ਸਰਪੰਚਾਂ ਨੂੰ ਪਿਛਲੇ 6 ਸਾਲ ਤੋਂ ਮਾਣ ਭੱਤਾ ਨਹੀ ਮਿਲਿਆ

Monday, Dec 30, 2019 - 06:28 PM (IST)

ਸਰਪੰਚਾਂ ਨੂੰ ਪਿਛਲੇ 6 ਸਾਲ ਤੋਂ ਮਾਣ ਭੱਤਾ ਨਹੀ ਮਿਲਿਆ

ਮੁਕੇਰੀਆਂ (ਝਾਵਰ)— ਪੰਜਾਬ ਸਰਕਾਰ ਵੱਲੋਂ ਪਿਛਲੇ 6 ਸਾਲਾਂ ਤੋ ਪਿੰਡਾਂ ਦੇ ਸਰਪੰਚਾਂ ਨੂੰ ਅੱਜ ਤੱਕ ਬਣਦਾ ਮਾਣ-ਭੱਤਾ ਨਹੀਂ ਮਿਲਿਆ ਹੈ, ਜਿਸ ਕਾਰਨ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਦੀ ਪੋਲ ਖੁੱਲ ਕੇ ਸਾਹਮਣੇ ਆ ਰਹੀ ਹੈ। ਇਸ ਸੰਬੰਧੀ ਕਸਬਾ ਮਾਨਸਰ ਵਿਖੇ ਗੱਲਬਾਤ ਕਰਦਿਆ ਪੰਜਾਬ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਨਿਰੋਤਮ ਸਿੰਘ ਸਾਬਾ ਨੇ ਦੱਸਿਆ ਕਿ ਅੱਜੇ ਤੱਕ ਸਰਕਾਰ ਨੇ ਪੰਚਾਇਤਾਂ ਦੇ ਸਰਪੰਚਾਂ ਨੂੰ ਮਾਣ-ਭੱਤਾ ਨਹੀਂ ਦਿੱਤਾ। ਉਨ੍ਹਾਂ ਨੂੰ ਸਰਪੰਚਾਂ ਦੇ ਇਕ ਵਫਦ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਕੰਮ ਵੀ ਰੁੱਕੇ ਪਏ ਹਨ। ਪਿੱਛਲੀਆਂ ਚੋਣਾਂ 'ਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰੇਕ ਘਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਪਰ ਸਰਕਾਰ ਬਣਿਆ ਲਗਭਗ 3 ਸਾਲ ਹੋ ਗਏ ਹਨ, ਇਨ੍ਹਾਂ ਵਾਅਦਿਆ ਨੂੰ ਪੂਰਾ ਨਹੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪੁਰਾਣੇ ਸਰਪੰਚ 5 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ, ਜਿਨ੍ਹਾਂ ਦਾ ਲਗਭਗ 72 ਹਜ਼ਾਰ ਮਾਣ-ਭੱਤਾ ਬਣਦਾ ਹੈ ਅਤੇ ਨਵੇਂ ਸਰਪੰਚ ਵੀ ਇਕ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ। ਉਨ੍ਹਾਂ ਦਾ ਵੀ ਲਗਭਗ 13 ਹਜ਼ਾਰ ਰੁਪਏ ਮਾਣ-ਭੱਤਾ ਬਣਦਾ ਹੈ ਪਰ ਕਿਸੇ ਨੂੰ ਵੀ ਇਹ ਮਾਣ-ਭੱਤਾ ਨਹੀਂ ਮਿਲਿਆ। ਇਸ ਮੌਕੇ ਸਾਬਕਾ ਸਰਪੰਚ ਸਪਤਾਲ ਸਿੰਘ, ਸਾਬਕਾ ਸਰਪੰਚ ਸੁੱਖਾ ਸਿੰਘ ਕੋਲੀਆ, ਸਾਬਕਾ ਸਰਪੰਚ ਸਤਪਾਲ ਸਿੰਘ ਦੁਲਮੀਵਾਲ, ਸਾਬਕਾ ਸਰਪੰਚ ਸਤਪਾਲ ਸਿੰਘ ਬੁਰਛਾ, ਸਰਪੰਚ ਦਲਵਿੰਦਰ ਸਿੰਘ ਬੋਦਲ, ਸਾਬਕਾ ਸਰਪੰਚ ਰਸ਼ਪਿੰਦਰ ਸਿੰਘ ਸਹਿੰਗਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਰਪੰਚਾਂ ਨੂੰ ਕਈ ਖਰਚੇ ਵੀ ਕਰਨੇ ਪੈਂਦੇ ਹਨ। ਵੱਖ-ਵੱਖ ਵਿਭਾਗ ਦੇ ਅਧਿਕਾਰੀ ਸਰਪੰਚਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਕਈ ਤਹਿਸੀਲ ਅਤੇ ਬਲਾਕ ਪੱਧਰ ਦੀਆਂ ਮੀਟਿੰਗਾਂ ਵਿੱਚ ਵੀ ਸਰਪੰਚਾਂ ਨੂੰ ਜਾਣਾ ਪੈਂਦਾ ਹੈ। ਸਰਪੰਚਾਂ ਦਾ ਜੋ ਖਰਚਾ ਹੁੰਦਾ ਹੈ ਇਹ ਸਰਕਾਰ ਨਹੀਂ ਦਿੰਦੀ ਹੈ।


author

shivani attri

Content Editor

Related News