ਐਸ.ਡੀ.ਐਮ. ਦਸੂਹਾ ਵਲੋਂ ਕੋਰੋਨਾ ਪ੍ਰਭਾਵਿਤ ਪਿੰਡਾਂ ਦਾ ਕੀਤਾ ਗਿਆ ਨਿਰੀਖਣ

06/03/2020 12:28:15 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ ) -  ਸ੍ਰੀਮਤੀ ਜਯੋਤੀ ਬਾਲਾ ਮੱਟੂ, ਪੀ.ਸੀ.ਐਸ., ਐਸ.ਡੀ.ਐਮ. ਦਸੂਹਾ ਨੇ ਅੱਜ ਸ੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ., ਡਿਪਟੀ ਕਮਿਸ਼ਨਰ, ਹੁਸਿ਼ਆਰਪੁਰ ਜੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਕਰੋਨਾ ਤੋਂ ਪ੍ਰਭਾਵਿਤ ਕੰਟੇਨਮੈਂਟ ਜ਼ੋਨ ਅੰਦਰ ਪੈਂਦੇ ਪਿੰਡ:ਜਲਾਲਪਰੁ, ਰੜਾ, ਗੁਰਾਲਾ, ਅਵਾਨ ਘੋੜੇਸ਼ਾਹ, ਜਨਾਲ ਨੰਗਲ ਅਤੇ ਅਕਬਰਪੁਰ ਆਦਿ ਦਾ ਦੌਰਾ ਕੀਤਾ ਗਿਆ । ਉਨ੍ਹਾਂ ਵਲੋਂ ਇਸ ਮੌਕੇ ਪੁਲਸ ਮਹਿਕਮੇ ਵਲੋਂ ਜਗਾਹ-ਜਗਾਹ 'ਤੇ ਲਗਾਏ ਨਾਕਿਆਂ ਉੱਤੇ ਆਪਣੀ ਤਸੱਲੀ ਪ੍ਰਗਟਾਈ ਗਈ ਅਤੇ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ । ਉਨ੍ਹਾਂ ਵਲੋਂ ਪਿੰਡਾਂ ਦੇ ਸਰਪੰਚਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪਿੰਡ ਦੀ ਮੇਨ ਐਂਟਰੀ `ਤੇ ਨਾਕਾ ਲਗਾ ਕੇ ਰੱਖਣ ਤਾਂ ਜੋ ਕੋਈ ਵੀ ਕੋਰੋਨਾ ਸ਼ੱਕੀ ਵਿਅਕਤੀ ਪਿੰਡ ਦੇ ਅੰਦਰ ਦਾਖਲ ਨਾ ਹੋ ਸਕੇ ਅਤੇ ਨਾ ਹੀ ਕੋਈ ਵਿਅਕਤੀ ਬਿਨਾਂ ਸੂਚਨਾ ਜਾਂ ਪਾਸ ਦੇ ਬਾਹਰ ਜਾ ਸਕੇ । ਕਿਉਂਕਿ ਪਿੰਡ ਜਲਾਲਪੁਰ ਨੰਗਲੀ ਦੇ ਅੰਦਰ ਕੋਰੋਨਾ ਦੇ ਮਰੀਜ਼ ਪਾਏ ਗਏ ਹਨ ਅਤੇ ਕਈ ਵਿਅਕਤੀਆਂ ਨੂੰ ਘਰਾਂ ਦੇ ਅੰਦਰ ਇਕਾਂਤਵਾਸ ਕੀਤਾ ਹੋਇਆ ਹੈ। ਇਸ ਲਈ ਲੋਕ ਆਪਣੇ ਘਰਾਂ ਅੰਦਰ ਰਹਿ ਕੇ ਹੀ ਇਸ ਬਿਮਾਰੀ ਤੋਂ ਬਚਨ। ਉਨ੍ਹਾਂ ਨੇ ਦੱਸਿਆ ਕਿ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000/-ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਲਈ ਅਜਿਹੇ ਵਿਅਕਤੀ ਘਰਾਂ ਵਿਚੋਂ ਬਿਲਕੁਲ ਵੀ ਬਾਹਰ ਨਾ ਆਉਣ । ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਵਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਵਾਸਤੇ ਲੋਕਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅੱਕਤੀ ਨੂੰ ਨਿੱਛਾ, ਰੇਸ਼ਾ, ਸੁੱਕੀ ਖੰਘ, ਬੁਖਾਰ ਨਾ ਟੁੱਟਣਾ, ਸ਼ਰੀਰ ਵਿਚ ਦਰਦਾਂ ਆਦਿ ਕਰੋਨਾ ਦੇ ਲੱਛਣ ਜਾਪਦੇ ਹਨ ਤਾਂ ਉਹ ਤੁਰੰਤ ਡਾਕਟਰੀ ਜਾਂਚ ਕਰਵਾਉਣ ਤਾਂ ਜੋ ਇਸ ਗੰਭੀਰ ਮਹਾਮਾਰੀ ਤੋਂ ਬਚਿਆ ਜਾ ਸਕੇ ਅਤੇ ਆਪਣੇ ਆਪ ਨੂੰ ਇਕਾਂਤਵਾਸ ਵਿਚ ਰੱਖ ਕੇ ਦੂਸਰਿਆਂ ਨੂੰ ਵੀ ਬਚਾਇਆ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਉੱਕਾਰ ਸਿੰਘ, ਨਾਇਬ ਤਹਿਸੀਲਦਾਰ, ਟਾਂਡਾ, ਸ੍ਰੀ ਹਰਗੁਰਦੇਵ ਸਿੰਘ, ਐਸ.ਐਚ.ਓ., ਸ੍ਰੀ ਦਲਜੀਤ ਸਿੰਘ, ਐਸ.ਈ.ਪੀ.ਓ., ਟਾਂਡਾ, ਸ੍ਰੀ ਦਵਿੰਦਰ ਸਿੰਘ ਕਾਨੂੰਗੋ, ਪਟਵਾਰੀ ਅਤੇ ਹੋਰ ਦਫਤਰੀ ਅਮਲਾ ਨਾਲ ਹਾਜਰ ਸਨ ।
 


Harinder Kaur

Content Editor

Related News