'ਰੂਹ ਪੰਜਾਬ ਦੀ' ਵੱਲੋਂ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ
Saturday, Jul 26, 2025 - 04:58 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੱਛਮੀ ਮੈਲਬੌਰਨ ਦੇ ਹੋਪਰ ਕਰੋਸਿੰਗ ਇਲਾਕੇ ਵਿੱਚ ਸਥਿਤ ਡ੍ਰੀਮਬਿਲ੍ਡਰਜ਼ ਚਰਚ ਵਿਖ਼ੇ ਬੀਤੇ ਸ਼ਨੀਵਾਰ ਨੂੰ 'ਰੂਹ ਪੰਜਾਬ ਦੀ' ਭੰਗੜਾ ਅਕਾਦਮੀ ਵਲੋਂ 'ਪੰਜਾਬੀ ਵਿਰਸਾ 2025' ਨਾਂ ਹੇਠ ਕਰਵਾਇਆ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਸਫਲ ਹੋ ਨਿਬੜਿਆ। ਪੰਜਾਬ ਦੇ ਰਵਾਇਤੀਂ ਲੋਕ ਨਾਚ ਗਿੱਧੇ ਅਤੇ ਭੰਗੜੇ ਨੂੰ ਵਿਦੇਸ਼ਾਂ ਵਿੱਚ ਜਿਉਂਦਾ ਰੱਖਣ ਦੇ ਮੰਤਵ ਨਾਲ ਕਰਵਾਏ ਗਏ ਇਸ ਮੇਲੇ ਵਿੱਚ ਛੋਟੇ ਬੱਚਿਆਂ, ਨੌਜਵਾਨਾਂ ਅਤੇ ਮੁਟਿਆਰਾਂ ਨੇ ਭਾਗ ਲਿਆ। ਇਸ ਮੌਕੇ ਫਗਵਾੜੇ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲਵਿੰਦਰ ਢੋਲੀ ਅਤੇ ਭਿੰਦਾ ਅੰਮ੍ਰਿਤਸਰ ਵਲੋਂ ਲੋਕ ਬੋਲੀਆਂ ਅਤੇ ਰਵਾਇਤੀ ਭੰਗੜੇ ਦੀ ਪੇਸ਼ਕਾਰੀ ਨੇ ਪੰਜਾਬ ਦੇ ਯੂਥ ਫੈਸਟੀਵਲ ਦਾ ਝਲਕਾਰਾ ਦੇ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਖ਼ਤਮ ਨਹੀਂ ਹੋਵੇਗੀ birthright citizenship! Trump ਨੂੰ ਵੱਡਾ ਝਟਕਾ
ਪੰਜਾਬੀ ਪਹਿਰਾਵੇ ਵਿੱਚ ਸਜੇ ਪ੍ਰਤੀਯੋਗੀਆਂ ਨੇ ਪੰਜਾਬੀ ਗੀਤਾਂ, ਲੋਕ ਬੋਲੀਆਂ, ਗਿੱਧਾ-ਭੰਗੜਾ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਵੱਖ-ਵੱਖ ਵੰਨਗੀਆਂ ਤੇ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਜ਼ਿਕਰਯੋਗ ਹੈ ਕਿ ਮੈਲਬੌਰਨ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਰਜ਼ਸ਼ੀਲ 'ਰੂਹ ਪੰਜਾਬ ਦੀ' ਨੂੰ ਭੰਗੜਾ ਅਕਾਦਮੀ ਰਵਾਇਤੀ ਲੋਕ ਨਾਚਾਂ ਨੂੰ ਸਜੀਵ ਰੱਖਣ ਵਿੱੱਚ ਕਾਮਯਾਬ ਹੋਈ ਹੈ। ਭੰਗੜਾ ਕੋਚ ਮਨਜਿੰਦਰ ਸੈਣੀ, ਹਰਜੀਤ ਸਿੰਘ ਅਤੇ ਹੋਰ ਪ੍ਰਬੰਧਕਾਂ ਦੀ ਦੇਖ-ਰੇਖ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਕੁਝ ਬੱਚਿਆਂ ਦੇ ਮਾਪਿਆਂ ਨੇ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਲੋਕ ਗਾਇਕ ਰਾਜ ਸੋਹਲ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਂਦਿਆਂ ਸਮੂਹ ਪ੍ਰਬੰਧਕਾਂ ਨੂੰ ਇਸ ਨਿਵੇਕਲੇ ਉੱਦਮ ਲਈ ਮੁਬਾਰਕਬਾਦ ਦਿੱਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਦੀਪ ਸਿੱਧੂ ਅਤੇ ਰੁਪਿੰਦਰ ਕੌਰ ਬੱਤਰਾ ਵੱਲੋਂ ਬਾਖੂਬੀ ਨਿਭਾਈ ਗਈ। ਸਮੂਹ ਪ੍ਰਬੰਧਕਾਂ ਵੱਲੋਂ ਹਾਜ਼ਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।