550ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਦੇ ਸਾਰੇ ਪਿੰਡਾਂ ''ਚ 550 ਬੂਟੇ ਲਾਏ ਜਾਣ : ਸੰਤ ਸੀਚੇਵਾਲ
Wednesday, May 29, 2019 - 11:10 AM (IST)

ਸੁਲਤਾਨਪੁਰ ਲੋਧੀ (ਧੀਰ)— ਨਿਰਮਲ ਕੁਟੀਆ ਸੀਚੇਵਾਲ 'ਚ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 31ਵੀਂ ਬਰਸੀ ਮਨਾਈ ਗਈ। ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਦਾ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 12 ਨਵੰਬਰ ਨੂੰ ਆ ਰਹੇ 550ਵੇਂ ਪ੍ਰਕਾਸ਼ ਪੁਰਬ ਤੱਕ ਪੰਜਾਬ ਦੇ ਸਾਰੇ ਪਿੰਡਾਂ 'ਚ 550 ਬੂਟੇ ਲਾਏ ਜਾਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਮੁੱਚੇ ਸੰਸਾਰ ਦਾ ਭਲਾ ਕਰਨਾ ਹੈ। ਇਸ 'ਚ ਇਕੱਲੇ ਮਨੁੱਖ ਨਹੀਂ ਸਗੋਂ ਪਸ਼ੂ-ਪੰਛੀ, ਬਨਸਪਤੀ ਤੇ ਇਸ ਧਰਤੀ 'ਤੇ ਵਗਦੇ ਪਾਣੀਆਂ ਦੇ ਕੁਦਰਤੀ ਸਰੋਤ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ, ਜਿਥੇ ਹਰ ਵੇਲੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ, ਉਥੇ ਹੀ ਗੁਰੂਆਂ ਵੱਲੋਂ ਦਿੱਤੇ ਗਏ ਸੁਨੇਹਿਆਂ ਦੇ ਉਲਟ ਵਾਤਾਵਰਣ ਨੂੰ ਤਬਾਹ ਕੀਤਾ ਜਾ ਰਿਹਾ ਹੈ। ਗੁਰਬਾਣੀ ਮਨੁੱਖ ਨੂੰ ਕਾਦਰ ਦੀ ਕੁਦਰਤ ਨਾਲ ਜੋੜਦੀ ਹੈ ਪਰ ਮਨੁੱਖ ਦਾ ਲਾਲਚ ਕੁਦਰਤ ਦੀਆਂ ਦਾਤਾਂ ਨੂੰ ਮੁੱਢੋਂ ਹੀ ਤਬਾਹੀ ਵੱਲ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਨੂੰ ਬਚਾਉਣ ਲਈ ਸੂਬੇ 'ਚ ਚੱਪੇ-ਚੱਪੇ 'ਤੇ ਰੁੱਖ ਲਾਏ ਜਾਣ।
ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇ. ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੀਮਾਨ ਸੰਤ ਅਵਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਚੱਲ ਕੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੀ ਅਪੀਲ ਕੀਤੀ।
ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਸੰਤ ਜਗਜੀਤ ਸਿੰਘ, ਜਿਆਣ ਸਾਹਿਬ ਤੋਂ ਸੰਤ ਬਲਬੀਰ ਸਿੰਘ ਰੱਬਜੀ, ਨਿਰਮਲਾ ਸੰਤ ਮੰਡਲ ਦੇ ਮੁਖੀ ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਖੁਖਰੈਣ ਤੋਂ ਸੰਤ ਅਮਰੀਕ ਸਿੰਘ, ਸੰਤ ਤੇਜਾ ਸਿੰਘ ਖੁੱਡਾ, ਸੰਤ ਅਜੈਬ ਸਿੰਘ ਲੋਪੋ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਮਾਸਟਰ ਭਗਵਾਨ ਸਿੰਘ ਜੌਹਲ, ਪਰਮਜੀਤ ਸਿੰਘ ਰਾਏਪੁਰ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ, ਸਰਪੰਚ ਤੀਰਥ ਸਿੰਘ ਹੁੰਦਲ ਅਤੇ ਹੋਰ ਆਗੂ ਹਾਜ਼ਰ ਸਨ।