰਾ ਕਰਨ ਅਤੇ ਟੈਸਟ ਰਿਪੋਰਟ ਨੈਗੇਟਿਵ ਆਉਣ 'ਤੇ ਇਹ ਅਧਿਕਾਰੀ ਸੋਮਵਾਰ ਤੋਂ ਆਪਣੇ ਦਫ਼ਤਰਾਂ ਵਿੱਚ ਡਿਊਟੀ ਸੰਭਾਲਣਗੇ ਅਤੇ ਇਸ ਦਿਨ ਤੋਂ ਪਬਲਿਕ ਡਿਲਿੰਗ ਲਈ ਇਹ ਦੋਵੇਂ ਦਫ਼ਤਰ ਖੁੱਲ੍ਹੇ ਰਹਿਣਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੋਵੇਂ ਅਧਿਕਾਰੀਆਂ ਦੇ ਸਿਹਤਮੰਦ ਹੋਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦੋਵੇਂ ਅਧਿਕਾਰੀਆਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹੀ ਪਾਏ ਗਏ ਸਨ ਅਤੇ ਉਹ ਸੀਰੀਅਸ ਨਹੀਂ ਸਨ, ਪਰੰਤੂ ਆਪਣੇ ਆਪ ਨੂੰ ਕੁਆਰਨਟੀਨ ਕਰਕੇ ਅਤੇ ਸਿਹਤ ਸੁਰੱਖਿਆ ਸਬੰਧੀ ਹਦਾਇਤਾਂ ਦੀ ਪਾਲਣਾ ਕਰਕੇ ਦੋਵਾਂ ਨੇ ਇਸ ਵਾਇਰਸ 'ਤੇ ਫਤਿਹ ਪਾ ਲਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਵਿਡ-19 ਸਬੰਧੀ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਮੈਡੀਕਲ ਸੁਵਿਧਾ ਉਪਲਬੱਧ ਹਨ ਅਤੇ ਰਿਕਰਵੀ ਰੇਟ ਕਾਫ਼ੀ ਚੰਗਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਪੋਜ਼ੀਟਿਵ ਮਰੀਜ਼ ਹਨ, ਉਹ ਘਬਰਾਉਣ ਨਾ ਅਤੇ ਸਕਰਾਤਮਕ ਸੋਚ ਰੱਖਣ ਅਤੇ ਡਾਕਟਰਾਂ ਦੁਆਰਾ ਦਿੱਤੀ ਗਈ ਸਿਹਤਮੰਦ ਸਲਾਹ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ 'ਮਿਸ਼ਨ ਫਤਿਹ' ਤਹਿਤ ਸਾਵਧਾਨੀਆਂ ਅਪਨਾ ਕੇ ਹੀ ਇਸ ਮਹਾਂਮਾਰੀ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਡਿਊਟੀ 'ਤੇ ਤਾਇਨਾਤ ਹਨ। ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਹੀ ਢੰਗ ਨਾਲ ਮਾਸਕ ਪਹਿਨਣ, ਇਕ ਦੂਸਰੇ ਤੋਂ ਜ਼ਰੂਰੀ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ਆਪਣੇ ਹੱਥ ਧੋਣੇ ਯਕੀਨੀ ਬਣਾਉਣ।

ਪੋਜ਼ੇਟਿਵ ਸੋਚ ਦੇ ਨਾਲ-ਨਾਲ ਸਿਹਤ ਹਦਾਇਤਾਂ ਦੀ ਕੀਤੀ ਪੂਰੀ ਪਾਲਣਾ : ਐਸ.ਡੀ.ਐਮ.
ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਨੇ ਕਿਹਾ ਕਿ ਪੋਜ਼ੇਟਿਵ ਰਿਪੋਰਟ ਆਉਣ 'ਤੇ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੁਆਰਨਟੀਨ ਕੀਤਾ, ਜਿਸ ਦਾ ਫਾਇਦਾ ਇਹ ਹੋਇਆ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦਾ ਸਟਾਫ਼ ਇਸ ਵਾਇਰਸ ਤੋਂ ਬਚਿਆ ਰਿਹਾ। ਉਨ੍ਹਾਂ ਕਿਹਾ ਕਿ ਇਸ ਇਕਾਂਤਵਾਸ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਕੰਮ ਕੀਤਾ, ਜਿਸ ਲਈ ਉਹ ਤਿੰਨ ਟਾਈਮ ਹੈਲਦੀ ਡਾਈਟ ਲੈਂਦੇ ਸਨ। ਇਸ ਤੋਂ ਇਲਾਵਾ ਗਰਮ ਪਾਣੀ ਦਾ ਸੇਵਨ ਕਰਦੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਚੀਜ ਆਪਣੀ ਸੋਚ ਹੈ, ਇਸ ਲਈ ਉਸ ਨੂੰ ਹਮੇਸ਼ਾਂ ਪੋਜੀਟਿਵ ਰੱਖੋ ਅਤੇ ਨੈਗੇਟਿਵ ਵਿਚਾਰਾਂ ਨੂੰ ਆਪਣੇ 'ਤੇ ਭਾਰੀ ਨਾ ਹੋਣ ਦਿਓ। ਆਪਣੇ ਆਪ ਨੂੰ ਖੁਸ਼ ਰੱਖੋ ਅਤੇ ਪਰਮਾਤਮਾ ਦਾ ਸਿਮਰਨ ਕਰੋ, ਜਿਸ ਨਾਲ ਤੁਹਾਨੂੰ ਬਹੁਤ ਹੀ ਪੋਜ਼ੀਟਿਵ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਸਾਵਧਾਨੀਆਂ ਨੂੰ ਅਪਨਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਦੇ ਮਰੀਜ਼ ਮਹਿਸੂਸ ਨਾ ਕਰੋ ਅਤੇ ਡਾਕਟਰ ਦੀ ਸਲਾਹ 'ਤੇ ਹੀ ਕਿਸੇ ਦਵਾਈ ਦਾ ਪ੍ਰਯੋਗ ਕਰੋ।

