ਰਾਣੀਪੁਰ ਰਾਜਪੂਤਾਂ ਤੋਂ ਭਾਖੜੀਆਣਾ ਲਿੰਕ ਰੋਡ ਦੀ ਤਰਸਯੋਗ ਹਾਲਤ ਬਰਸਾਤ ‘ਚ ਰਾਹਗੀਰਾਂ ਲਈ ਬਣੀ ਮੁਸੀਬਤ
Sunday, Jul 13, 2025 - 10:04 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਨਜਦੀਕੀ ਪਿੰਡ ਰਾਣੀਪੁਰ ਰਾਜਪੂਤਾਂ ਤੋਂ ਭਾਖੜੀਆਣਾ ਨੂੰ ਜਾਣ ਵਾਲੀ ਲਿੰਕ ਸੜਕ ਦੀ ਖਸਤਾ ਹਾਲਤ ਨਾਲ ਇਥੋਂ ਰੋਜਾਨਾ ਲੰਘਣ ਵਾਲੇ ਰਾਹਗੀਰ ਬਹੁਤ ਪਰੇਸ਼ਾਨ ਹਨ। ਸੜਕ ਵਿਚਾਲੇ ਵੱਡੇ ਤੇ ਡੂੰਘ ਟੋਏ ਪਏ ਹੋ ਹਨ ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ, ਵਾਹਨ ਚਾਲਕਾਂ ਅਤੇ ਇਲਾਕਾ ਨਿਵਾਸੀਆਂ ਨੇ ਰੋਸ ਭਰੇ ਲਹਿਜੇ ‘ਚ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਲੋਕਲ ਆਗੂ ਪਿੰਡਾਂ ਦਾ ਸਰਬ ਪੱਖੀ ਵਿਕਾਸ ਕਰਾਉਣ ਦੀ ਗੱਲ ਕਰਦੇ ਹਨ ਤੇ ਦੂਸਰੇ ਪਾਸੇ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਬੇਹਦ ਖਸਤਾ ਹੈ। ਬਰਸਾਤ ਦਾ ਮੌਸਮ ਹੋਣ ਕਰਕੇ ਇਸ ਲਿੰਕ ਰੋਡ ਵਿਚ ਡੂੰਘੇ ਟੋਏ ਅਕਸਰ ਪਾਣੀ ਨਾਲ ਭਰ ਜਾਂਦੇ ਹਨ ਅਤੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਰਾਤ ਸਮੇਂ ਹਾਦਸਿਆਂ ਦਾ ਖਤਰਾ ਹੋਰ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸੜਕ ਦੀ ਮੁੜ ਉਸਾਰੀ ਨਾ ਹੋਈ ਤਾਂ ਇਹ ਡੂੰਘੇ ਟੋਏ ਮੌਤ ਦਾ ਖੂਹ ਸਾਬਿਤ ਹੋਣਗੇ। ਉਹਨਾਂ ਕਿਹਾ ਕਿ ਆਮ ਤੌਰ ਤੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਉਪਰ ਪੈਚ ਵਰਕ ਕਰ ਦਿੱਤਾ ਜਾਂਦਾ ਹੈ ਜੋ ਇਕ ਬਰਸਾਤ ਵੀ ਨਹੀਂ ਝੱਲਦਾ ਅਤੇ ਸੜਕ ਦੀ ਹਾਲਤ ਪਹਿਲਾਂ ਨਾਲੋਂ ਜਿਆਦਾ ਤਰਸਯੋਗ ਹੋ ਜਾਂਦੀ ਹੈ। ਉਹਨਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁੜ ਉਸਾਰੀ ਕਰਵਾਈ ਜਾਵੇ ਅਤੇ ਸੜਕ ਦੀ ਚੋੜਾਈ ਵਧਾਈ ਜਾਵੇ ਕਿਉਂਕਿ ਸੜਕ ਕਾਫੀ ਤੰਗ ਹੋਣ ਨਾਲ ਵਾਹਨਾਂ ਨੂੰ ਓਵਰਟੇਕ ਕਰਨਾ ਵੀ ਮੁਸ਼ਕਲ ਹੁੰਦਾ ਹੈ।