ਕੈਨੇਡਾ ''ਚ ਬੁੱਢੇ ਦਰਿਆ ਦੀ ਕਾਰ ਸੇਵਾ ਦੀ ਚਰਚਾ, ਗੁਰੂ ਘਰਾਂ ''ਚ ਸੰਤ ਸੀਚੇਵਾਲ ਦਾ ਸਨਮਾਨ

Monday, Jun 30, 2025 - 03:55 PM (IST)

ਕੈਨੇਡਾ ''ਚ ਬੁੱਢੇ ਦਰਿਆ ਦੀ ਕਾਰ ਸੇਵਾ ਦੀ ਚਰਚਾ, ਗੁਰੂ ਘਰਾਂ ''ਚ ਸੰਤ ਸੀਚੇਵਾਲ ਦਾ ਸਨਮਾਨ

ਸੁਲਤਾਨਪੁਰ ਲੋਧੀ (ਅਸ਼ਵਨੀ)- ਕੈਨੇਡਾ ਦੀ ਫੇਰੀ 'ਤੇ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਗੁਰੂ ਘਰਾਂ 'ਚ ਹੋਏ ਸਮਾਗਮਾਂ ਦੌਰਾਨ ਬੁੱਢੇ ਦਰਿਆ ਦੇ ਪ੍ਰਦੂਸ਼ਣ, ਜਲਵਾਯੂ ਤਬਦੀਲੀਆਂ ਦਾ ਪੰਜਾਬ ਦੀ ਖੇਤੀ 'ਤੇ ਪੈ ਰਿਹਾ ਅਸਰ ਅਤੇ ਪੰਜਾਬ ਦੇ ਸੁੱਕ ਰਹੇ ਨਦੀਆਂ ਅਤੇ ਦਰਿਆਵਾਂ ਦੀ ਚਰਚਾ ਕੀਤੀ ਗਈ।  ਉਨ੍ਹਾਂ ਗੁਰੂ ਘਰ 'ਚ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਪਵਿੱਤਰ ਵੇਂਈ ਦੀ 25ਵੀਂ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਸੰਗਤਾਂ ਨੂੰ ਸੰਬੋਧਨ ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਦਾ ਜਲ ਕਾਰ ਸੇਵਾ ਰਾਹੀ ਇੰਨਾ ਸਾਫ਼ ਹੋ ਗਿਆ ਹੈ ਕਿ ਇਸ ਦਾ ਟੀ. ਡੀ. ਐੱਸ. ਹੁਣ 125 ਤੱਕ ਆ ਗਿਆ ਹੈ। ਉਧਰ ਕੈਨੇਡਾ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੈ ਕਿ ਪ੍ਰਦੂਸ਼ਣ ਖ਼ਿਲਾਫ਼ ਸੰਤ ਸੀਚੇਵਾਲ ਵੱਲੋਂ ਛੇੜੀ ਜੰਗ ਵਿੱਚ ਵੱਧ ਚੜ੍ਹ ਕਿ ਸਹਿਯੋਗ ਦੇਣ।

ਇਹ ਵੀ ਪੜ੍ਹੋ: Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ

ਸੰਤ ਸੀਚੇਵਾਲ ਨੇ ਸੰਗਤਾਂ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ ਬੁੱਢੇ ਦਰਿਆ ਨੂੰ ਪਵਿੱਤਰ ਵੇਂਈ ਦੀ ਤਰਜ਼ 'ਤੇ ਸਾਫ਼ ਕਰਨ ਦੀ ਕਾਰ ਸੇਵਾ ਆਰੰਭ ਕੀਤੀ ਗਈ ਹੈ, ਜੋਕਿ ਪਵਿੱਤਰ ਵੇਂਈ ਵਾਂਗ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। 
ਲੁਧਿਆਣਾ ਦੇ ਗਾਊ ਘਾਟ ਅਸਥਾਨ ‘ਤੇ ਸੰਨ 1515 ਵਿੱਚ ਗੁਰੁ ਸਾਹਿਬ ਆਏ ਸਨ। ਉਥੇ ਦੀਆਂ ਸੰਗਤਾਂ ਵੱਲੋਂ ਬੁੱਢੇ ਦਰਿਆ ਵੱਲੋਂ ਮਚਾਈ ਜਾਂਦੀ ਤਬਾਹੀ ਤੋਂ ਬਚਾਉਣ ਲਈ ਬੇਨਤੀ ਅਰਦਾਸ ਕੀਤੀ। ਸਾਖੀ ਅਨੁਸਾਰ ਗੁਰੁ ਸਾਹਿਬ ਨੇ ਇਹ ਬਚਨ ਕੀਤੇ ਸਨ ਕਿ ਇਹ ਦਰਿਆ ਇੱਥੋਂ ਬੁੱਢਾ ਹੋ ਕੇ ਵਗੇਗਾ ਅਤੇ ਸੱਤ ਕੋਹ ਦੂਰ ਚਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ ਦਿਨਾਂ ਦਾ ਹਾਲ

ਸੰਤ ਸੀਚੇਵਾਲ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਚੱਲੀ ਰਹੀ ਕਾਰ ਸੇਵਾ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਬੁੱਢੇ ਦਰਿਆ ਦੇ ਪੇਂਡੂ ਇਲਾਕੇ 'ਚ 79 ਡੇਅਰੀਆਂ ਦਾ ਗੋਹਾ ਪੈ ਰਿਹਾ ਸੀ। ਇਸ 'ਚ 8 ਪਿੰਡਾਂ ਦਾ ਗੰਦਾ ਪਾਣੀ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ 8 ਪਿੰਡਾਂ ਦੇ ਗੰਦੇ ਪਾਣੀਆਂ ਦਾ ਪ੍ਰਬੰਧ ਸੀਚੇਵਾਲ ਮਾਡਲ ਤਹਿਤ ਕੀਤਾ ਗਿਆ। 79 ਡੇਅਰੀਆਂ ਵਿੱਚੋਂ ਬਹੁਤਿਆ ਗੋਹਾ ਵੀ ਬੰਦ ਕਰਵਾਇਆ ਗਿਆ।

ਕੈਨੇਡਾ 'ਚ ਵੱਸਦੇ ਪੰਜਾਬੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਜਿੱਥੇ ਤਹਿ ਦਿਲੋਂ ਸਵਾਗਤ ਕੀਤਾ ਉਥੇ ਪੰਜਾਬ ਦੇ ਨਦੀਆਂ ਅਤੇ ਦਰਿਆਵਾਂ ਨੂੰ ਸਾਫ਼ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਪ੍ਰਵਾਸੀ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਪ੍ਰਬੰਧਕਾਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਤੋਂ ਬਚਣ ਦੀ ਲੋੜ ਹੈ। ਇਸ ਨਾਲ ਸਮੁੱਚੇ ਭਾਈਚਾਰੇ ਦੇ ਮਾਣ ਸਨਮਾਨ ਨੂੰ ਸੱਟ ਵੱਜਦੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਸੰਤ ਸੀਚੇਵਾਲ ਜੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਵੱਲੋਂ ਸੀਚੇਵਾਲ ਮਾਡਲ ਰਾਹੀ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ।

ਇਹ ਵੀ ਪੜ੍ਹੋ: ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ ਕੀਤਾ ਇਹ ਵੱਡਾ ਮੁਕਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News