ਹੈਲਦੀ ਡਾਈਟ ਅਪਨਾਈ ਅਤੇ ਡਾਕਟਰਾਂ ਦੇ ਨਿਰਦੇਸ਼ਾਂ ਦੀ ਕੀਤੀ ਪੂਰੀ ਤਰ੍ਹਾਂ ਪਾਲਣਾ : ਕਮਿਸ਼ਨਰ ਨਗਰ ਨਿਗਮ
ਕਮਿਸ਼ਨਰ ਨਗਰ ਨਿਗਮ ਸ੍ਰੀ ਬਲਵੀਰ ਰਾਜ ਸਿੰਘ ਨੇ ਕਿਹਾ ਕਿ ਰਿਪੋਰਟ ਪੋਜ਼ੇਟਿਵ ਆਉਣ 'ਤੇ ਆਪਣੇ ਆਪ ਨੂੰ ਕੁਆਰਨਟੀਨ ਕਰਨ ਦੇ ਨਾਲ-ਨਾਲ ਉਨ੍ਹਾਂ ਡਾਕਟਰਾਂ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਇਸ ਦੌਰਾਨ ਤਿੰਨ ਟਾਈਮ ਹੈਲਦੀ ਡਾਈਟ ਵੀ ਲਈ ਗਈ। ਗਰਮ ਪਾਣੀ ਪੀਣ ਤੋਂ ਇਲਾਵਾ ਤਿੰਨ ਟਾਈਮ ਸਟੀਮ ਵੀ ਲੈਂਦੇ ਰਹੇ, ਜਿਸ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਵੀ ਮਿਲਿਆ। ਉਨ੍ਹਾਂ ਕਿਹਾ ਕਿ ਕੁਆਰਨਟੀਨ ਸਮੇਂ ਦੌਰਾਨ ਲੋਕਾਂ ਨਾਲ ਮਿਲਣਾ ਨਹੀਂ ਹੁੰਦਾ ਸੀ, ਇਸ ਲਈ ਇਸ ਸਮੇਂ ਕਿਤਾਬਾਂ ਆਪ ਦਾ ਮਨੋਬਲ ਵਧਾਉਣ ਵਿੱਚ ਬਹੁਤ ਸਹਾਇਕ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਕਾਨੂੰਨ ਅਤੇ ਹੋਰ ਵਿਸ਼ਿਆਂ ਨਾਲ ਜੁੜੀਆਂ ਕਿਤਾਬਾਂ ਨੂੰ ਵੀ ਪੜਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡਾ ਸ਼ਡਿਊਲ ਬਹੁਤ ਰੁਝੇਵਿਆਂ ਭਰਿਆ ਹੁੰਦਾ ਹੈ, ਇਸ ਦੌਰਾਨ ਆਪਣਾ ਆਪ ਨੂੰ ਬਹੁਤ ਘੱਟ ਸਮੇਂ ਮਿਲਦਾ ਹੈ, ਪਰੰਤੂ ਇਕਾਂਤਵਾਸ ਦੌਰਾਨ ਧਿਆਨ ਅਤੇ ਯੋਗ ਨੂੰ ਅਪਨਾ ਕੇ ਆਪਣੇ ਲਈ ਸਮਾਂ ਵੀ ਕੱਢਿਆ ਹੈ। ਇਸ ਤੋਂ ਇਲਾਵਾ ਉਹ ਦੋ ਵਕਤ ਸਰੀਰ ਨੂੰ ਮਾਨੀਟਰ ਕਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਆਰਨਟੀਨ ਹੋਣ ਕਾਰਨ ਪਰਿਵਾਰ ਅਤੇ ਦਫ਼ਤਰ ਦਾ ਸਟਾਫ਼ ਸੁਰੱਖਿਅਤ ਰਿਹਾ, ਜਿਸ ਕਾਰਨ ਇਹ ਚੇਨ ਅੱਗੇ ਨਹੀਂ ਵਧੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਦੇਸ਼ ਦਿੰਦੀ ਹੈ, ਇਸ ਲਈ ਲੋਕ ਸਰਕਾਰ ਦੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ।


Bharat Thapa

Content Editor

Related News